
ਕਾਨਸ ’ਚ ਸਨਮਾਨਤ ਹੋਣ ਮਗਰੋਂ ਪਾਇਲ ਕਪਾੜੀਆ ਨੂੰ ਵਧਾਈਆਂ ਦੇਣ ਵਾਲਿਆਂ ਦੀ ਕਤਾਰ ਲੱਗੀ
ਪੁਣੇ: ਭਾਰਤੀ ਫਿਲਮ ਨਿਰਦੇਸ਼ਕ ਪਾਇਲ ਕਪਾੜੀਆ ਨੂੰ ਕਾਨਸ ਫਿਲਮ ਫੈਸਟੀਵਲ ਦੇ 77ਵੇਂ ਐਡੀਸ਼ਨ ’ਚ ਸਮਾਰੋਹ ਦਾ ਦੂਜਾ ਸੱਭ ਤੋਂ ਵੱਕਾਰੀ ਪੁਰਸਕਾਰ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਕਤਾਰ ਲੱਗ ਗਈ ਹੈ। ਪਰ ਇ ਵਧਾਈ ਨੇ ਸੱਭ ਤੋਂ ਵੱਧ ਧਿਆਨ ਖਿੱਚਿਆ ਹੈ, ਅਤੇ ਉਹ ਹੈ ਸਾਬਕਾ ਸੰਸਥਾ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐੱਫ.ਟੀ.ਆਈ.ਆਈ.)।
ਸਨਿਚਰਵਾਰ ਨੂੰ ਸਮਾਪਤ ਹੋਏ ਸਮਾਰੋਹ ’ਚ ਪਾਇਲ ਕਪਾਡੀਆ ਨੂੰ ‘ਆਲ ਵੀ ਇਮੇਜਿਨ ਐਜ਼ ਲਾਈਟ’ ਲਈ ‘ਗ੍ਰੈਂਡ ਪ੍ਰਿਕਸ’ ਪੁਰਸਕਾਰ ਦਿਤਾ ਗਿਆ।
ਐਫ.ਟੀ.ਆਈ.ਆਈ. ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਇਹ ਐਫ.ਟੀ.ਆਈ.ਆਈ. ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਦੇ ਸਾਬਕਾ ਵਿਦਿਆਰਥੀਆਂ ਨੇ ਕਾਨਸ ਵਿਚ ਇਤਿਹਾਸ ਰਚਿਆ ਹੈ। ਪਾਇਲ ਕਪਾਡੀਆ ਨੂੰ ਪੁਰਸਕਾਰ ਲਈ ਵਧਾਈ।’’
ਕਪਾਡੀਆ ਮੁੱਖ ਤੌਰ ’ਤੇ 2015 ’ਚ ਐਫ.ਟੀ.ਆਈ.ਆਈ. ਵਿਖੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਸੀ। ਉਨ੍ਹਾਂ ਨੇ ਪ੍ਰਸਿੱਧ ਟੀ.ਵੀ. ਸੀਰੀਅਲ ਮਹਾਭਾਰਤ ’ਚ ਯੁਧਿਸ਼ਟਿਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗਜੇਂਦਰ ਚੌਹਾਨ ਨੂੰ ਐਫ.ਟੀ.ਆਈ.ਆਈ. ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦੇ ਵਿਰੋਧ ’ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਚੌਹਾਨ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਹ ਐਫ.ਟੀ.ਆਈ.ਆਈ. ਗਵਰਨਿੰਗ ਕੌਂਸਲ ਦੇ ਸਾਬਕਾ ਚੇਅਰਮੈਨਾਂ ਦੇ ਦ੍ਰਿਸ਼ਟੀਕੋਣ ਅਤੇ ਕੱਦ ਨਾਲ ਮੇਲ ਨਹੀਂ ਖਾਂਦੇ ਅਤੇ ਉਨ੍ਹਾਂ ਦੀ ਨਿਯੁਕਤੀ ਦਾ ਸਿਆਸੀ ਰੰਗ ਹੈ।
ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐਫ.ਟੀ.ਆਈ.ਆਈ.) ਦੇ ਵਿਦਿਆਰਥੀ 139 ਦਿਨਾਂ ਲਈ ਹੜਤਾਲ ’ਤੇ ਸਨ। ਉਨ੍ਹਾਂ ਨੇ ਕਥਿਤ ਤੌਰ ’ਤੇ ਕੁੱਝ ਅਕਾਦਮਿਕ ਮੁੱਦਿਆਂ ਨੂੰ ਲੈ ਕੇ ਐਫ.ਟੀ.ਆਈ.ਆਈ. ਦੇ ਤਤਕਾਲੀ ਡਾਇਰੈਕਟਰ ਪ੍ਰਸ਼ਾਂਤ ਪਥਰਾਬੇ ਦਾ ਘਿਰਾਓ ਵੀ ਕੀਤਾ ਅਤੇ ਉਸ ਨੂੰ ਉਸ ਦੇ ਦਫਤਰ ’ਚ ਕੈਦ ਕਰ ਦਿਤਾ। ਜਿਸ ਤੋਂ ਬਾਅਦ ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਤੋਂ ਬਾਅਦ ਕਪਾਡੀਆ ਸਮੇਤ 35 ਵਿਦਿਆਰਥੀਆਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 143, 147, 149, 323, 353 ਅਤੇ 506 ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਹੁਣ, ਕਪਾਡੀਆ ਦੀ ਪ੍ਰਾਪਤੀ ’ਤੇ ਸੰਸਥਾ ਵਲੋਂ ਲਿਖਿਆ ਗਿਆ ‘ਐਕਸ’ ’ਤੇ ਲਿਖਿਆ ਗਿਆ ਸੰਦੇਸ਼ ਕਿ, ‘‘ਐਫ.ਟੀ.ਆਈ.ਆਈ. ਲਈ ਇਹ ਮਾਣ ਦਾ ਪਲ ਹੈ ਕਿਉਂਕਿ ਇਸ ਦੇ ਸਾਬਕਾ ਵਿਦਿਆਰਥੀਆਂ ਨੇ ਕਾਨਸ ’ਚ ਇਤਿਹਾਸ ਰਚਿਆ ਹੈ। ਜਿਵੇਂ ਕਿ ਅਸੀਂ 77 ਵੇਂ ਕਾਨਸ ਫਿਲਮ ਫੈਸਟੀਵਲ ’ਚ ਭਾਰਤੀ ਸਿਨੇਮਾ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਦੇ ਹਾਂ। ਐਫ.ਟੀ.ਆਈ.ਆਈ. ਸਿਨੇਮਾ ਦੇ ਇਸ ਵੱਡੇ ਕੌਮਾਂਤਰੀ ਮੰਚ ’ਤੇ ਸ਼ਾਨਦਾਰ ਪ੍ਰਾਪਤੀਆਂ ਲਈ ਅਪਣੇ ਸਾਬਕਾ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਪਾਇਲ ਕਪਾਡੀਆ ਨੂੰ ਗ੍ਰੈਂਡ ਪ੍ਰਿਕਸ ਪੁਰਸਕਾਰ ਜਿੱਤਣ ਲਈ, ਸੰਤੋਸ਼ ਸਿਵਾਨ ਨੂੰ ‘ਪਿਅਰੇ ਐਂਜਲਿਕਸ ਟ੍ਰਿਬਿਊਟ ਸਨਮਾਨ’ ਜਿੱਤਣ ਲਈ, ਚਿਦਾਨੰਦ ਐਸ. ਨਾਇਕ ਨੂੰ ‘ਲਾ ਸਿਨੇਫੇ’ ਮੁਕਾਬਲਾ ਜਿੱਤਣ ਲਈ ਅਤੇ ਮੈਸਮ ਅਲੀ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੰਦੇ ਹਾਂ। ਉਨ੍ਹਾਂ ਦੀਆਂ ਪ੍ਰਾਪਤੀਆਂ ਭਾਰਤੀ ਸਿਨੇਮਾ ਨੂੰ ਨਵੀਆਂ ਉਚਾਈਆਂ ’ਤੇ ਲੈ ਜਾ ਰਹੀਆਂ ਹਨ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਪਾਡੀਆ ਦੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਅਪਣੇ ਸੰਦੇਸ਼ ’ਚ ਕਿਹਾ ਕਿ ਭਾਰਤ ਨੂੰ ਪਾਇਲ ਕਪਾਡੀਆ ’ਤੇ ਮਾਣ ਹੈ।