
ਫਰਨਾਂਡੀਜ਼ ਨੇ ਆਪਣੀ ਮਾਂ ਨੂੰ ਮਿਲਣ ਲਈ 23 ਦਸੰਬਰ ਤੋਂ 5 ਜਨਵਰੀ ਤੱਕ ਬਹਿਰੀਨ ਜਾਣ ਦੀ ਇਜਾਜ਼ਤ ਮੰਗੀ ਸੀ।
ਨਵੀਂ ਦਿੱਲੀ: ਮਨੀ ਲਾਂਡਰਿੰਗ ਮਾਮਲੇ ਵਿਚ ਜਾਂਚ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੇ ਵੀਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਵਿਦੇਸ਼ ਜਾਣ ਦੀ ਇਜਾਜ਼ਤ ਮੰਗਣ ਵਾਲੀ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਜੱਜ ਨੇ ਕਿਹਾ ਕਿ ਪਹਿਲਾਂ ਦੋਸ਼ ਤੈਅ ਕੀਤੇ ਜਾਣ, ਜਿਸ ਤੋਂ ਬਾਅਦ ਅਦਾਕਾਰਾ ਨੇ ਅਦਾਲਤ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ।
ਫਰਨਾਂਡੀਜ਼ ਨੇ ਆਪਣੀ ਮਾਂ ਨੂੰ ਮਿਲਣ ਲਈ 23 ਦਸੰਬਰ ਤੋਂ 5 ਜਨਵਰੀ ਤੱਕ ਬਹਿਰੀਨ ਜਾਣ ਦੀ ਇਜਾਜ਼ਤ ਮੰਗੀ ਸੀ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਫਰਨਾਂਡੀਜ਼ ਨੂੰ ਕਿਹਾ, ''ਤੁਸੀਂ ਆਪਣੀ ਬੀਮਾਰ ਮਾਂ ਨੂੰ ਮਿਲਣ ਜਾਣਾ ਚਾਹੁੰਦੇ ਹੋ। ਅਸੀਂ ਸਾਰੇ ਆਪਣੇ ਮਾਪਿਆਂ ਬਾਰੇ ਭਾਵੁਕ ਹੋ ਜਾਂਦੇ ਹਾਂ, ਪਰ ਮੁਕੱਦਮਾ ਇਸ ਸਮੇਂ ਨਾਜ਼ੁਕ ਪੜਾਅ 'ਤੇ ਹੈ। ਤੁਸੀਂ ਪਟੀਸ਼ਨ ਵਾਪਸ ਲੈ ਸਕਦੇ ਹੋ ਅਤੇ ਪਹਿਲਾਂ ਦੋਸ਼ ਆਇਦ ਕੀਤੇ ਜਾਣੇ ਚਾਹੀਦੇ ਹਨ। ਨਹੀਂ ਤਾਂ ਮੈਂ ਨਿਆਂਇਕ ਹੁਕਮ ਦੇਵਾਂਗਾ।"
ਅਭਿਨੇਤਰੀ ਨੇ ਫਿਰ ਆਪਣੇ ਵਕੀਲਾਂ ਨਾਲ ਗੱਲਬਾਤ ਕੀਤੀ ਅਤੇ ਅਦਾਲਤ ਨੂੰ ਦੱਸਿਆ ਕਿ ਉਹ "ਫਿਲਹਾਲ" ਆਪਣੀ ਪਟੀਸ਼ਨ ਵਾਪਸ ਲੈ ਰਹੀ ਹੈ। ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਉਹ ਵਿਦੇਸ਼ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਵਾਪਸ ਨਾ ਪਰਤੇ। ਈਡੀ ਨੇ ਕਿਹਾ, “ਉਹ ਇਕ ਵਿਦੇਸ਼ੀ ਨਾਗਰਿਕ ਹੈ। ਭਾਵੇਂ ਉਸ ਦਾ ਇੱਥੇ ਕਰੀਅਰ ਹੈ, ਉਹ ਕਿਤੇ ਹੋਰ ਵੀ ਕਰੀਅਰ ਬਣਾ ਸਕਦੀ ਹੈ।"
ਪਟੀਸ਼ਨ ਵਾਪਸ ਲੈਣ ਤੋਂ ਪਹਿਲਾਂ ਅਭਿਨੇਤਰੀ ਨੇ ਅਦਾਲਤ ਨੂੰ ਦੱਸਿਆ ਕਿ ਪਹਿਲਾਂ ਜਾਂਚ ਦੌਰਾਨ ਉਸ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਉਸ ਨੇ ਕਿਹਾ ਕਿ ਈਡੀ ਨੇ ਉਸ ਦੀ ਪਟੀਸ਼ਨ ਦਾ ਵਿਰੋਧ ਕੀਤਾ ਸੀ ਪਰ ਦਿੱਲੀ ਹਾਈ ਕੋਰਟ ਨੇ ਇਸ ਦੀ ਇਜਾਜ਼ਤ ਦਿੱਤੀ ਸੀ।