
ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਆਦਿਤਿਆ ਠਾਕਰੇ ਸਮੇਤ ਕਈ ਸਿਆਸਤਦਾਨ ਬਣੇ ਬਰਾਤੀ
ਉਦੈਪੁਰ: ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਐਤਵਾਰ ਨੂੰ ਵਿਆਹ ਦੇ ਬੰਧਨ ’ਚ ਬੱਝ ਗਏ। ਦੋਵੇਂ ਅਪਣੇ ਪ੍ਰਵਾਰਾਂ ਨਾਲ ਸ਼ੁਕਰਵਾਰ ਨੂੰ ਵਿਆਹ ਕਰਵਾਉਣ ਲਈ ਉਦੈਪੁਰ ਪੁੱਜੇ ਸਨ। ਅੱਜ ਸ਼ਾਮ ਸਹਿਰਾਬੰਦੀ ਤੋਂ ਬਾਅਦ, ਰਾਘਵ ਅਪਣੀ ਬਾਰਾਤ ਨਾਲ ਤਾਜ ਲੇਕ ਪੈਲੇਸ ਤੋਂ ਕਿਸ਼ਤੀਆਂ ਰਾਹੀਂ ਲੀਲਾ ਪੈਲੇਸ ਲਈ ਰਵਾਨਾ ਹੋਏ ਸੂਰਜ ਡੁੱਬਣ ਦੇ ਮਨਮੋਹਕ ਨਜ਼ਾਰੇ ਵਿਚਕਾਰ ਵਿਆਹ ਦੀ ਮੁੱਖ ਰਸਮ ਹੋਈ। ਮਨੀਸ਼ ਮਲਹੋਤਰਾ, ਸਾਨੀਆ ਮਿਰਜ਼ਾ ਅਤੇ ਹਰਭਜਨ ਸਿੰਘ ਸਮੇਤ ਕਈ ਪਰਿਵਾਰਕ ਮੈਂਬਰ, ਦੋਸਤ ਅਤੇ ਸਿਆਸਤਦਾਨ ਇਸ ਚਿਰਉਡੀਕਵੇਂ ਸ਼ਾਹੀ ਵਿਆਹ ਲਈ ਉਦੈਪੁਰ ’ਚ ਸਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਯੁਵਾ ਸੈਨਾ ਦੇ ਆਦਿਤਿਆ ਠਾਕਰੇ ਵੀ ਉਦੈਪੁਰ ’ਚ ਸਨ ਅਤੇ ਰਾਘਵ ਚੱਢਾ ਦੀ ਬਰਾਤ ਦਾ ਹਿੱਸਾ ਸਨ। ਇਸ ਮੌਕੇ ਅਰਵਿੰਦ ਕੇਜਰੀਵਾਲ ਨੂੰ ਪੱਗ ਬੰਨ੍ਹੀ ਵੇਖਿਆ ਗਿਆ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਵੀ ਲਾੜੇ ਦੇ ਪੱਖ ਤੋਂ ਆਏ ਮਹਿਮਾਨਾਂ ’ਚ ਸ਼ਾਮਲ ਹਨ।
ਜੈਮਾਲਾ ਅਤੇ ਫੇਰੇ ਸ਼ਾਮ ਲਗਭਗ 4:30 ਵਜੇ ਹੋਏ। ਵਿਆਹ ਦੇ ਪ੍ਰੋਗਰਾਮ ’ਚ ਕਿਸੇ ਪੱਤਰਕਾਰ ਨੂੰ ਦਾਖ਼ਲ ਨਹੀਂ ਹੋਣ ਦਿਤਾ ਗਿਆ ਅਤੇ ਉਨ੍ਹਾਂ ਨੂੰ ਦੂਰ ਤੋਂ ਹੀ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰਦਿਆਂ ਵੇਖਿਆ ਗਿਆ, ਜਿਨ੍ਹਾਂ ’ਚ ਪਿਛੋਲਾ ਝੀਲ ’ਚ ਬਰਾਤ ਦੇ ਕਿਸ਼ਤੀਆਂ ’ਚ ਨਿਕਲਣ ਦਾ ਦਿ੍ਰਸ਼ ਸ਼ਾਮਲ ਹੈ।
ਵਿਆਹ ਮੌਕੇ ਪਰਿਣੀਤੀ ਨੇ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵਲੋਂ ਬਣਾਈ ਮੋਤੀਆ ਰੰਗੀ ਪੋਸ਼ਾਕ ਪਾਈ ਸੀ, ਜਦਕਿ ਰਾਘਵ ਨੇ ਅਪਣੇ ਮਾਮਾ ਪਵਨ ਸਚਦੇਵਾ ਵਲੋਂ ਤਿਆਰ ਪੋਸ਼ਾਕ ਪਾਈ ਸੀ।
ਵਿਆਹ ਦੀਆਂ ਰਸਮਾਂ ਤੋਂ ਬਾਅਦ ਨਵ-ਵਿਆਹੁਤਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਲੀਲਾ ਪੈਲੇਸ ਤੋਂ ਤਾਜ ਲੇਕ ਪੈਲੇਸ ਪਹੁੰਚੇ। ਵਿਦਾਈ ਮੌਕੇ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਗੀਤ ਵਜਾਇਆ ਗਿਆ। ਸਨਿਚਰਵਾਰ ਨੂੰ ਉਨ੍ਹਾਂ ਆਏ ਮਹਿਮਾਨਾਂ ਲਈ ਸਵਾਗਤੀ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਸੀ ਜਿਸ ਤੋਂ ਮੇਂਹਦੀ ਅਤੇ ਸੰਗੀਤ ਦੀਆਂ ਰਸਮਾਂ ਹੋਈਆਂ ਸਨ।
ਇਸ ਦੌਰਾਨ, ਪਰਿਣੀਤੀ ਦੀ ਚਚੇਰੀ ਭੈਣ ਅਤੇ ਅਦਾਕਾਰਾ ਪ੍ਰਿਅੰਕਾ ਚੋਪੜਾ, ਉਸ ਦੇ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਵਿਆਹ ’ਚ ਸ਼ਾਮਲ ਹੋਣ ਲਈ ਭਾਰਤ ਨਹੀਂ ਆਏ। ਉਨ੍ਹਾਂ ਦੀ ਮਾਂ ਡਾ. ਮਧੂ ਚੋਪੜਾ ਇਸ ਸਮਾਗਮ ਲਈ ਮੌਜੂਦ ਸੀ। ਪ੍ਰਿਯੰਕਾ ਨੇ ਇੰਸਟਾਗ੍ਰਾਮ ’ਤੇ ਪਰਿਣੀਤੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਸੀ ਕਿ ਉਹ ਪਰਿਣੀਤੀ ਦੇ ਵਿਆਹ ਦੀ ਗਵਾਹੀ ਦੇਣ ਲਈ ਮੌਜੂਦ ਨਹੀਂ ਹੋ ਸਕਦੀ।