
ਮਲਾਡ ਪੁਲਿਸ ਨੇ ਕਮਾਲ ਰਾਸ਼ਿਦ ਖ਼ਾਨ ਨੂੰ ਮੁੰਬਈ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
ਮੁੰਬਈ: ਮਲਾਡ ਪੁਲਿਸ ਨੇ 'ਕੇਆਰਕੇ' ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਅਤੇ ਫਿਲਮ ਆਲੋਚਕ ਕਮਾਲ ਰਾਸ਼ਿਦ ਖਾਨ ਨੂੰ ਕਥਿਤ ਤੌਰ 'ਤੇ ਅਪਮਾਨਜਨਕ ਟਵੀਟ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਲਾਡ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਾਨ ਨੂੰ ਸੋਮਵਾਰ ਦੇਰ ਰਾਤ ਦੁਬਈ ਤੋਂ ਆਉਣ ਸਮੇਂ ਮੁੰਬਈ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਕੇਆਰਕੇ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਅਧਿਕਾਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਆਰਕੇ ਖਿਲਾਫ 'ਲੁੱਕਆਊਟ ਸਰਕੂਲਰ' ਜਾਰੀ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕੇਆਰਕੇ ਖਿਲਾਫ਼ 2020 ਵਿਚ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ 153 (ਦੰਗਾ ਭੜਕਾਉਣ ਦੇ ਇਰਾਦੇ ਨਾਲ ਉਕਸਾਉਣਾ) ਅਤੇ 500 (ਮਾਣਹਾਨੀ ਲਈ ਸਜ਼ਾ) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸਿਟੀ ਪੁਲਿਸ ਨੂੰ ਸੋਮਵਾਰ ਨੂੰ ਉਸ ਦੇ ਆਉਣ ਦੀ ਸੂਚਨਾ ਮਿਲੀ ਅਤੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ 2020 ਵਿਚ ਕੀਤੇ ਗਏ ਇਕ ਵਿਵਾਦਤ ਟਵੀਟ ਨੂੰ ਲੈ ਕੇ ਹੋਈ ਹੈ। ਕੇਆਰਕੇ ਨੇ 2020 ਵਿਚ ਇਰਫਾਨ ਖਾਨ (29 ਅਪ੍ਰੈਲ) ਅਤੇ ਰਿਸ਼ੀ ਕਪੂਰ (30 ਅਪ੍ਰੈਲ) ਦੇ ਦੇਹਾਂਤ ਤੋਂ ਬਾਅਦ ਟਵੀਟ ਕੀਤਾ ਸੀ। ਉਹਨਾਂ ਲਿਖਿਆ, 'ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਕੋਰੋਨਾ ਉਦੋਂ ਤੱਕ ਨਹੀਂ ਜਾਵੇਗਾ ਜਦੋਂ ਤੱਕ ਕੁਝ ਮਸ਼ਹੂਰ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਜਾਂਦਾ। ਫਿਰ ਮੈਂ ਨਾਂ ਇਸ ਲਈ ਨਹੀਂ ਲਿਖਿਆ ਕਿਉਂਕਿ ਲੋਕ ਮੈਨੂੰ ਗਾਲ੍ਹਾਂ ਕੱਢਣਗੇ, ਪਰ ਮੈਨੂੰ ਪਹਿਲਾਂ ਤੋਂ ਪਤਾ ਸੀ ਕਿ ਰਿਸ਼ੀ ਅਤੇ ਇਰਫਾਨ ਜਾਣਗੇ। ਮੈਂ ਇਹ ਵੀ ਜਾਣਦਾ ਹਾਂ ਕਿ ਅੱਗੇ ਕਿਸ ਦਾ ਨੰਬਰ ਆਉਣਾ ਹੈ”।