
ਸੋਮਵਾਰ ਸਵੇਰੇ ਪੁੱਤਰ ਵੈਭਵ ਵਲੋਂ ਸਾਂਤਾਕਰੂਜ਼ ਸ਼ਮਸ਼ਾਨਘਾਟ ’ਚ ਕੀਤਾ ਗਿਆ ਸਸਕਾਰ
ਮੁੰਬਈ: ਕਈ ਸੁਪਰਹਿੱਟ ਫਿਲਮਾਂ ਦੇ ਡਾਇਰੈਕਟਰ ਵਿਜੇ ਆਨੰਦ ਦੀ ਪਤਨੀ ਸੁਸ਼ਮਾ ਆਨੰਦ ਦਾ ਅੱਜ 84 ਸਾਲ ਦੀ ਉਮਰ ਵਿਚ ਮੁੰਬਈ ਦੇ ਉਪਨਗਰ ਸਥਿਤ ਘਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਮੈਨੇਜਰ ਨੇ ਦਿਤੀ।
ਸੁਸ਼ਮਾ ਦਾ ਐਤਵਾਰ ਦੁਪਹਿਰ 2.30 ਤੋਂ 3.00 ਵਜੇ ਦਰਮਿਆਨ ਬਾਂਦਰਾ ਦੇ ਪਾਲੀ ਹਿੱਲ ਇਲਾਕੇ ’ਚ ਸਥਿਤ ਅਪਣੇ ਘਰ ’ਚ ਦਿਹਾਂਤ ਹੋ ਗਿਆ।
ਕੇਤਨਵ ਸਟੂਡੀਓਜ਼ ਦੇ ਮੈਨੇਜਰ ਕੁੱਕੂ ਸ਼ਿਵਪੁਰੀ ਨੇ ਦਸਿਆ, ‘‘ਬੁਢਾਪੇ ਕਾਰਨ ਉਹ ਠੀਕ ਨਹੀਂ ਸਨ ਪਰ ਉਨ੍ਹਾਂ ਨੂੰ ਕੋਈ ਸਮਸਿਆ ਨਹੀਂ ਸੀ। ਉਹ ਦੁਪਹਿਰ ਦਾ ਖਾਣਾ ਖਾਣ ਲਈ ਕੁਰਸੀ ’ਤੇ ਬੈਠਣ ਹੀ ਵਾਲੀ ਸਨ ਕਿ ਡਿਗ ਪਏ। ਉਸ ਦੇ ਘਰ ਦੇ ਹਾਇਕ ਅਤੇ ਪੁੱਤਰ ਵੈਭਵ ਉੱਥੇ ਆਏ ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿਤਾ। ਉਹ ਤੁਰਤ ਉਨ੍ਹਾਂ ਨੂੰ ਹੋਲੀ ਫੈਮਿਲੀ ਹਸਪਤਾਲ ਲੈ ਗਏ। ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ ਅਤੇ ਦਸਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।’’
ਅਭਿਨੇਤਰੀ ਤੱਬੂ ਅਤੇ ਕਿਰਨ ਕੁਮਾਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸੁਸ਼ਮਾ ਆਨੰਦ ਦੇ ਘਰ ਪਹੁੰਚੀਆਂ। ਸੁਸ਼ਮਾ ਆਨੰਦ ਦੇ ਪਤੀ ਵਿਜੇ ਆਨੰਦ ਨੂੰ ਗੋਲਡੀ ਆਨੰਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵਿਜੇ ਆਨੰਦ ਨੂੰ ‘ਗਾਈਡ’, ‘ਜਵੇਲ ਥੀਫ’, ‘ਕਾਲਾ ਬਾਜ਼ਾਰ’ ਅਤੇ ਹੋਰ ਅਕਈ ਫਿਲਮਾਂ ’ਚ ਅਪਣੇ ਦਮਦਾਰ ਨਿਰਦੇਸ਼ਨ ਲਈ ਜਾਣਿਆ ਜਾਂਦਾ ਸੀ। 2004 ਵਿਚ 70 ਸਾਲ ਦੀ ਉਮਰ ’ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਵਿਜੇ ਮਰਹੂਮ ਸਟਾਰ ਦੇਵ ਆਨੰਦ ਅਤੇ ਨਿਰਮਾਤਾ-ਨਿਰਦੇਸ਼ਕ ਚੇਤਨ ਆਨੰਦ ਦੇ ਭਰਾ ਸਨ।
ਵਿਜੇ ਆਨੰਦ ਨੇ ‘ਤੇਰੇ ਘਰ ਕੇ ਸਮਾਨੇ’, ‘ਤੀਸਰੀ ਮੰਜ਼ਿਲ’ ਅਤੇ ‘ਜਾਨੀ ਮੇਰਾ ਨਾਮ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਸੁਸ਼ਮਾ ਆਨੰਦ ਦਾ ਸਸਕਾਰ ਸੋਮਵਾਰ ਸਵੇਰੇ ਉਨ੍ਹਾਂ ਦੇ ਬੇਟੇ ਵੈਭਵ ਵਲੋਂ ਸਾਂਤਾਕਰੂਜ਼ ਸ਼ਮਸ਼ਾਨਘਾਟ ’ਚ ਕੀਤਾ ਗਿਆ।