ਭਾਰਤ ਸਰਕਾਰ ਦੇ ਸੂਤਰਾਂ ਨੇ ਦਸਿਆ ਸਿਨੇਮਾ ਦਾ ਕਲਾਤਮਕ ਪ੍ਰਗਟਾਵਾ
ਨਵੀਂ ਦਿੱਲੀ : ਗਲਵਾਨ ਘਾਟੀ ’ਚ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਾਲੇ 2020 ’ਚ ਹੋਈ ਝੜਪ ਉਤੇ ਆਧਾਰਤ ਸਲਮਾਨ ਖਾਨ ਦੀ ਫਿਲਮ ‘ਬੈਟਲ ਆਫ਼ ਗਲਵਾਨ’ 1.12 ਮਿੰਟ ਦਾ ਟੀਜ਼ਰ ਜਾਰੀ ਹੋਣ ਤੋਂ ਬਾਅਦ ਸੁਰਖ਼ੀਆਂ ’ਚ ਛਾ ਗਈ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਹੈ ਕਿ ਸਿਨੇਮਾ ਕਲਾਤਮਕਤਾ ਦਾ ਪ੍ਰਗਟਾਵਾ ਹੈ ਅਤੇ ਭਾਰਤ ਇਸ ’ਤੇ ਕੋਈ ਪਾਬੰਦੀ ਨਹੀਂ ਲਗਾਉਂਦਾ।
ਹਾਲਾਂਕਿ ਵੱਡੇ ਬਜਟ ਵਾਲੀ ਇਸ ਫ਼ਿਲਮ ਦੀ, ਉਮੀਦ ਅਨੁਸਾਰ, ਚੀਨ ਦੇ ਗਲੋਬਲ ਟਾਈਮਜ਼ ਨੇ ਆਲੋਚਨਾ ਕੀਤੀ ਹੈ, ਜਿਸ ਨੇ ਫਿਲਮ ਨੂੰ ਸਿਨੇਮੈਟਿਕ ਅਤਿਕਥਨੀ ਹੋਣ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਕਿ ਇਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੀ ਹੈ।
ਅਪੂਰਵਾ ਲਖੀਆ ਵਲੋਂ ਨਿਰਦੇਸ਼ਤ ਇਸ ਫਿਲਮ ਵਿਚ ਸਲਮਾਨ ਬਿਕੂਮੱਲਾ ਸੰਤੋਸ਼ ਬਾਬੂ ਦੀ ਭੂਮਿਕਾ ਨਿਭਾ ਰਹੇ ਹਨ, ਜਿਨ੍ਹਾਂ ਨੇ 2020 ਦੀ ਲੜਾਈ ਵਿਚ ਭਾਰਤੀ ਖੇਤਰ ਦੀ ਰੱਖਿਆ ਕਰਦੇ ਹੋਏ 16 ਬਿਹਾਰ ਰੈਜੀਮੈਂਟ ਦੇ 19 ਹੋਰ ਫ਼ੌਜੀਆਂ ਦੇ ਨਾਲ ਅਪਣੀ ਜਾਨ ਕੁਰਬਾਨ ਕਰ ਦਿਤੀ ਸੀ। ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਦਾ ਦੂਜਾ ਸੱਭ ਤੋਂ ਵੱਡਾ ਜੰਗ ਸਮੇਂ ਦਾ ਬਹਾਦਰੀ ਪੁਰਸਕਾਰ, ਮਹਾਵੀਰ ਚੱਕਰ ਦਿਤਾ ਗਿਆ।
