ਅਲੋਪ ਹੋ ਗਿਆ ਫ਼ਿਲਮ ਜਗਤ ਦਾ ਧਰੂ ਤਾਰਾ ਧਰਮਿੰਦਰ
Published : Nov 30, 2025, 8:17 am IST
Updated : Nov 30, 2025, 8:17 am IST
SHARE ARTICLE
Dharmendra, the legendary star of the film industry, has passed away.
Dharmendra, the legendary star of the film industry, has passed away.

ਧਰਮੇਂਦਰ ਨੇ ਲਗਪਗ 300 ਫ਼ਿਲਮਾ ਵਿਚ ਕੰਮ ਕੀਤਾ

Dharmendra, the legendary star of the film industry, has passed away:ਧਰਤੀ ਪੁੱਤਰ ਪੰਜਾਬ ਦਾ ਮਾਣ ਅਤੇ ਸਤਿਕਾਰਾ ਫ਼ਿਲਮ ਜਗਤ ਦਾ ਚਮਕਦਾ ਸਿਤਾਰਾ ਧਰਮਿੰਦਰ ਦਿਓਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਹ ਬਿਹਤਰੀਨ ਅਦਾਕਾਰ, ਸੁਪਰ ਸਟਾਰ ਅਤੇ ਕਾਮਯਾਬ ਪ੍ਰੋਡਿਊਸਰ ਸੀ। ਉਸ ਦੀਆਂ ਫ਼ਿਲਮਾਂ ਵਿਚ ਧੜੱਲੇਦਾਰੀ ਨਾਲ ਕੀਤੀ ਅਦਾਕਾਰੀ ਦੀਆਂ ਧੁੰਮਾ ਫ਼ਿਲਮੀ ਸੰਸਾਰ ਵਿਚ ਪਈਆਂ ਹੋਈਆਂ ਸਨ। ਧਰਮਿੰਦਰ ਦੀ ਦਮਦਾਰ ਅਵਾਜ਼ ਅਤੇ ਡਾਇਲਾਗ ਹਮੇਸ਼ਾ ਅਸਮਾਨ ਦੀਆਂ ਫ਼ਿਜ਼ਾਵਾਂ ਵਿਚ ਗੂੰਜਦੇ ਹੋਏ ਮਹਿਕਾਂ ਖਿਲਾਰਦੇ ਰਹਿਣਗੇ। ਉਹ 89 ਸਾਲ ਦੇ ਸਨ ਤੇ 8 ਦਸੰਬਰ ਨੂੰ ਉਹ 90 ਸਾਲ ਦੇ ਹੋਣ ਵਾਲੇ ਸਨ।
