
2022 ਸਾਡੇ ਦਿਲ 'ਤੇ ਇੰਨਾ ਵੱਡਾ ਜ਼ਖ਼ਮ ਛੱਡ ਕੇ ਗਿਆ ਹੈ ਕਿ ਜਿਹੜਾ ਆਖ਼ਰੀ ਸਾਹ ਤੱਕ ਰੜਕਦਾ ਰਹੇਗਾ: ਮਾਤਾ ਚਰਨ ਕੌਰ
ਮਾਨਸਾ : ਅੱਜ ਨਵੇਂ ਸਾਲ ਮੌਕੇ ਮਰਹੂਮ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਸਿੱਧੂ ਦੇ ਮਾਤਾ ਚਰਨ ਕੌਰ ਆਪਣੇ ਪੁੱਤਰ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਅਤੇ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਏ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਵਾਂ ਸਾਲ ਚੜ੍ਹਿਆ ਹੈ ਜਿਸ ਲਈ ਸਾਰਿਆਂ ਨੂੰ ਵਧਾਈ ਦਿੰਦਿਆਂ ਹਾਂ ਪਰ ਸਾਲ 2022 ਸਾਡੇ ਦਿਲ 'ਤੇ ਇੰਨਾ ਵੱਡਾ ਜ਼ਖ਼ਮ ਛੱਡ ਕੇ ਗਿਆ ਹੈ ਕਿ ਜਿਹੜਾ ਆਖ਼ਰੀ ਸਾਹ ਤੱਕ ਰੜਕਦਾ ਰਹੇਗਾ ਅਤੇ ਸਿੱਧੂ ਦਾ ਪਿਆ ਘਾਟਾ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ।
ਅੱਗੇ ਬੋਲਦਿਆਂ ਮਾਤਾ ਚਰਨ ਕੌਰ ਨੇ ਕਿਹਾ ਕਿ ਅਸੀਂ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਹਰ ਅੱਗੇ ਅਪੀਲ ਕੀਤੀ ਹੈ ਪਰ ਕੋਈ ਵੀ ਸਾਰਥਕ ਨਤੀਜਾ ਨਹੀਂ ਨਿਕਲਿਆ। ਸਿੱਧੂ ਨੂੰ ਮਾਰਨ ਵਾਲਿਆਂ ਨੂੰ ਰੱਬ ਸਜ਼ਾ ਦੇਵੇਗਾ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਭਗਤ ਸੀ। ਨਵੇਂ ਸਾਲ 'ਤੇ ਆਪਣੇ ਲਈ ਕੁਝ ਨਹੀਂ ਮੰਗਦਾ ਸੀ ਸਗੋਂ ਦੂਜਿਆਂ ਦਾ ਭਲਾ ਅਤੇ ਖ਼ੁਸ਼ੀ ਮੰਗਦਾ ਸੀ। ਮੇਰੇ ਪੁੱਤ ਦੇ ਕਾਤਲਾਂ ਦਾ ਹਿਸਾਬ ਹੁਣ ਪਰਮਾਤਮਾ ਕਰੇਗਾ ਜਿਸ ਅੱਗੇ ਅਸੀਂ ਸਵੇਰੇ ਸ਼ਾਮ ਅਰਦਾਸ ਕਰਦੇ ਹਾਂ।
ਦੁਖੀ ਹਿਰਦੇ ਨਾਲ ਚਰਨ ਕੌਰ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਦਰਿੰਦਿਆਂ ਨੇ ਸਾਡਾ ਘਰ ਉਜਾੜਿਆ, ਵਾਹਿਗੁਰੂ ਉਨ੍ਹਾਂ ਨੂੰ ਛੇਤੀ ਨਾ ਮਾਰੀਂ, ਅਜਿਹੀ ਸਜ਼ਾ ਦੇਵੀਂ ਕਿ ਹਰ ਸਮੇਂ ਤੜਫਦੇ ਰਹਿਣ। ਉਨ੍ਹਾਂ ਕਿਹਾ ਕਿ ਹਰ ਕੋਈ ਸਿੱਧੂ ਨੂੰ ਯਾਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁੱਤ ਦੇ ਵਿਛੋੜੇ ਵਿਚ ਰੋਜ਼ ਤੜਫਦੇ ਹਾਂ। ਰੋਜ਼ ਨੀਂਦ ਦੀ ਗੋਲੀ ਖਾ ਕੇ ਸੌਣਾ ਪੈਂਦਾ ਹੈ। ਸਿੱਧੂ ਮੂਸੇਵਾਲਾ ਨੌਜਵਾਨਾਂ ਅਤੇ ਛੋਟੇ ਬੱਚਿਆਂ ਲਈ ਇੱਕ ਸੇਧ ਸੀ, ਬਹੁਤ ਲੋਕ ਉਸ ਨੂੰ ਪਿਆਰ ਕਰਦੇ ਸਨ ਅਤੇ ਸਾਰੇ ਇਨਸਾਫ ਦੀ ਮੰਗ ਕਰ ਰਹੇ ਹਨ।