ਫਿਲਮ ਦਾ ਟੀਜ਼ਰ ਸਨਿਚਰਵਾਰ ਨੂੰ ਸਲਮਾਨ ਦੇ 60ਵੇਂ ਜਨਮਦਿਨ ਉਤੇ ਜਾਰੀ ਕੀਤਾ ਗਿਆ ਸੀ। ਇਸ ਵਿਚ ਅਦਾਕਾਰ ਦੇ ਫੌਜੀ ਅਧਿਕਾਰੀ ਅਤੇ ਭਾਰਤੀ ਫ਼ੌਜੀਆਂ ਦਾ ਸਮੂਹ ਪੀ.ਐਲ.ਏ. ਫੌਜ ਦੇ ਮੈਂਬਰਾਂ ਉਤੇ ਹਮਲਾ ਕਰਨ ਲਈ ਤਿਆਰ ਵਿਖਾਈ ਦੇ ਰਿਹਾ ਹੈ ਅਤੇ ਪਿਛੋਕੜ ਵਿਚ ‘ਮੇਰਾ ਭਾਰਤ ਦੇਸ਼ ਮਹਾਨ ਹੈ’ ਗਾਣਾ ਚਲ ਰਿਹਾ ਹੈ।
ਟੀਜ਼ਰ, ਜੋ ਕਿ ਸਲਮਾਨ ਦੇ ਕਿਰਦਾਰ ਦੀ ਆਵਾਜ਼ ਨਾਲ ਸ਼ੁਰੂ ਹੁੰਦਾ ਹੈ, ‘ਸਿਪਾਹੀਓ, ਯਾਦ ਰੱਖੋ, ਜੇ ਤੁਹਾਨੂੰ ਸੱਟ ਲਗਦੀ ਹੈ, ਤਾਂ ਇਸ ਨੂੰ ਮੈਡਲ ਦੀ ਤਰ੍ਹਾਂ ਸਮਝੋ ਅਤੇ ਜੇ ਤੁਸੀਂ ਮੌਤ ਨੂੰ ਵੇਖਦੇ ਹੋ, ਤਾਂ ਇਸ ਨੂੰ ਸਲਾਮ ਕਰੋ’। ਇਸ ਨੂੰ ਪਹਿਲਾਂ ਹੀ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਉਤੇ 6 ਕਰੋੜ ਤੋਂ ਵੱਧ ਵਾਰੀ ਵੇਖਿਆ ਜਾ ਚੁਕਿਆ ਹੈ।
ਇਕ ਸਰਕਾਰੀ ਸੂਤਰ ਨੇ ਕਿਹਾ, ‘‘ਭਾਰਤ ਵਿਚ ਸਿਨੇਮਾ ਦੇ ਪ੍ਰਗਟਾਵੇ ਦੀ ਪਰੰਪਰਾ ਰਹੀ ਹੈ। 1964 ਵਿਚ ‘ਹਕੀਕਤ’ ਨਾਮ ਦੀ ਇਕ ਫਿਲਮ ਬਣਾਈ ਗਈ ਸੀ ਅਤੇ ਇਸ ਦਾ ਵਿਸ਼ਾ 1962 ਦੀ ਭਾਰਤ-ਚੀਨ ਜੰਗ ਸੀ। ਇਕ ਹੋਰ ਫਿਲਮ ‘120 ਬਹਾਦਰ’ ਹਾਲ ਹੀ ਵਿਚ ਰੇਜਾਂਗ ਲਾ ਦੀ ਮਹਾਨ ਲੜਾਈ ਉਤੇ ਬਣਾਈ ਗਈ ਸੀ। ਸਿਨੇਮਾ ਇਕ ਕਲਾਤਮਕ ਪ੍ਰਗਟਾਵਾ ਹੈ ਅਤੇ ਭਾਰਤ ਇਸ ਨੂੰ ਸੀਮਤ ਨਹੀਂ ਕਰਦਾ।’’ ਕਈ ਭਾਰਤੀ ਮੀਡੀਆ ਆਉਟਲੈਟਸ ਨੇ ਟੀਜ਼ਰ ਅਤੇ ਚੀਨੀ ਮੀਡੀਆ ਵਲੋਂ ਇਸ ਦੀ ਆਲੋਚਨਾ ਬਾਰੇ ਰੀਪੋਰਟ ਕੀਤੀ।
ਗਲੋਬਲ ਟਾਈਮਜ਼ ਨੇ ਫਿਲਮ ਨੂੰ ਪ੍ਰਾਪੇਗੰਡਾ ਕਰਾਰ ਦਿਤਾ ਅਤੇ ਇਕ ‘ਚੀਨੀ ਮਾਹਰ’ ਅਤੇ ਕਈ ਵੀਬੋ (ਚੀਨੀ ਸੋਸ਼ਲ ਮੀਡੀਆ) ਖਾਤਿਆਂ ਦਾ ਹਵਾਲਾ ਦਿਤਾ ਤਾਂ ਜੋ ਛੋਟੇ ਟੀਜ਼ਰ ਦੇ ਵੱਖ-ਵੱਖ ਪਹਿਲੂਆਂ ਵਿਚ ਨੁਕਸ ਲੱਭਿਆ ਜਾ ਸਕੇ।