ਧਰਮੇਂਦਰ ਨੇ ਲਗਪਗ 300 ਫ਼ਿਲਮਾ ਵਿਚ ਕੰਮ ਕੀਤਾ। ਲਗਪਗ ਹਰ ਫ਼ਿਲਮ ਵਿਚ ਉਨ੍ਹਾਂ ਦੇ ਮਾਰਧਾੜ ਵਾਲੇ ਦ੍ਰਿਸ਼ ਕਮਾਲ ਦੇ ਹੁੰਦੇ ਸਨ। ਇਸ ਕਰ ਕੇ ਉਨ੍ਹਾਂ ਨੂੰ ‘ਹੀ ਮੈਨ’ ਕਿਹਾ ਜਾਣ ਲੱਗਾ ਸੀ। ਭਾਵੇਂ ਧਰਮਿੰਦਰ ਮੁੰਬਈ ਦੀ ਮਹਾਂਨਗਰੀ ਵਿਚ ਰਹਿੰਦੇ ਸੀ, ਪ੍ਰੰਤੂ ਉਨ੍ਹਾਂ ਦੇ ਘਰ ਦਾ ਵਾਤਾਵਰਨ ਪੰਜਾਬੀ ਸਭਿਆਚਾਰ ਨਾਲ ਗੜੂੰਦ ਸੀ। ਪੰਜਾਬੀ ਖਾਣਾ, ਪਹਿਰਾਵਾ, ਲੋਕ ਗੀਤ, ਗੀਤ ਸੰਗੀਤ ਉਸ ਨੂੰ ਸਕੂਨ ਦਿੰਦੇ ਸਨ। ਪੰਜਾਬੀ ਪਹਿਰਾਵਾ ਉਸ ਨੂੰ ਬਹੁਤ ਫ਼ੱਬਦਾ ਸੀ। ਧਰਮਿੰਦਰ ਦੇ ਇਸ ਸੰਸਾਰ ਤੋਂ ਜਾਣ ਨਾਲ ਫ਼ਿਲਮ ਜਗਤ ਵਿਚ ਉਦਾਸੀ ਦੀ ਲਹਿਰ ਪੈਦਾ ਹੋ ਗਈ ਹੈ।
ਧਰਮ ਸਿੰਘ ਦਿਓਲ ਉਰਫ਼ ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਵਿਖੇ ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਓਲ ਤੇ ਮਾਤਾ ਸਤਵੰਤ ਕੌਰ ਦਿਓਲ ਦੀ ਕੁੱਖੋਂ ਹੋਇਆ। ਉਸ ਦਾ ਅਪਣਾ ਜੱਦੀ ਪਿੰਡ ਵੀ ਲੁਧਿਆਣਾ ਜ਼ਿਲ੍ਹੇ ਵਿਚ ਮਾਲੇਕਰਕੋਟਲਾ ਦੇ ਨਜ਼ਦੀਕ ਡਾਂਗੋ ਹੈ। ਉਸ ਦੀ ਮਾਤਾ ਸਤਵੰਤ ਕੌਰ ਧਾਂਦਰੇ ਪਿੰਡ ਦੇ ਗਰੇਵਾਲਾਂ ਦੀ ਧੀ ਸੀ। ਧਰਮ ਸਿੰਘ ਦਿਓਲ ਦੇ ਪਿਤਾ ਸਕੂਲ ਅਧਿਆਪਕ ਸਨ। ਉਹ ਧਰਮ ਸਿੰਘ ਨੂੰ ਅਧਿਆਪਕ ਬਣਾਉਣਾ ਚਾਹੁੰਦੇ ਸਨ, ਪ੍ਰੰਤੂ ਧਰਮ ਸਿੰਘ ਫ਼ਿਲਮ ਐਕਟਰ ਬਣਨ ਦੇ ਸਪਨੇ ਸਿਰਜ ਰਿਹਾ ਸੀ। ਉਸ ਨੂੰ ਫ਼ਿਲਮਾ ਵੇਖਣ ਦਾ ਬਹੁਤ ਸ਼ੌਕ ਸੀ। ਉਸ ਦੇ ਮਨ ਵਿਚ ਫ਼ਿਲਮ ਅਦਾਕਾਰ ਬਣਨ ਦੀ ਚਿਣਗ ਪੈਦਾ ਹੋ ਗਈ ਸੀ। ਇਸ ਲਈ ਉਹ ਵਾਰ-ਵਾਰ ਅਪਣੇ ਪਿਤਾ ਤੋਂ ਚੋਰੀ ਛਿੱਪੇ ਲੁਧਿਆਣਾ ਵਿਖੇ ਫ਼ਿਲਮਾ ਵੇਖਣ ਪੈਦਲ ਹੀ ਚਲਾ ਜਾਂਦਾ ਸੀ। ਉਹ ਸਾਹਨੇਵਾਲ ਤੋਂ ਪੈਦਲ ਚਲ ਕੇ ਲੁਧਿਆਣਾ ਫ਼ਿਲਮਾਂ ਵੇਖਣ ਜਾਂਦਾ ਹੁੰਦਾ ਸੀ। ਪਿਤਾ ਦੇ ਸਰਕਾਰੀ ਸਕੂਲ ਦਾ ਅਧਿਆਪਕ ਹੋਣ ਕਰ ਕੇ ਬਦਲੀਆਂ ਹੁੰਦੀਆਂ ਰਹੀਆਂ, ਇਸ ਕਰ ਕੇ ਧਰਮ ਸਿੰਘ ਸਾਹਨੇਵਾਲ, ਢੰਡਾਰੀ ਕਲਾਂ ਅਤੇ ਆਰੀਆ ਹਾਈ ਸਕੂਲ ਫ਼ਗਵਾੜਾ ਵਿਚ ਸਕੂਲੀ ਪੜ੍ਹਾਈ ਪ੍ਰਾਪਤ ਕਰਦਾ ਰਿਹਾ। ਉਸ ਨੇ ਇੰਟਰਮੀਡੀਏਟ ਤਕ ਦੀ ਪੜ੍ਹਾਈ ਰਾਮਗੜ੍ਹੀਆ ਕਾਲਜ ਫ਼ਗਵਾੜਾ ਵਿਚੋਂ 1952 ਵਿਚ ਕੀਤੀ। ਇਸ ਤੋਂ ਬਾਅਦ ਉਸ ਨੇ ਅਪ੍ਰੇਸ਼ਨ ਡਰਿÇਲੰਗ ਕੰਪਨੀ ਵਿਚ ਟਿਊੁਬਵੈਲ ਦੇ ਬੋਰ ਕਰਨ ਦੀ ਨੌਕਰੀ ਕਰ ਲਈ। ਇਸ ਨੌਕਰੀ ਕਰ ਕੇ ਉਹ ਸਾਰੇ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਟਿਊੁਬਵੈਲਾਂ ਦੇ ਬੋਰ ਕਰਨ ਲਈ ਜਾਂਦਾ ਰਿਹਾ, ਪ੍ਰੰਤੂ ਉਸ ਦਾ ਅਜਿਹੇ ਬੋਰਿੰਗ ਕੰਮ ਵਿਚ ਦਿਲ ਨਾ ਲੱਗਿਆ। ਫਿਰ ਉਸ ਨੇ ਟਿਊਬਵੈਲ ਅਪ੍ਰੇਟਰ ਦੀ ਸਰਕਾਰੀ ਨੌਕਰੀ ਕਰ ਲਈ। ਉਥੇ ਵੀ ਉਸ ਦਾ ਦਿਲ ਨਾ ਲੱਗਿਆ ਕਿਉਂਕਿ ਉਸ ਦੇ ਮਨ ਮਸਤਕ ਵਿਚ ਤਾਂ ਫ਼ਿਲਮ ਐਕਟਰ ਬਣਨ ਦਾ ਭੂਤ ਸਵਾਰ ਹੋਇਆ ਪਿਆ ਸੀ। ਉਸ ਨੇ 1955 ਵਿਚ ਦਿਲੱਗੀ ਫ਼ਿਲਮ ਵੇਖੀ, ਉਸ ਨੂੰ ਇਹ ਫ਼ਿਲਮ ਬਹੁਤ ਪਸੰਦ ਆਈ। ਉਸ ਨੇ ਇਹ ਫ਼ਿਲਮ ਕਈ ਵਾਰ ਵੇਖੀ।
ਧਰਮਿੰਦਰ ਦਾ ਕੱਦ ਕਾਠ ਚੰਗਾ ਤੇ ਸੁਹਣਾ ਸੁਨੱਖਾ ਸੀ। ਉਸ ਨੇ ਬਿਮਲ ਰਾਏ ਅਤੇ ਗੁਰੂ ਦੱਤ ਦੇ ਫ਼ਿਲਮ ਫ਼ੇਅਰ ਮੈਗਜ਼ੀਨ ਵਿਚ ਨਵੇਂ ਅਦਾਕਾਰਾਂ ਦੀ ਫ਼ਿਲਮਾਂ ਵਿਚ ਕੰਮ ਕਰਨ ਲਈ ਸਪਾਟ ਟੇਲੰਟ ਕੰਨਟੈਸਟ ਦਾ ਦਿੱਤਾ ਹੋਇਆ ਇਸ਼ਤਿਹਾਰ ਪੜਿ੍ਹਆ। ਇਹ ਇਸ਼ਤਿਹਾਰ ਪੜ੍ਹ ਕੇ ਉਸ ਨੇ ਮਾਲੇਰਕੋਟਲਾ ਸ਼ਹਿਰ ਦੇ ਜਾਨ ਮੁਹੰਮਦ (ਜੌਨ ਐਂਡ ਸਨਜ਼) ਸਟੂਡੀਓ ਤੋਂ ਇਕ ਰੰਗਦਾਰ ਤਸਵੀਰ ਖਿਚਵਾਈ। ਉਸ ਨੇ ਜੌਹਨ ਮੁਹੰਮਦ ਨੂੰ ਕਿਹਾ ਕਿ ਉਸ ਦੀ ਦਲੀਪ ਕੁਮਾਰ ਵਰਗੀ ਤਸਵੀਰ ਖਿੱਚ ਦੇ।
20 ਸਾਲ ਦੀ ਅਲੂੰਈਂ ਉਮਰ ਵਿਚ ਸੋਹਣਾ ਸੁਨੱਖਾ ਹੁੰਦੜਹੇਲ ਨੌਜਵਾਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਕਸਬੇ ਤੋਂ ਐਕਟਰ ਬਣਨ ਦੀਆਂ ਉਮੀਦਾਂ ਤੇ ਸੱਧਰਾਂ ਲੈ ਕੇ ਮੁੰਬਈ ਮਾਇਆ ਨਗਰੀ ਵਿਚ ਪਹੁੰਚ ਗਿਆ ਸੀ। ਆਮ ਘਰਾਂ ਦੇ ਦਿਹਾਤੀ ਨੌਜਵਾਨ ਲਈ ਮੁੰਬਈ ਵਰਗੇ ਮਹਾਂਨਗਰ ਵਿਚ ਪਹੁੰਚ ਕੇ ਰਹਿਣਾ ਬਹੁਤ ਹੀ ਕਠਿਨ ਸੀ, ਪ੍ਰੰਤੂ ਧਰਮ ਸਿੰਘ ਦਿਓਲ ਨੇ ਫ਼ਿਲਮ ਅਦਾਕਾਰ ਬਣਨ ਦੀ ਠਾਣ ਲਈ ਸੀ। ਇਸ ਲਈ ਉਹ ਹਰ ਮੁਸੀਬਤ ਦਾ ਖਿੜੇ ਮੱਥੇ ਮੁਕਾਬਲਾ ਕਰਦਾ ਰਿਹਾ। ਹਰ ਛੋਟਾ-ਮੋਟਾ ਕੰਮ ਵੀ ਕਰਦਾ ਰਿਹਾ। ਉਸ ਨੇ ਇੰਟਰਵਿਊ ਦਿੱਤੀ ਤੇ ਉਹ ਰਮੇਸ਼ ਸਹਿਗਲ ਦੀ ਫ਼ਿਲਮ ਲਈ ਚੁਣਿਆ ਗਿਆ। ਆਮਤੌਰ ’ਤੇ ਜਿਵੇਂ ਨਵੇਂ ਅਦਾਕਾਰਾਂ ਨੂੰ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਧੱਕੇ ਧੌਲੇ ਖਾਂਦਾ, ਜਦੋਜਹਿਦ ਤੋਂ ਬਾਅਦ ਅਖ਼ੀਰ ਅਰਜੁਨ ਹਿੰਗੌਰਾਨੀ ਦੀ ਨਿਗਾਹ ਵਿਚ ਅਜਿਹਾ ਚੜਿ੍ਹਆ ਕਿ ਛੇਤੀ ਹੀ ਬੁੁਲੰਦੀਆਂ ’ਤੇ ਜਾ ਪਹੁੰਚਿਆ।
