
ਕਿਰਸਾਨੀ ਅੰਦੋਲਨ ਦੌਰਾਨ ਬਜ਼ੁਰਗ ਬੀਬੀ ਮਹਿੰਦਰ ਕੌਰ ਦੀ ਤਸਵੀਰ ਸਾਂਝੀ ਕਰ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਗਈਆਂ ਹਨ। ਕਿਰਸਾਨੀ ਅੰਦੋਲਨ ਦੌਰਾਨ ਬਜ਼ੁਰਗ ਬੀਬੀ ਮਹਿੰਦਰ ਕੌਰ ਬਾਰੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕੰਗਨਾ ਨੂੰ 19 ਅਪ੍ਰੈਲ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਹੋਏ ਹਨ। ਦੱਸਣਯੋਗ ਹੈ ਕਿ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾਂ ਬਜ਼ੁਰਗ ਬੀਬੀ ਮਹਿੰਦਰ ਕੌਰ ਨੂੰ ਲੈ ਕੇ ਕੰਗਨਾ ਨੇ ਇਹ ਟਵੀਟ ਕੀਤਾ ਸੀ।
Kangana Ranaut
ਜਿਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਨੇ ਬਠਿੰਡਾ ਕੋਰਟ ਵਿੱਚ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ। ਬੀਬੀ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ 4 ਜਨਵਰੀ 2021 ਨੂੰ ਅਦਾਲਤ ਵਿੱਚ ਕੇਸ ਦਰਜ ਕੀਤਾ ਸੀ ਜਿਸ ਦੀ ਸੁਣਵਾਈ ਲਗਭਗ 13 ਮਹੀਨੇ ਚੱਲੀ ਅਤੇ ਹੁਣ ਅਦਾਲਤ ਨੇ ਕੰਗਣਾ ਨੂੰ ਸੰਮਨ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਕੰਗਨਾ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
mahinder kaur
ਜ਼ਿਕਰਯੋਗ ਹੈ ਕਿ ਕੰਗਨਾ ਰਨੌਤ ਨੇ ਕਿਰਸਾਨੀ ਅੰਦੋਲਨ ਵਿੱਚ ਸ਼ਾਮਲ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝ ਲਿਆ ਸੀ, ਜੋ ਸ਼ਾਹੀਨ ਬਾਗ ਵਿੱਚ ਐਂਟੀ ਸੀ.ਏ.ਏ. ਪ੍ਰੋਟੈਸਟ ਦਾ ਚਿਹਰਾ ਰਹੀ ਸੀ। ਮਹਿੰਦਰ ਕੌਰ ਨੇ ਕਿਹਾ ਕਿ ਕੰਗਨਾ ਨੇ ਉਸ ਦੀ ਤੁਲਨਾ ਕਿਸੇ ਦੂਜੀ ਔਰਤ ਨਾਲ ਕੀਤੀ। ਉਸ ਨੇ ਕਿਹਾ ਕਿ ਕੰਗਨਾ ਦੇ ਟਵੀਟ ਨਾਲ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਹੋਈ। ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ, ਗੁਆਂਢੀਆਂ, ਪਿੰਡ ਵਾਲਿਆਂ ਤੇ ਆਮ ਲੋਕਾਂ ਵਿਚਾਲੇ ਉਸਦੇ ਅਕਸ ਨੂੰ ਠੇਸ ਪਹੁੰਚੀ ਹੈ।
photo
ਮਹਿੰਦਰ ਕੌਰ ਦੀ ਫੋਟੋ ਲਗਾ ਕਿਹਾ ਸੀ 100-100 ਰੁਪਏ ਦੀ ਦਿਹਾੜੀਆਂ 'ਤੇ ਆਏ ਹਨ। ਜਿਸ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਬਠਿੰਡਾ ਦੀ ਇੱਕ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਬੀਬੀ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਮੁਤਾਬਿਕ ਸ਼ਿਕਾਇਤ ਭਾਰਤੀ ਦੰਡਾਵਲੀ ਦੀ ਧਾਰਾ 499 (ਮਾਨਹਾਨੀ) ਅਤੇ 500 (ਮਾਨਹਾਨੀ ਦੀ ਸਜ਼ਾ) ਤਹਿਤ ਦਰਜ ਕੀਤੀ ਗਈ ਸੀ।