Diljit Dosanjh News: ਮੰਤਰੀ ਹਰਜੀਤ ਸੱਜਣ ਨੇ ਬੀਤੀ 27 ਅਪ੍ਰੈਲ ਨੂੰ ‘ਕੈਨੇਡੀਅਨ ਆਰਮਡ ਫ਼ੋਰਸੇਜ਼’ ਦੇ 100 ਫ਼ੌਜੀ ਮੁਹਈਆ ਕਰਵਾਉਣ ਲਈ ਬੇਨਤੀ ਕੀਤੀ ਸੀ
Minister Harjit Singh Sajjan's request for Diljit Dosanjh's show was rejected by the Canadian army: ਕੈਨੇਡਾ ਦੇ ਐਮਰਜੈਂਸੀ ਤਿਆਰੀ ਬਾਰੇ ਮੰਤਰੀ ਹਰਜੀਤ ਸਿੰੰਘ ਸੱਜਣ ਨੇ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ’ਚ ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਦਿਲਜੀਤ ਦੋਸਾਂਝ ਦੇ ਸੰਗੀਤਕ ਸ਼ੋਅ ਵਿਚ ਸ਼ਾਮਲ ਕੀਤੇ ਜਾਣ ਲਈ 100 ਫ਼ੌਜੀ ਜਵਾਨ ਕੈਨੇਡਾ ਸਰਕਾਰ ਤੋਂ ਮੰਗੇ ਸਨ ਪਰ ਉਨ੍ਹਾਂ ਦੀ ਇਹ ਮੰਗ ਮੰਨੀ ਨਹੀਂ ਗਈ ਸੀ। ਕੈਨੇਡੀਅਨ ਆਰਮਡ ਫ਼ੋਰਸੇਜ਼ ਦੇ ਕਮਾਂਡਰਾਂ ਨੇ ਇਸ ਬੇਨਤੀ ਨੂੰ ਰੱਦ ਕਰ ਦਿਤਾ ਸੀ। ਦਰਅਸਲ, ਦੋਸਾਂਝ ਦੇ ਸ਼ੋਅ ਦੌਰਾਨ ਇਕ ਆਈਟਮ ਲਈ ਪਿਛੇ ਖੜੇ ਕਰ ਕੇ ਰੱਖਣ ਲਈ ਇਨ੍ਹਾਂ ਜਵਾਨਾਂ ਦੀ ਜ਼ਰੂਰਤ ਸੀ, ਇਸ ਲਈ ਮੰਤਰੀ ਸੱਜਣ ਨੇ ਅਜਿਹੀ ਮੰਗ ਕੀਤੀ ਸੀ।
ਮੰਤਰੀ ਹਰਜੀਤ ਸੱਜਣ ਨੇ ਬੀਤੀ 27 ਅਪ੍ਰੈਲ ਨੂੰ ‘ਕੈਨੇਡੀਅਨ ਆਰਮਡ ਫ਼ੋਰਸੇਜ਼’ ਦੇ 100 ਫ਼ੌਜੀ ਮੁਹਈਆ ਕਰਵਾਉਣ ਲਈ ਬੇਨਤੀ ਕੀਤੀ ਸੀ। ਪਰ ਤਦ ਸਮਾਂ ਵੀ ਥੋੜ੍ਹਾ ਸੀ ਤੇ ਫ਼ੌਜੀ ਜਵਾਨ ਵੀ ਅਜਿਹੇ ਕਿਸੇ ਸਮਾਰੋਹ ਲਈ ਉਪਲਬਧ ਨਹੀਂ ਹੋ ਸਕਦੇ ਸਨ। ਇਸ ਲਈ ਉਨ੍ਹਾਂ ਦੀ ਉਹ ਬੇਨਤੀ ਰੱਦ ਕਰ ਦਿਤੀ ਗਈ ਸੀ। ਕੈਨੇਡੀਅਨ ਮੀਡੀਆ ਨੇ ਹੁਣ ਇਸ ਖ਼ਬਰ ਨੂੰ ਵਡੇ ਪੱਧਰ ’ਤੇ ਚੁਕਿਆ ਹੈ।
