
ਜਾਨੀ ਨੇ ਚਿੱਠੀ ’ਚ ਸੁਰੱਖਿਆ ਦੇ ਨਾਲ-ਨਾਲ ਲਾਇਸੰਸੀ ਹਥਿਆਰ ਦੀ ਵੀ ਮੰਗ ਕੀਤੀ ਹੈ।
ਚੰਡੀਗੜ੍ਹ - ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਹਾਅਦ ਹੁਣ ਗੈਂਗਸਟਰ ਹੋਰ ਪੰਜਾਬੀ ਗਾਇਕਾਂ ਨੂੰ ਵੀ ਧਮਕੀਆਂ ਦੇਣ ਲੱਗ ਗਏ ਹਨ। ਹੁਣ ਮਸ਼ਹੂਰ ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਗੱਲ ਦਾ ਖ਼ੁਲਾਸਾ ਖ਼ੁਦ ਜਾਨੀ ਨੇ ਕੀਤਾ ਹੈ। ਧਮਕੀ ਮਿਲਣ ਤੋਂ ਬਾਅਦ ਜਾਨੀ ਨੇ ਮੁੱਖ ਮੰਤਰੀ ਭਗਵੰਤ ਮਾਨ, ਏ. ਡੀ. ਜੀ. ਪੀ. ਪੰਜਾਬ ਤੇ ਐੱਸ. ਐੱਸ. ਪੀ. ਮੋਹਾਲੀ ਨੂੰ ਚਿੱਠੀ ਲਿਖ ਕੇ ਜਾਨ ਨੂੰ ਖ਼ਤਰੇ ਦੀ ਗੱਲ ਆਖੀ ਹੈ ਤੇ ਸੁਰੱਖਿਆ ਦੀ ਮੰਗ ਕੀਤੀ ਹੈ।
ਜਾਨੀ ਨੇ ਚਿੱਠੀ ਵਿਚ ਲਿਖਿਆ ਹੈ ਕਿ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮੈਨੇਜਰ ਨੂੰ ਸ਼ਰਾਰਤੀ ਅਨਸਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੇ ਚਲਦਿਆਂ ਉਹ ਪੰਜਾਬ ਛੱਡ ਕੇ ਕਿਤੇ ਹੋਰ ਸ਼ਿਫਟ ਹੋ ਗਏ ਹਨ। ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਚਲਦਿਆਂ ਉਹ ਤੇ ਉਨ੍ਹਾਂ ਦਾ ਮੈਨੇਜਰ ਦਿਮਾਗੀ ਤੌਰ ’ਤੇ ਵੱਡੀ ਪ੍ਰੇਸ਼ਾਨੀ ਝੱਲ ਰਹੇ ਹਨ।
ਜਾਨੀ ਨੇ ਚਿੱਠੀ ’ਚ ਸਿੱਧੂ ਮੂਸੇ ਵਾਲਾ ਦਾ ਦਿਨ-ਦਿਹਾੜੇ ਹੋਏ ਕਤਲ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਹੌਲ ਦੇ ਚਲਦਿਆਂ ਉਹ ਕਿਤੇ ਸ਼ੂਟ ਕਰਨ ਤੋਂ ਵੀ ਡਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਕੰਮਕਾਜੀ ਤੇ ਨਿੱਜੀ ਜ਼ਿੰਦਗੀ ’ਤੇ ਅਸਰ ਪੈ ਰਿਹਾ ਹੈ। ਜਾਨੀ ਨੇ ਕਿਹਾ ਕਿ ਇਨ੍ਹਾਂ ਧਮਕੀਆਂ ਕਾਰਨ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਟਾਫ ਨੂੰ ਸੁਰੱਖਿਆ ਦੀ ਬੇਹੱਦ ਲੋੜ ਹੈ। ਜਾਨੀ ਨੇ ਚਿੱਠੀ ’ਚ ਸੁਰੱਖਿਆ ਦੇ ਨਾਲ-ਨਾਲ ਲਾਇਸੰਸੀ ਹਥਿਆਰ ਦੀ ਵੀ ਮੰਗ ਕੀਤੀ ਹੈ।