
ਦਾਦਾ ਸਾਹੇਬ ਫ਼ਾਲਕੇ ਪੁਰਸਕਾਰ ਭਾਰਤੀ ਸਿਨੇਮਾ ਦੇ ਖੇਤਰ ’ਚ ਦੇਸ਼ ਦਾ ਸਰਬਉੱਚ ਪੁਰਸਕਾਰ ਹੈ
ਨਵੀਂ ਦਿੱਲੀ: ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਨੂੰ ਭਾਰਤੀ ਸਿਨੇਮਾ ’ਚ ਉਨ੍ਹਾਂ ਦੇ ਬਿਹਤਰੀਨ ਯੋਗਦਾਨ ਲਈ ਇਸ ਸਾਲ ਦੇ ਦਾਦਾ ਸਾਹੇਬ ਫ਼ਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਦਾਦਾ ਸਾਹੇਬ ਫ਼ਾਲਕੇ ਪੁਰਸਕਾਰ ਭਾਰਤੀ ਸਿਨੇਮਾ ਦੇ ਖੇਤਰ ’ਚ ਦੇਸ਼ ਦਾ ਸਰਬਉੱਚ ਪੁਰਸਕਾਰ ਹੈ। ਭਾਰਤ ਦਾ ਸਭ ਤੋਂ ਬਿਹਤਰੀਨ ਅਦਾਕਾਰਾਵਾਂ ’ਚੋਂ ਇਕ ਮੰਨੀ ਜਾਣ ਵਾਲੀ ਵਹੀਦਾ ਰਹਿਮਾਨ ਨੇ ‘ਪਿਆਸਾ’, ‘ਸੀ.ਆਈ.ਡੀ.’, ‘ਗਾਈਡ’, ‘ਕਾਗਜ਼ ਕੇ ਫੂਲ’, ‘ਖਾਮੋਸ਼ੀ’ ਅਤੇ ‘ਤ੍ਰਿਸ਼ੂਲ’ ਸਮੇਤ ਕਈ ਫ਼ਿਲਮਾਂ ’ਚ ਸ਼ਾਨਦਾਰ ਅਦਾਕਾਰੀ ਕੀਤੀ।
ਠਾਕੁਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਅਪਣੇ ਇਸ ਪੁਰਸਕਾਰ ਬਾਰੇ ਐਲਾਨ ਕਰਦਿਆਂ ਲਿਖਿਆ, ‘‘ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਵਹੀਦਾ ਰਹਿਮਾਨ ਜੀ ਨੂੰ ਭਾਰਤੀ ਸਿਨੇਮਾ ’ਚ ਉਨ੍ਹਾਂ ਦੇ ਬਿਹਤਰੀਨ ਯੋਗਦਾਨ ਲਈ ਇਸ ਸਾਲ ‘ਦਾਦਾ ਸਾਹੇਬ ਫ਼ਾਲਕੇ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ’ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।’’
ਰਹਿਮਾਨ (85) ਨੇ 1995 ’ਚ ਤੇਲੁਗੂ ਫ਼ਿਲਮਾਂ ‘ਰੋਜ਼ੁਲੂ ਮਾਰਾਈ’ ਅਤੇ ‘ਜੈਸਿਮਹਾ’ ਤੋਂ ਅਦਾਕਾਰੀ ਦੇ ਖੇਤਰ ’ਚ ਕਦਮ ਰਖਿਆ। ਉਨ੍ਹਾਂ ਨੇ 1956 ’ਚ ‘ਸੀ.ਆਈ.ਡੀ.’ ਫ਼ਿਲਮ ਜ਼ਰੀਏ ਹਿੰਦੀ ਸਿਨੇਮਾ ’ਚ ਕਦਮ ਰਖਿਆ। ਇਸ ਫ਼ਿਲਮ ’ਚ ਦੇਵਾਨੰਦ ਨੇ ਵੀ ਅਦਾਕਾਰੀ ਕੀਤੀ ਸੀ।
ਵਹੀਦਾ ਰਹਿਮਾਨ ਨੇ ਪੰਜ ਦਹਾਕਿਆਂ ਤੋਂ ਵੱਧ ਦੇ ਅਪਣੇ ਕਰੀਅਰ ’ਚ ਵੱਖੋ-ਵੱਖ ਭਾਸ਼ਾਵਾਂ ’ਚ 90 ਤੋਂ ਵੱਧ ਫ਼ਿਲਮਾਂ ’ਚ ਅਦਾਕਾਰੀ ਕੀਤੀ। ਉਨ੍ਹਾਂ ਨੂੰ ‘ਰੇਸ਼ਮਾ ਔਰ ਸ਼ੇਰਾ’ (1971) ’ਚ ਬਿਹਤਰੀਨ ਅਦਾਕਾਰੀ ਲਈ ਕੌਮੀ ਫ਼ਿਲਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਪਦਮ ਸ੍ਰੀ ਅਤੇ ਪਦਮ ਭੂਸ਼ਣ ਨਾਲ ਵੀ ਸਨਮਾਨਤ ਕੀਤਾ ਜਾ ਚੁਕਿਆ ਹੈ। ਰਹਿਮਾਨ ਨੇ 2021 ’ਚ ਰਿਲੀਜ਼ ਹੋਈ ‘ਸਕੇਟਰਸ ਗਰਲ’ ਫ਼ਿਲਮ ’ਚ ਆਖ਼ਰੀ ਵਾਰੀ ਅਦਾਕਾਰੀ ਕੀਤੀ ਸੀ।