1960 ਵਿਚ ਅਰਜਨ ਹਿੰਗਰਾਨੀ ਦੀ ਫ਼ਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਵਿਚ ਰੋਲ ਮਿਲ ਗਿਆ। ਇਸ ਤੋਂ ਬਾਅਦ ‘ਸ਼ੋਲਾ ਔਰ ਸ਼ਬਨਮ’ 1961, ਅਨਪੜ੍ਹ 1962 ਵਿਚ ਥੋੜ੍ਹਾ ਬਹੁਤਾ ਕੰਮ ਕੀਤਾ। 1966 ਵਿਚ ‘ਫੂਲ ਔਰ ਪੱਥਰ’ ਵਿਚ ਮੀਨਾ ਕੁਮਾਰੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਲੋਕਾਂ ਵਲੋਂ ਉਸ ਦੇ ਕੰਮ ਨੂੰ ਪਹਿਲੀ ਵਾਰ ਮਾਣਤਾ ਮਿਲੀ।
ਸੋਹਣਾ ਸੁਨੱਖਾ ਤੇ ਮਨਮੋਹਕ ਚਿਹਰੇ ਵਾਲਾ ਨੌਜਵਾਨ ਧਰਮ ਸਿੰਘ ਫ਼ਿਲਮ ਜਗਤ ਵਿਚ ਆਉਣ ਨਾਲ ਧਰਮਿੰਦਰ ਬਣ ਗਿਆ। ਧਰਮਿੰਦਰ ਇਕ ਸਮੇਂ ਮੀਨਾ ਕੁਮਾਰੀ, ਨੂਤਨ ਅਤੇ ਮਾਲਾ ਸਿਨਹਾ ਦੀਆਂ ਧੜਕਣਾ ਵਧਾ ਰਿਹਾ ਸੀ। ਉਹ ਮੀਨਾ ਕੁਮਾਰੀ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ। ਬਾਅਦ ਵਿਚ ਹੇਮਾ ਮਾਲਿਨੀ ਨਾਲ ਦਰਜਨਾਂ ਫ਼ਿਲਮਾ ਕੀਤੀਆਂ। ਇਸ ਤੋਂ ਬਾਅਦ ਤਾਂ ਉਸ ਦੀ ਹੇਮਾ ਮਾਲਿਨੀ ਨਾਲ ਅਜਿਹੀ ਦੋਸਤੀ ਪਈ ਕਿ ਵਿਵਾਹਤ ਹੋਣ ਦੇ ਬਾਵਜੂਦ ਉਸ ਨੇ ਧਰਮ ਬਦਲ ਕੇ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਇਕ ਤੋਂ ਬਾਅਦ ਇਕ ਪ੍ਰੋਡਿਊਸਰ ਨੂੰ ਧਰਮਿੰਦਰ ਦੀ ਅਦਾਕਾਰੀ ਚੁੰਧਿਆਉਣ ਲੱਗ ਪਈ ਤੇ ਉਹ ਫ਼ਿਲਮ ਜਗਤ ਵਿਚ ਛਾ ਗਿਆ। ‘ਸ਼ੋਲੇ’ ਵਿਚ ਹੇਮਾ ਮਾਲਿਨੀ ਨਾਲ ਵੀਰੂ ਦਾ ਰੋਲ ਕੀਤਾ। ਇਸ ਰੋਲ ਤੋਂ ਬਾਅਦ ਤਾਂ ਉਸ ਦੀ ਚੜ੍ਹ ਮੱਚ ਗਈ। ਉਸ ਨੇ ਹੇਮਾ ਮਾਲਿਨੀ ਨਾਲ ਲਗਾਤਾਰ 28 ਫ਼ਿਲਮਾਂ ਕੀਤੀਆਂ। ਧਰਮੇਂਦਰ ਦੀ ਅਦਾਕਾਰੀ ਕਮਾਲ ਦੀ ਸੀ, ਜਿਸ ਕਰ ਕੇ ਉਸ ਨੇ ਇੱਕੋ ਸਾਲ 1973 ਵਿਚ ਅੱਠ ਅਤੇ ਇਕੋ ਸਾਲ 1987 ਵਿਚ ਉਸ ਨੇ ਨੌਂ ਸ਼ਾਹਕਾਰ ਫ਼ਿਲਮਾ ਬਣਾ ਕੇ ਰਿਕਾਰਡ ਬਣਾ ਦਿਤਾ। ਇੰਨੀਆਂ ਫ਼ਿਲਮਾ ਬਣਾਉਣੀਆਂ ਤੇ ਫਿਰ ਉਨ੍ਹਾਂ ਦਾ ਲੋਕਾਂ ਵਿਚ ਸਰਬਪ੍ਰਮਾਣਤ ਹੋਣਾ ਧਰਮੇਂਦਰ ਦੀ ਕਾਬਲੀਅਤ ਤੇ ਅਦਾਕਾਰੀ ਦਾ ਇਸ ਤੋਂ ਵੱਡਾ ਪ੍ਰਮਾਣ ਹੋਰ ਕੋਈ ਨਹੀਂ ਹੋ ਸਕਦਾ। 1983 ਵਿਚ ‘ਵਿਜੇਤਾ ਫ਼ਿਲਮ’ ਨਾਂ ਦੀ ਪ੍ਰੋਡਕਸ਼ਨ ਕੰਪਨੀ ਵੀ ਬਣਾਈ ਸੀ। ਉਸ ਨੇ ਦੋ ਫ਼ਿਲਮਾਂ ਬੇਤਾਬ 1983 ਅਤੇੇ ਬਰਸਾਤ ਬਣਾਈਆਂ। ਧਰਮੇਂਦਰ 2004 ਵਿਚ ਰਾਜਸਥਾਨ ਦੇ ਬੀਕਾਨੇਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ। ਉਹ 2009 ਤਕ ਬੀਕਾਨੇਰ ਹਲਕੇ ਦੀ ਪ੍ਰੀਨਿਧਤਾ ਕਰਦੇ ਰਹੇ ਹਨ।
ਧਰਮੇਂਦਰ ਨੂੰ ਉਸ ਦੀਆਂ ਫ਼ਿਲਮਾਂ ਵਿਚ ਬਿਹਤਰੀਨ ਅਦਾਕਾਰੀ ਕਰ ਕੇ ਬਹੁਤ ਸਾਰੇ ਮਾਨ ਸਨਮਾਨ ਮਿਲੇ, ਜਿਨ੍ਹਾਂ ਵਿਚ ‘ਰਾਸ਼ਟਰੀ ਫ਼ਿਲਮ ਫ਼ੇਅਰ’ ਪੁਰਸਕਾਰ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ। ਇਸ ਤੋਂ ਇਲਾਵਾ ਲੜੀਵਾਰ 1991 ਵਿਚ ‘ਘਾਇਲ’ (ਨਿਰਮਾਤਾ) ਫ਼ਿਲਮ ਲਈ ‘ਫ਼ਿਲਮ ਫ਼ੇਅਰ ਅਵਾਰਡ’, ਉਸ ਨੂੰ ਹਿੰਦੀ ਫ਼ਿਲਮਾਂ ਵਿਚ ਯੋਗਦਾਨ ਲਈ 1997 ਵਿਚ ‘ਫ਼ਿਲਮ ਫੇਅਰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਮਿਲਿਆ, 1965 ‘ਆਈ ਮਿਲਨ ਕੀ ਬੇਲਾ’ ਬੈਸਟ ਸਪੋਰਟਿੰਗ ਐਕਟਰ ਅਵਾਰਡ, 1967 ‘ਫੂਲ ਔਰ ਪੱਥਰ’ ਲਈ ਸਰਵੋਤਮ ਐਕਟਰ ਲਈ ‘ਫ਼ਿਲਮ ਫ਼ੇਅਰ ਅਵਾਰਡ’, 1972 ‘ਮੇਰਾ ਗਾਉਂ ਮੇਰਾ ਦੇਸ਼’ ਲਈ ਸਰਵੋਤਮ ਐਕਟਰ ਦਾ ‘ਫ਼ਿਲਮ ਫ਼ੇਅਰ ਅਵਾਰਡ’, 