ਯਹੂਦੀਆਂ ਦੀ ਨਸਲਕੁਸ਼ੀ ਨੂੰ ‘ਬਵਾਲ’ ਫ਼ਿਲਮ ’ਚ ਮਾਮੂਲੀ ਦੱਸੇ ਜਾਣ ਨਾਲ ਬਹੁਤ ਧੱਕਾ ਲਗਿਆ : ਇਜ਼ਰਾਈਲੀ ਸਫ਼ਾਰਤਖ਼ਾਨਾ
ਨਵੀਂ ਦਿੱਲੀ: ਭਾਰਤ ’ਚ ਇਜ਼ਰਾਈਲ ਦੇ ਸਫ਼ੀਰ ਨੇਆਰ ਗਿਲੋਨ ਨੇ ਐਮੇਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਈ ਫ਼ਿਲਮ ‘ਬਵਾਲ’ ’ਚ ਯਹੂਦੀਆਂ ਦੀ ਨਸਲਕੁਸ਼ੀ (ਹਾਲੋਕਾਸਟ) ਨੂੰ ‘ਮਾਮੂਲੀ ਦੱਸਣ’ ’ਤੇ ਚਿੰਤਾ ਜ਼ਾਹਰ ਕੀਤੀ ਹੈ। ਵਰੁਣ ਧਵਨ ਦੀ ਅਦਾਕਾਰੀ ਵਾਲੀ ਇਸ ਫ਼ਿਲਮ ’ਚ ਵਿਆਹੁਤਾ ਕਲੇਸ਼ ਦੀ ਇਕ ਕਹਾਣੀ ਦੱਸਣ ਲਈ ਯਹੂਦੀਆਂ ਦੇ ਕਤਲੇਆਮ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਇਸ ਹਫ਼ਤੇ ਦੀ ਸ਼ੁਰੂਆਤ ’ਚ ਇਕ ਪ੍ਰਮੁੱਖ ਯਹੂਦੀ ਸਮੂਹ ਨੇ ਫਿਲਮ ਦੀ ਆਲੋਚਨਾ ਕਰਦਿਆ ਓ.ਟੀ.ਟੀ. ਪਲੇਟਫ਼ਾਰਮ ਤੋਂ ਇਸ ਨੂੰ ਹਟਾਉਣ ਦੀ ਅਪੀਲ ਕੀਤੀ।
ਭਾਰਤ ’ਚ ਇਜ਼ਰਾਈਲ ਦੇ ਸਫ਼ਾਰਤਖ਼ਾਨੇ ਨੇ ਸ਼ੁਕਰਵਾਰ ਨੂੰ ਇਕ ਬਿਆਨ ਜਾਰੀ ਕੀਤਾ, ਜਿਸ ’ਚ ਕਿਹਾ ਗਿਆ ਹੈ ਕਿ ਫ਼ਿਲਮ ’ਚ ‘ਯਹੂਦੀਆਂ ਦੀ ਨਸਲਕੁਸ਼ੀ ਨੂੰ ਮਾਮੂਲੀ ਦੱਸਣ ਤੋਂ ਉਨ੍ਹਾਂ ਨੂੰ ਬਹੁਤ ਧੱਕਾ ਲੱਗਾ ਹੈ।’’ ਬਵਾਲ ਦੇ ਡਾਇਰੈਕਟਰ ‘ਦੰਗਲ’ ਫ਼ਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਕੀਤਾ ਹੈ।
ਗਿਲੋਨ ਨੇ ਟਵਿੱਟਰ ’ਤੇ ਲਿਖਿਆ ਹੈ, ‘‘ਮੈਂ ਫਿਲਮ ‘ਬਵਾਲ’ ਨਹੀਂ ਵੇਖੀ ਹੈ, ਪਰ ਮੈਂ ਜੋ ਪੜ੍ਹਿਆ ਹੈ ਉਸ ਦੇ ਆਧਾਰ ’ਤੇ ਮੈਨੂੰ ਲਗਦਾ ਹੈ ਕਿ ਫ਼ਿਲਮ ’ਚ ਖ਼ਰਾਬ ਸ਼ਬਦਾਂ ਅਤੇ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਗਿਆ ਹੈ। ਯਹੂਦੀਆਂ ਦੀ ਨਸਲਕੁਸ਼ੀ ਨੂੰ ਮਾਮੂਲੀ ਦੱਸੇ ਜਾਣ ਨਾਲ ਸਾਰਿਆਂ ਨੂੰ ਧੱਕਾ ਲਗਣਾ ਚਾਹੀਦਾ ਹੈ।’’ ਉਨ੍ਹਾਂ ਅੱਗੇ ਲਿਖਿਆ, ‘‘ਜੋ ਲੋਕ ਯਹੂਦੀਆਂ ਦੀ ਨਸਲਕੁਸ਼ੀ ਦੀ ਭਿਆਨਕਤਾ ਬਾਰੇ ਨਹੀਂ ਜਾਣਦੇ, ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬਾਰੇ ਜਾਣਨ।’’
