ਆਮਦਨ ਅਤੇ ਜਾਇਦਾਦ ਦੇ ਹੋਏ ਨੁਕਸਾਨ ਲਈ 50 ਕਰੋੜ ਰੁਪਏ ਤੋਂ ਵੱਧ ਦਾ ਮੰਗਿਆ ਹਰਜਾਨਾ
ਮੁੰਬਈ : ਬਾਲੀਵੁੱਡ ਅਦਾਕਾਰਾ ਸੇਲਿਨਾ ਜੇਟਲੀ ਨੇ ਕਥਿਤ ਤੌਰ 'ਤੇ ਮੁੰਬਈ ਦੀ ਅੰਧੇਰੀ ਅਦਾਲਤ ਵਿਚ ਆਪਣੇ ਪਤੀ ਪੀਟਰ ਹਾਗ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ । ਉਨ੍ਹਾਂ ਆਰੋਪ ਲਗਾਇਆ ਕਿ ਉਨ੍ਹਾਂ ਦੇ ਪਤੀ ਪੀਟਰ ਹਾਗ ਦੇ ਨਾਲ ਉਨ੍ਹਾਂ ਨੂੰ ਗੰਭੀਰ ਇਮੋਸ਼ਨਲ, ਫਿਜੀਕਲ ਤੇ ਸੈਕਸੂਅਲ ਹਰਾਸਮੈਂਟ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਅਰਜੀ 24 ਨਵੰਬਰ ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਏ.ਸੀ. ਤਾੜਿਏ ਦੇ ਸਾਹਮਣੇ ਸੁਣਵਾਈ ਲਈ ਆਈ, ਜਿਸ ਤੋਂ ਬਾਅਦ ਪੀਟਰ ਹਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਵੇਗੀ।
ਕਰੰਜਵਾਲਾ ਐਂਡ ਕੰਪਨੀ ਲਾਅ ਫਰਮ ਰਾਹੀਂ ਫਾਈਲ ਕੀਤੀ ਗਈ ਆਪਣੀ ਅਰਜੀ ’ਚ ਜੇਟਲੀ ਨੇ ਹਾਗ ’ਤੇ ਘਰੇਲੂ ਹਿੰਸਾ ਐਕਟ ਦੇ ਤਹਿਤ ਕਰੂਰਤਾ ਦਾ ਆਰੋਪ ਲਗਾਇਆ ਹੈ। 47 ਸਾਲਾ ਅਦਾਕਾਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਨੇ ਉਸ ਨੂੰ ਗੰਭੀਰ ਇਮੋਸ਼ਨਲ, ਸੈਕਸੂਅਲ ’ਤੇ ਪ੍ਰੇਸ਼ਾਨ ਕੀਤਾ,ਜਿਸ ਦੇ ਚਲਦਿਆਂ ਉਸ ਨੂੰ ਆਸਟਰੀਆ ’ਚ ਆਪਣਾ ਘਰ ਛੱਡ ਕੇ ਭਾਰਤ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਸੇਲੀਨਾ ਜੇਟਲੀ ਤੇ ਪੀਟਰ ਹਾਗ ਨੇ 2011 ’ਚ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਸਾਬਕਾ ਮਿਸ ਇੰਡੀਆ ਨੇ ਆਪਣੀ ਅਰਜੀ ’ਚ ਆਰੋਪ ਲਗਾਇਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਉਸ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸੀ। ਜਿਸ ਦੇ ਲਈ ਅਦਾਕਾਰਾ ਨੇ ਆਮਦਨ ਅਤੇ ਜਾਇਦਾਦ ਦੇ ਹੋਏ ਨੁਕਸਾਨ ਲਈ 50 ਕਰੋੜ ਰੁਪਏ ਤੋਂ ਵੱਧ ਦਾ ਹਰਜਾਨਾ ਮੰਗਿਆ ਹੈ।