1974 ‘ਯਾਰੋਂ ਕੀ ਬਰਾਤ’ ਲਈ ਸਰਵੋਤਮ ਐਕਟਰ ਦਾ ‘ਫ਼ਿਲਮ ਫ਼ੇਅਰ ਅਵਾਰਡ’, 1975 ‘ਰੇਸ਼ਮ ਕੀ ਡੋਰੀ’ ਲਈ ਬੈਸਟ ਐਕਟਰ, 1984 ‘ਨੌਕਰ ਬੀਵੀ ਕਾ’ ਲਈ ਫ਼ਿਲਮ ਫ਼ੇਅਰ ਬੈਸਟ ਕਾਮੇਡੀਅਨ ਅਵਾਰਡ। 1970 ਦੇ ਦਹਾਕੇ ਵਿਚ ਅੰਤਰਰਾਸ਼ਟਰੀ ਪ੍ਰਕਾਸ਼ਨਾਂ ਦੁਆਰਾ ਧਰਮੇਂਦਰ ਨੂੰ ਦੁਨੀਆਂ ਦੇ ਸਭ ਤੋਂ ਖ਼ੂਬਸੂਰਤ ਆਦਮਿਆਂ ਵਿਚੋਂ ਇਕ ਵਜੋਂ ਵੋਟ ਦਿਤਾ ਗਿਆ ਸੀ, ਜੋ ਭਾਰਤ ਵਿਚ ਸਿਰਫ਼ ਸਲਮਾਨ ਖ਼ਾਨ (ਬਾਲੀਵੁੱਡ) ਨੂੰ 2004 ਵਿਚ ਨੂੰ ਦੁਬਾਰਾ ਮਿਲੀ ਸੀ। ਧਰਮੇਂਦਰ ਨੂੰ ਵਿਸ਼ਵ ਦਾ ਆਇਰਨ ਮੈਨ ਅਵਾਰਡ ਵੀ ਮਿਲਿਆ ਸੀ। 2012 ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਲਾਲਚੀ ਬਿਲਕੁਲ ਨਹੀਂ ਸੀ ਅਤੇ ਨਾ ਹੀ ਗਰੂਰ ਕਰਦਾ ਸੀ। ਨਮਰਤਾ ਉਸ ਦਾ ਗਹਿਣਾ ਸੀ, ਪ੍ਰੰਤੂ ਅਪਣੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੰਦਾ ਸੀ। ਧਰਮਿੰਦਰ ਉਰਦੂ ਵਿਚ ਕਵਿਤਾਵਾਂ ਵੀ ਲਿਖਦਾ ਸੀ।
ਧਰਮ ਸਿੰਘ ਦਿਓਲ ਦਾ ਵਿਆਹ 1954 ਵਿਚ ਮਹਿਜ 19 ਸਾਲ ਦੀ ਉਮਰ ਵਿਚ ਪ੍ਰਕਾਸ਼ ਕੌਰ ਨਾਲ ਹੋ ਗਿਆ ਸੀ। ਧਰਮੇਂਦਰ ਦੇ ਦੋ ਲੜਕੇ ਸਨੀ ਦਿਓਲ (ਅਜੈ ਸਿੰਘ ਦਿਓਲ) ਅਤੇ ਬੌਬੀ ਦਿਓਲ (ਵਿਜੈ ਸਿੰਘ ਦਿਓਲ) ਅਤੇ ਦੋ ਲੜਕੀਆਂ ਵਿਜੇਤਾ ਦਿਓਲ ਅਤੇ ਅਜੀਤਾ ਦਿਓਲ ਹਨ। ਦੂਜੀ ਪਤਨੀ ਹੇਮਾ ਮਾਲਿਨੀ ਤੋਂ ਵੀ ਧਰਮੇਂਦਰ ਦੀਆਂ ਦੋ ਲੜਕੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM
Advertisement