ਫਿਲਮ ’ਚ ਵਰੁਣ ਧਵਨ ਨੇ ਇਕ ਹਾਈ ਸਕੂਲ ਇਤਿਹਾਸ ਅਧਿਆਪਕ ਅਜੈ ਦੀਕਸ਼ਿਤ ਅਤੇ ਜਾਹਨਵੀ ਕਪੂਰ ਨੇ ਉਸ ਦੀ ਪਤਨੀ ਨਿਸ਼ਾ ਦੇ ਰੂਪ ’ਚ ਅਦਾਕਾਰੀ ਕੀਤੀ ਹੈ। ਉਹ ਯੂਰਪ ਦੀ ਯਾਤਰਾ ਕਰਦੇ ਹਨ ਜਿੱਥੇ ਉਹ ਆਉਸ਼ਵਿਟਜ਼ ਅਤੇ ਐਮਸਟਰਡਮ ’ਚ ਐਨ ਫ੍ਰੈਂਕ ਦੇ ਘਰ ਅਤੇ ਸਮੇਤ ਦੂਜੇ ਵਿਸ਼ਵ ਯੁੱਧ ਦੀਆਂ ਮਹੱਤਵਪੂਰਨ ਥਾਵਾਂ ਦਾ ਦੌਰਾ ਕਰਦੇ ਹਨ।
ਇਹ ਫਿਲਮ 21 ਜੁਲਾਈ ਨੂੰ ਰਿਲੀਜ਼ ਹੋਈ ਸੀ। ਨਸਲਕੁਸ਼ੀ ਦੇ ਪੀੜਤਾਂ ਦੀ ਯਾਦ ਨੂੰ ਸਮਰਪਿਤ ਸਾਈਮਨ ਵਿਸੈਂਥਲ ਸੈਂਟਰ (ਐਸ.ਡਬਿਲਊ.ਸੀ.) ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਫਿਲਮ ਦੀ ਆਲੋਚਨਾ ਕੀਤੀ। ਸੰਗਠਨ ਨੇ ਕਿਹਾ ਕਿ ਫਿਲਮ ’ਚ ਕੁਝ ਦ੍ਰਿਸ਼ ਵਿਖਾਏ ਗਏ ਹਨ, ਜਿਸ ’ਚ ਆਉਸ਼ਵਿਟਜ਼ ’ਚ ਹੀਰੋ ਅਤੇ ਹੀਰੋਇਨ ਗੈਸ ਚੈਂਬਰ ’ਚ ਧਾਰੀਦਾਰ ਕਪੜੇ ਪਾ ਕੇ ਦਾਖਲ ਹੁੰਦੇ ਹਨ ਅਤੇ ਉਨ੍ਹਾਂ ਦਾ ਦਮ ਘੁਟ ਜਾਂਦਾ ਹੈ।
ਐਸ.ਡਬਲਿਊ.ਸੀ. ਦੇ ਐਸੋਸੀਏਟ ਡੀਨ ਅਤੇ ਗਲੋਬਲ ਸੋਸ਼ਲ ਐਕਸ਼ਨ ਦੇ ਨਿਰਦੇਸ਼ਕ, ਰੱਬੀ ਅਬ੍ਰਾਹਮ ਕੂਪਰ ਨੇ ਕਿਹਾ ਕਿ ਫਿਲਮ ਹਿਟਲਰ ਨੂੰ ਮਨੁੱਖੀ ਲਾਲਚ ਦੇ ਰੂਪਕ ਵਜੋਂ ਵਰਤਦੀ ਹੈ ਅਤੇ ਫਿਲਮ ਦਾ ਮੁੱਖ ਪਾਤਰ ਅਪਣੀ ਪਤਨੀ ਨੂੰ ਕਹਿੰਦਾ ਹੈ, ‘‘ਅਸੀਂ ਸਾਰੇ ਕੁਝ ਹੱਦ ਤਕ ਹਿਟਲਰ ਵਰਗੇ ਹਾਂ, ਹਾਂ?’’
ਉਨ੍ਹਾਂ ਕਿਹਾ ਕਿ ਫਿਲਮ ਦਾ ਮਕਸਦ ਅਜਿਹੇ ਦ੍ਰਿਸ਼ ਵਿਖਾ ਕੇ ਮਸ਼ਹੂਰੀ ਹਾਸਲ ਕਰਨਾ ਸੀ ਤਾਂ ਇਸ ’ਚ ਉਹ ਕਾਮਯਾਬ ਹੋਏ ਹਨ।ਜ਼ਿਕਰਯੋਗ ਹੈ ਕਿ ਆਉਸ਼ਵਿਟਜ਼ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਦੀ ਇਕ ਜੇਲ੍ਹ ਸੀ, ਜਿੱਥੇ ਲਗਭਗ 10 ਲੱਖ ਯਹੂਦੀ ਮਾਰੇ ਗਏ ਸਨ।