
ਫਿਲਮ ਨਿਰਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਦੇ ਪੁਰਾਣੇ ਅਦਾਕਾਰਾਂ ਦੀ ਵਾਪਸੀ ਦੀ ਉਮੀਦ ਹੈ
ਲਾਸ ਏਂਜਲਸ : ਭਾਰਤੀ ਮੂਲ ਦੇ ਫਿਲਮ ਨਿਰਮਾਤਾ ਗੁਰਿੰਦਰ ਚੱਢਾ ਨੇ ਸਾਲ 2002 ’ਚ ਆਈ ਅਪਣੀ ਫਿਲਮ ‘ਬੈਂਡ ਇਟ ਲਾਈਕ ਬੈਕਹਮ’ ਦੀ ਅਗਲੀ ਕੜੀ ਦੀ ਪੁਸ਼ਟੀ ਕੀਤੀ ਹੈ। ਮਨੋਰੰਜਨ ਨਿਊਜ਼ ਆਊਟਲੈਟ ‘ਡੈਡਲਾਈਨ’ ਦੇ ਅਨੁਸਾਰ, ਫਿਲਮ ਫਿਲਹਾਲ ਵਿਕਾਸ ਅਧੀਨ ਹੈ।
ਪਰਮਿੰਦਰ ਨਾਗਰਾ ਅਤੇ ਕੀਰਾ ਨਾਈਟਲੀ ਦੀ ਅਦਾਕਾਰੀ ਵਾਲੀ ਇਹ ਫਿਲਮ ਬ੍ਰਿਟਿਸ਼ ਭਾਰਤੀ ਨੌਜੁਆਨ ਜੇਸ (ਨਾਗਰਾ) ਦੇ ਦੁਆਲੇ ਘੁੰਮਦੀ ਹੈ, ਜੋ ਫੁੱਟਬਾਲ ਦੀ ਖੇਡ ਖੇਡਣਾ ਚਾਹੁੰਦੀ ਹੈ। ਪਰ ਉਸ ਦੇ ਪ੍ਰਵਾਸੀ ਮਾਪਿਆਂ ਨੇ ਉਸ ਨੂੰ ਰੋਕ ਦਿਤਾ।
ਚੱਢਾ ਨੇ ਇਕ ਇੰਟਰਵਿਊ ਵਿਚ ਕਿਹਾ, ‘‘ਮੈਂ ਮੂਲ ਕਿਰਦਾਰਾਂ ਨੂੰ ਦੁਬਾਰਾ ਵੇਖਣ ਅਤੇ ਸਥਾਈ ਕਹਾਣੀ ਨੂੰ ਮੁੜ ਸੁਰਜੀਤ ਕਰਨ ਅਤੇ ਉਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਹਾਂ ਜੋ ਅਸੀਂ ਔਰਤਾਂ ਦੀ ਖੇਡ ਲਈ ਬਣਾਉਣ ਵਿਚ ਮਦਦ ਕੀਤੀ ਸੀ।’’
ਫਿਲਮ ਨਿਰਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਦੇ ਪੁਰਾਣੇ ਅਦਾਕਾਰਾਂ ਦੀ ਵਾਪਸੀ ਦੀ ਉਮੀਦ ਹੈ। ਚੱਢਾ ਨੇ ਕਿਹਾ ਕਿ ਉਹ ਕਹਾਣੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੈਂ ਇਹ ਯਕੀਨੀ ਬਣਾਉਣ ਲਈ ਸੱਚਮੁੱਚ ਸਖਤ ਮਿਹਨਤ ਕਰ ਰਹੀ ਹਾਂ ਕਿ ਮੈਂ ਜੋ ਵੀ ਕਿਰਦਾਰ ਵਾਪਸ ਲਿਆਉਂਦੀ ਹਾਂ ਉਸ ਵਿਚ ਵਧੀਆ ਆਰਕ ਅਤੇ ਦ੍ਰਿਸ਼ ਹੋਣ।’’