
43 ਸਾਲ ਬਾਅਦ ਅੱਜ ਵੀ ਉਨ੍ਹਾਂ ਬਿਨਾਂ ਸੰਗੀਤ ਅਧੂਰਾ ਹੈ
ਚੰਡੀਗੜ੍ਹ (ਮੁਸਕਾਨ ਢਿੱਲੋਂ): ਇਤਿਹਾਸ ਦੇ ਪੰਨਿਆਂ ਵਿਚ 31 ਜੁਲਾਈ ਦਾ ਦਿਨ ਮਕਬੂਲ ਸੁਰਾਂ ਦੇ ਸਰਤਾਜ ਮੁਹੰਮਦ ਰਫ਼ੀ ਦੇ ਦੁਨੀਆਂ ਨੂੰ ਅਲਵਿਦਾ ਕਹਿਣ ਲਈ ਦਰਜ ਹੈ। ਕਈ ਦਹਾਕਿਆਂ ਤੱਕ ਸੰਗੀਤ ਦੀ ਦੁਨੀਆ 'ਤੇ ਰਾਜ ਕਰਨ ਵਾਲੇ ਪਲੇਅਬੈਕ ਸਿੰਗਿੰਗ ਦੇ ਬਾਦਸ਼ਾਹ ਮੁਹੰਮਦ ਰਫ਼ੀ ਦੀ ਅੱਜ ਬਰਸੀ ਹੈ।ਮਖਮਲੀ ਆਵਾਜ਼ ਦੇ ਬਾਦਸ਼ਾਹ ਰਫ਼ੀ ਸਾਹਬ 31 ਜੁਲਾਈ 1980 ਨੂੰ ਤਿੰਨ ਵਾਰ ਦਿਲ ਦਾ ਦੌਰਾ ਪੈਣ ਨਾਲ ਦੁਨੀਆਂ ਤੋਂ ਰੁਖਸਤ ਹੋ ਗਏ ਸਨ।
43 ਸਾਲ ਬਾਅਦ ਅੱਜ ਵੀ ਉਨ੍ਹਾਂ ਬਿਨਾਂ ਸੰਗੀਤ ਅਧੂਰਾ ਹੈ। ਆਵਾਜ਼ ਦੇ ਜਾਦੂਗਰ ਕਹੇ ਜਾਣ ਵਾਲੇ ਗਾਇਕ ਮੁਹੰਮਦ ਰਫ਼ੀ ਦੀ ਆਵਾਜ਼ ਅੱਜ ਵੀ ਲੋਕਾਂ ਦੇ ਕੰਨਾਂ ਵਿਚ ਰਸ ਘੋਲ ਦਿੰਦੀ ਹੈ। ਇੱਕ ਰਾਸ਼ਟਰੀ ਪੁਰਸਕਾਰ ਅਤੇ ਛੇ ਫਿਲਮਫੇਅਰ ਪੁਰਸਕਾਰਾਂ ਦੇ ਪ੍ਰਾਪਤਕਰਤਾ ਮੁਹੰਮਦ ਰਫ਼ੀ ਨੇ ਆਪਣੇ 40 ਸਾਲਾਂ ਦੇ ਕਰੀਅਰ ਵਿੱਚ 26,000 ਤੋਂ ਵੱਧ ਗੀਤ ਰਿਕਾਰਡ ਕੀਤੇ। ਹਾਲਾਂਕਿ ਰਫੀ ਦਾ ਲਗਭਗ ਹਰ ਗੀਤ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖਾਸ ਹੁੰਦਾ ਹੈ, ਪਰ ਇਕ ਗੀਤ ਅਜਿਹਾ ਵੀ ਹੈ ਜੋ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੇ ਦਿਲ ਦੇ ਬੇਹੱਦ ਕਰੀਬ ਹੈ।
ਉਹ 31 ਜੁਲਾਈ, 1980 ਦਾ ਦਿਨ ਸੀ, ਜਦੋਂ ਰਫ਼ੀ ਸਾਬ੍ਹ ਨੇ ਆਪਣੇ ਆਖਰੀ ਸਮੇਂ ਵਿਚ ਮਖਮਲੀ ਆਵਾਜ਼ ਨਾਲ ਸਟੂਡੀਓ ਨੂੰ ਆਪਣੀ ਗਾਇਕੀ ਨਾਲ ਗੁਲਜ਼ਾਰ ਕੀਤਾ ਸੀ। ਫਿਲਮ ਅਧਿਕਾਰ ਦਾ ਗੀਤ 'ਸ਼ਾਮ ਫਿਰ ਕਿਉ ਉਦਾਸ ਹੈ ਦੋਸਤ, ਤੂੰ ਕਹੀਂ ਆਸਪਾਸ ਹੈ ਦੋਸਤ' ਰਫ਼ੀ ਦਾ ਆਪਣੀ ਆਵਾਜ਼ 'ਚ ਗਾਇਆ ਆਖਰੀ ਗੀਤ ਸੀ। ਉਹ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਉਹ ਗੀਤ ਦੀ ਰਿਕਾਰਡਿੰਗ ਕਰਕੇ ਆਏ ਸੀ ਪਰ ਕੌਣ ਜਾਣਦਾ ਸੀ ਕਿ ਇਹ ਉਸਦਾ ਆਖਰੀ ਦਿਨ ਹੋਵੇਗਾ।
ਦੇਸ਼ ਭਗਤੀ, ਰੋਮਾਂਟਿਕ ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਕੱਵਾਲੀ, ਗ਼ਜ਼ਲ ਅਤੇ ਕਲਾਸੀਕਲ ਗੀਤ ਵੀ ਗਾਏ। ਮੁਹੰਮਦ ਰਫ਼ੀ ਨੇ 'ਅਨਮੋਲ ਗੜੀ', 'ਮੇਲਾ', 'ਦੁਲਾਰੀ' ਅਤੇ 'ਸ਼ਹੀਦ' ਵਰਗੀਆਂ ਫਿਲਮਾਂ ਲਈ ਕਈ ਸ਼ਾਨਦਾਰ ਗੀਤ ਦਿੱਤੇ। ਮੌਤ ਤੋਂ ਅਗਲੇ ਦਿਨ 1 ਅਗਸਤ ਨੂੰ ਮੁੰਬਈ 'ਚ ਪਏ ਭਾਰੀ ਮੀਂਹ ਵਿਚ ਭਿੱਜ ਰਹੇ ਲੋਕਾਂ ਨੇ ਪਹਿਲਾਂ ਕਦੇ ਵੀ ਅਜਿਹਾ ਜਨਾਜਾ ਨਹੀਂ ਵੇਖਿਆ ਸੀ। 13 ਸਾਲ ਦੀ ਉਮਰ ਵਿੱਚ, ਰਫ਼ੀ ਦਾ ਪਹਿਲਾ ਵਿਆਹ ਉਸਦੇ ਜੱਦੀ ਪਿੰਡ ਕੋਟਲਾ ਸੁਲਤਾਨ ਸਿੰਘ, ਅੰਮ੍ਰਿਤਸਰ, ਪੰਜਾਬ ਵਿੱਚ ਉਸਦੇ ਚਾਚੇ ਦੀ ਧੀ, ਬਸ਼ੀਰਾ ਬੇਗਮ ਨਾਲ ਹੋਇਆ ਸੀ।