ਇਥੇ ਵਰਨਣਯੋਗ ਹੈ ਕਿ ਦੋਸਾਂਝ ਦੇ ਇਸ ਸੰਗੀਤਮਈ ਸ਼ੋਅ ’ਚ 54,000 ਲੋਕਾਂ ਦੀ ਵੱਡੀ ਭੀੜ ਸੀ। ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ ’ਚ ਦਰਸ਼ਕ ਦੋਸਾਂਝ ਦੇ ਕਿਸੇ ਵਿਦੇਸ਼ੀ ਸ਼ੋਅ ਵਿਚ ਨਹੀਂ ਜੁੜੇ ਸਨ। ਇੰਝ ਇਹ ਪ੍ਰੋਗਰਾਮ ਵੀ ਇਕ ਰਿਕਾਰਡ ਬਣ ਗਿਆ ਸੀ। ਦੋਸਾਂਝ ਦਾ ਟੂਰ 28 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਤੇ 13 ਜੁਲਾਈ ਨੂੰ ਟੋਰਾਂਟੋ ਦੇ ਰੋਜਰਜ਼ ਸੈਂਟਰ ਵਿਖੇ ਸਮਾਪਤ ਹੋਇਆ ਸੀ।
ਹਰਜੀਤ ਸਿੰਘ ਸੱਜਣ ਨੂੰ 15 ਅਪ੍ਰੈਲ ਨੂੰ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਤੋਂ ਇਕ ਪੱਤਰ ਮਿਲਿਆ ਸੀ, ਜਿਸ ਵਿਚ ਕੈਨੇਡੀਅਨ ਸਿਪਾਹੀਆਂ ਨੂੰ 27 ਅਪ੍ਰੈਲ ਨੂੰ ਬੀਸੀ ਪਲੇਸ ਵਿੱਚ ਦੋਸਾਂਝ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ। ਸੱਜਣ ਨੇ ਇਹ ਪੱਤਰ ਰੱਖਿਆ ਮੰਤਰੀ ਬਿਲ ਬਲੇਅਰ ਨੂੰ ਆਪਣੀ ਸਿਫ਼ਾਰਸ਼ ਨਾਲ ਭੇਜਿਆ ਸੀ। ਸੱਜਣ ਦੇ ਪ੍ਰੈਸ ਸਕੱਤਰ ਅਨੁਸਾਰ, ਮੰਤਰੀ ਨੇ ਇਸ ਨੂੰ ਫ਼ੌਜ ਲਈ ਵਿਭਿੰਨ ਭਾਈਚਾਰਿਆਂ ਦੇ ਨੌਜਵਾਨ ਕੈਨੇਡੀਅਨਾਂ ਨਾਲ ਜੁੜਨ ਦੇ ਇੱਕ ਮੌਕੇ ਵਜੋਂ ਦੇਖਿਆ ਸੀ।
ਹਰਜੀਤ ਸੱਜਣ ਅਪਣੇ ਪਰਵਾਰ ਨਾਲ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਅਪਣੀਆਂ ਟਿਕਟਾਂ ਖ਼ਰੀਦੀਆਂ ਸਨ ਅਤੇ ਹੋਰ ਵੀ ਸਾਰੇ ਖਰਚੇ ਖ਼ੁਦ ਹੀ ਕੀਤੇ ਸਨ। 15 ਜੁਲਾਈ ਨੂੰ ਟੋਰਾਂਟੋ ’ਚ ਹੋਏ ਇਸ ਪ੍ਰੋਗਰਾਮ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ। ਦੁਸਾਂਝ ਦੇ ਪ੍ਰੋਗਰਾਮ ’ਚ ਅਚਾਨਕ ਪਹੁੰਚ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। (ਏਜੰਸੀ)