ਅਖਬਾਰ ਨੇ ਦਾਅਵਾ ਕੀਤਾ ਕਿ ਇਕ ਚੀਨੀ ਮਾਹਰ ਨੇ ਸੋਮਵਾਰ ਨੂੰ ਕਿਹਾ ਕਿ ਫ਼ਿਲਮ ਚੀਨ ਦੇ ਪ੍ਰਭੂਸੱਤਾ ਸੰਪੰਨ ਖੇਤਰ ਦੀ ਰੱਖਿਆ ਕਰਨ ਲਈ ਪੀ.ਐਲ.ਏ. ਦੇ ਦ੍ਰਿੜ ਇਰਾਦੇ ਨੂੰ ਹਿਲਾ ਨਹੀਂ ਸਕਦੀ। ਮਾਹਰ ਨੇ ਕਿਹਾ ਕਿ ਫ਼ਿਲਮ ਵਿਚ ਕਿਰਦਾਰਾਂ ਦੀ ਦਿੱਖ ਅਤੇ ਪਹਿਰਾਵੇ, ਅਦਾਕਾਰਾਂ ਦੇ ਵਾਲ ਉਨ੍ਹਾਂ ਦੀਆਂ ਫੌਜੀ ਭੂਮਿਕਾਵਾਂ ਨਾਲ ਮੇਲ ਨਹੀਂ ਖਾਂਦੇ ਜਾਂ ਕਹਾਣੀ ਵਿਚ ਦਰਸਾਏ ਗਏ ਬਹੁਤ ਠੰਡ, ਅਤੇ, ਸੱਭ ਤੋਂ ਮਹੱਤਵਪੂਰਨ, ਘਟਨਾਵਾਂ ਦਾ ਚਿੱਤਰਣ ਤੱਥਾਂ ਨਾਲ ਮੇਲ ਨਹੀਂ ਖਾਂਦਾ।
ਸਲਮਾਨ ਖਾਨ ਅਤੇ ਉਨ੍ਹਾਂ ਦੀ ਮਾਂ ਸਲਮਾ ਖਾਨ ਵਲੋਂ ਨਿਰਮਿਤ ਫਿਲਮ ‘ਬੈਟਲ ਆਫ ਗਲਵਾਨ’ 17 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਪੂਰਬੀ ਲੱਦਾਖ ’ਚ ਫੌਜੀ ਗਤੀਰੋਧ ਮਈ 2020 ’ਚ ਸ਼ੁਰੂ ਹੋਇਆ ਸੀ। ਉਸ ਸਾਲ ਜੂਨ ਵਿਚ ਗਲਵਾਨ ਘਾਟੀ ਵਿਚ ਹੋਈਆਂ ਝੜਪਾਂ ਦੇ ਨਤੀਜੇ ਵਜੋਂ ਭਾਰਤ ਅਤੇ ਚੀਨ ਦੇ ਸਬੰਧਾਂ ਵਿਚ ਭਾਰੀ ਤਣਾਅ ਪੈਦਾ ਹੋਇਆ ਸੀ। ਗਲਵਾਨ ਘਾਟੀ ਵਿਚ 15 ਜੂਨ, 2020 ਨੂੰ ਹੋਈ ਝੜਪ ਵਿਚ ਭਾਰਤੀ ਫੌਜ ਦੇ 20 ਜਵਾਨਾਂ ਨੇ ਅਪਣੀਆਂ ਜਾਨਾਂ ਕੁਰਬਾਨ ਕਰ ਦਿਤੀਆਂ ਸਨ।
ਫ਼ਰਵਰੀ 2021 ’ਚ, ਚੀਨ ਨੇ ਅਧਿਕਾਰਤ ਤੌਰ ਉਤੇ ਮਨਜ਼ੂਰ ਕੀਤਾ ਕਿ ਝੜਪਾਂ ਵਿਚ ਪੰਜ ਚੀਨੀ ਫੌਜੀ ਅਧਿਕਾਰੀ ਅਤੇ ਸੈਨਿਕ ਮਾਰੇ ਗਏ ਸਨ, ਹਾਲਾਂਕਿ ਇਹ ਵਿਆਪਕ ਤੌਰ ਉਤੇ ਮੰਨਿਆ ਜਾਂਦਾ ਹੈ ਕਿ ਚੀਨੀ ਪਾਸੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ।