ਇਸ ਵਿਆਹ ਤੋਂ ਉਹਨਾਂ ਦਾ ਇੱਕ ਪੁੱਤਰ, ਸਈਦ ਸੀ। ਦਰਅਸਲ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਹੋਏ ਹਿੰਦੂ-ਮੁਸਲਮਾਨ ਦੰਗਿਆਂ ਵਿਚ ਆਪਣੇ ਮਾਤਾ-ਪਿਤਾ ਨੂੰ ਗੁਆਉਣ ਤੋਂ ਬਾਅਦ ਰਫ਼ੀ ਦੀ ਪਹਿਲੀ ਪਤਨੀ ਨੇ ਭਾਰਤ ਵਿਚ ਆਉਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਉਹ ਲਾਹੌਰ ਵਿਚ ਹੀ ਰਹਿਣ ਦਾ ਫੈਸਲਾ ਕੀਤਾ ਅਤੇ ਰਫ਼ੀ ਆਪਣੇ ਕਰੀਅਰ ਕਾਰਨ ਮੁੰਬਈ ਵਿਚ ਹੀ ਰਹੇ। ਇਨ੍ਹਾਂ ਦੰਗਿਆਂ ਨੇ ਦੋਵਾਂ ਦੇ ਰਾਹ ਵੱਖ ਕਰ ਦਿਤੇ ਸੀ। 1944 ਵਿੱਚ, 20 ਸਾਲ ਦੀ ਉਮਰ ਵਿੱਚ, ਰਫੀ ਦਾ ਦੂਜਾ ਵਿਆਹ ਬਿਲਕੀਸ ਨਾਲ ਹੋਇਆ। ਰਫੀ ਦੇ ਦੂਜੇ ਵਿਆਹ ਤੋਂ ਉਹਨਾਂ ਦੇ ਤਿੰਨ ਪੁੱਤਰ, ਖਾਲਿਦ, ਹਾਮਿਦ, ਸ਼ਾਹਿਦ ਅਤੇ ਤਿੰਨ ਧੀਆਂ, ਪਰਵੀਨ ਅਹਿਮਦ, ਨਸਰੀਨ ਅਹਿਮਦ, ਯਾਸਮੀਨ ਅਹਿਮਦ ਸਨ।
ਕਿਹਾ ਜਾਂਦਾ ਹੈ ਕਿ ਜਦੋਂ ਰਫ਼ੀ ਸੱਤ ਸਾਲ ਦੇ ਸੀ ਤਾਂ ਉਹ ਆਪਣੇ ਵੱਡੇ ਭਰਾ ਦੀ ਦੁਕਾਨ ਤੋਂ ਲੰਘਣ ਵਾਲੇ ਇੱਕ ਫਕੀਰ ਦਾ ਪਿੱਛਾ ਕਰਦੇ ਸੀ, ਜੋ ਗਾਉਂਦਾ ਹੋਇਆ ਲੰਘਦਾ ਸੀ। ਰਫ਼ੀ ਨੂੰ ਫਕੀਰ ਦੀ ਆਵਾਜ਼ ਬਹੁਤ ਪਸੰਦ ਸੀ ਅਤੇ ਰਫ਼ੀ ਇਸ ਦੀ ਨਕਲ ਕਰਦਾ ਸੀ। ਨਕਲ ਦੇ ਗੀਤਾਂ ਵਿਚ ਮੁਹਾਰਤ ਦੇਖ ਕੇ ਲੋਕ ਵੀ ਉਸ ਦੀ ਆਵਾਜ਼ ਨੂੰ ਪਸੰਦ ਕਰਨ ਲੱਗੇ। ਲੋਕ ਉਸਦੇ ਗੀਤਾਂ ਦੀ ਤਾਰੀਫ ਕਰਨ ਲੱਗੇ। ਰਫ਼ੀ ਦੀ ਗਾਇਕੀ ਪ੍ਰਤੀ ਭਾਵਨਾ ਦੇਖ ਕੇ ਫਕੀਰ ਬਹੁਤ ਖੁਸ਼ ਹੋਇਆ ਅਤੇ ਉਸਨੇ ਰਫੀ ਨੂੰ ਆਸ਼ੀਰਵਾਦ ਦਿੱਤਾ ਕਿ "ਬੇਟਾ ਇੱਕ ਦਿਨ ਤੂੰ ਬਹੁਤ ਵੱਡਾ ਗਾਇਕ ਬਣੇਗਾ"।