
''ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਹਾਂ, ਫ਼ਿਲਮ ਵਿਚ ਕਿਰਪਾਨ ਨਹੀਂ ਖੁਕਰੀ ਵਰਤੀ ਗਈ ਹੈ''
ਅੰਮ੍ਰਿਤਸਰ - ਰਾਧਿਕਾ ਰਾਓ ਅਤੇ ਵਿਨਯ ਸਪਰੂ ਵਲੋਂ ਨਿਰਦੇਸ਼ਤ ਫ਼ਿਲਮ 'ਯਾਰੀਆਂ-2' ਵਿਵਾਦਾਂ ਵਿਚ ਹੈ। ਫ਼ਿਲਮ ਦੇ ਨਿਰਮਾਤਾ ਨੇ ਅੱਜ ਫ਼ਿਲਮ ਦੇ ਗੀਤ ਸਹੁਰੇ ਘਰ ਨਾਲ ਖੜ੍ਹੇ ਹੋਏ ਵਿਵਾਦ 'ਤੇ ਸਪੱਸ਼ਟੀਕਰਨ ਦੇ ਦਿੱਤਾ ਹੈ। ਨਿਰਮਾਤਾ ਨੇ ਕਿਹਾ ਕਿ ਉਹ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦੇ ਤੇ ਗਾਣੇ ਵਿਚ ਅਦਾਕਾਰ ਮੀਜਾਨ ਜਾਫ਼ਰੀ ਨੇ ਕਿਰਪਾਨ ਨਹੀਂ ਖੁਕਰੀ ਪਾਈ ਹੋਈ ਹੈ।
ਉਹਨਾਂ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਆਦਰ ਕਰਦੇ ਹਨ ਤੇ ਕਿਸੇ ਨੂੰ ਵੀ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਹ ਗੱਲ ਸਾਹਮਣੇ ਆਈ ਸ ਕਿ ਫਿ਼ਲਮ ਦੇ ਗੀਤ 'ਸਹੁਰੇ ਘਰ' ਵਿਚ ਐਕਟਰ ਮੀਜਾਨ ਜਾਫ਼ਰੀ ਨੇ ਕਿਰਪਾਨ ਪਾਈ ਹੋਈ ਹੈ, ਇਹ ਵਿਵਾਦ ਕਾਫ਼ੀ ਵਧ ਗਿਆ ਸੀ ਤੇ ਇਸ 'ਤੇ ਸ਼੍ਰੋਮਣੀ ਕਮੇਟੀ ਨੇ ਵੀ ਸਖ਼ਤ ਇਤਰਾਜ਼ ਜਤਾਇਆ ਸੀ ਤੇ ਨੋਟਿਸ ਲਿਆ ਸੀ ਪਰ ਅੱਜ ਫ਼ਿਲਮ ਦੇ ਨਿਰਮਾਤਾ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਦਾਕਾਰ ਨੇ ਕਿਰਪਾਨ ਨਹੀਂ ਖੁਕਰੀ ਪਾਈ ਹੋਈ ਹੈ।