
ਗੋਲਡੀ ਬਰਾੜ ਦੇ ਨਾਂਅ ਨਾਲ ਵਿਦੇਸ਼ੀ ਨੰਬਰ ਤੋਂ ਆਏ ਵੋਆਇਸ ਨੋਟ ਤੇ ਕਾਲ
ਦਿੱਲੀ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਕੀਤੀ ਸੁਰੱਖਿਆ ਦੀ ਮੰਗ
ਕਿਹਾ, ਜ਼ਿੰਦਗੀ 'ਚ ਸਿਰਫ਼ ਮੌਤ ਦਾ ਖ਼ੌਫ਼ ਸੀ ਤੇ ਧਮਕੀ ਤੋਂ ਬਾਅਦ ਬਹੁਤ ਡਰਿਆ ਹੋਇਆ ਹਾਂ
ਨਵੀਂ ਦਿੱਲੀ : ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਗਾਇਕ ਨੇ ਦਿੱਲੀ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ।
ਇਹ ਵੀ ਪੜ੍ਹੋ: ਭਾਰਤ ਨੇ ਸੰਯੁਕਤ ਰਾਸ਼ਟਰ ’ਚ ਚੀਨ ’ਤੇ ਨਿਸ਼ਾਨਾ ਲਾਇਆ
ਇਸ ਮੌਕੇ ਮੀਡੀਆ ਨਾਲ ਗਲਬਾਤ ਕਰਦਿਆਂ ਹਨੀ ਸਿੰਘ ਨੇ ਦਸਿਆ ਕਿ ਉਸ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ਨਾਲ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਦਿਤੀ ਹੈ। ਕਥਿਤ ਤੌਰ 'ਤੇ ਗੋਲਡੀ ਬਰਾੜ ਦੇ ਨਾਂਅ ਨਾਲ ਹਨੀ ਨੂੰ ਵੌਇਸ ਨੋਟ ਅਤੇ ਕਾਲ ਰਾਹੀਂ ਧਮਕੀ ਦਿਤੀ ਹੈ।
ਰੈਪਰ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਵੋਆਇਸ ਨੋਟ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਹਨੀ ਸਿੰਘ ਨੇ ਦਸਿਆ ਕਿ ਜਿਹੜੇ ਵੀ ਸਬੂਤ ਉਨ੍ਹਾਂ ਕੋਲ ਮੌਜੂਦ ਸਨ ਉਹ ਪੁਲਿਸ ਦੇ ਹਵਾਲੇ ਕੀਤੇ ਗਏ ਹਨ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਇਸ ਮੌਕੇ ਹਨੀ ਸਿੰਘ ਨੇ ਦਸਿਆ ਕਿ ਜ਼ਿੰਦਗੀ ਵਿਚ ਉਨ੍ਹਾਂ ਨੂੰ ਸਿਰਫ਼ ਮੌਤ ਦਾ ਖ਼ੌਫ਼ ਸੀ ਅਤੇ ਹੁਣ ਇਸ ਧਮਕੀ ਭਰੀ ਕਾਲ ਤੋਂ ਬਾਅਦ ਉਹ ਬਹੁਤ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਤੋਂ ਬਾਅਦ ਹੀ ਬਾਕੀ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਨਗੇ।