
ਅੱਜ ਦੁਨੀਆਂ ਭਰ ਦੇ ਸਿਨੇਮਾਘਰਾਂ 'ਚ ਪੰਜਾਬੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਰਲੀਜ਼ ਹੋ ਗਈ ਹੈ
ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਅੱਜ ਦੁਨੀਆਂ ਭਰ ਦੇ ਸਿਨੇਮਾਘਰਾਂ 'ਚ ਪੰਜਾਬੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਰਲੀਜ਼ ਹੋ ਗਈ ਹੈ। 1962 ਦੀ ਭਾਰਤ ਚਾਈਨਾ ਯੁੱਧ ਦੇ ਮਹਾਵੀਰਾਂ ਦੀ ਬਹਾਦੁਰੀ 'ਤੇ ਅਧਾਰਿਤ ਫ਼ਿਲਮ ਕਈ ਨਾਮਵਰ ਕਲਾਕਾਰਾਂ ਨਾਲ ਸਜੀ ਹੋਈ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਨਾਲ ਗੁੱਗੂ ਗਿੱਲ, ਹਰੀਸ਼ ਵਰਮਾ, ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਰਾਜਵੀਰ ਜਵੰਦਾ, ਜੋਰਡਨ ਸੰਧੂ, ਸਰਦਾਰ ਸੋਹੀ ਤੇ ਜੱਗੀ ਸਿੰਘ ਸਮੇਤ ਕਈ ਸਿਤਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜਿਸ ਵਿਚ ਸੂਬੇਦਾਰ ਜੋਗਿੰਦਰ ਸਿੰਘ ਦੀ ਪਤਨੀ ਦੇ ਕਿਰਦਾਰ ਵਜੋਂ ਅਦਿਤੀ ਸ਼ਰਮਾ ਵੀ ਹੈ । ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਸੰਗੀਤ ਨੂੰ ਵੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਚੁੱਕਿਆ ਹੈ ।ਫਿਲਮ ਦੇ ਨਿਰਮਾਤਾ ਸੁਮੀਤ ਸਿੰਘ ਹਨ ਅਤੇ ਇਸ ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਨਿਰਦੇਸ਼ਕ ਸਿਮਰਜੀਤ ਸਿੰਘ ਤੇ ਰਾਸ਼ਿਦ ਰੰਗਰੇਜ਼ ਨੇ ਸਾਂਝੇ ਤੌਰ 'ਤੇ ਲਿਖਿਆ ਹੈ।SUBEDAR JOGINDER SINGH
ਦਸ ਦਈਏ ਕਿ ਇਹ ਫ਼ਿਲਮ ਮਨੋਰੰਜਨ ਦੇ ਨਾਲ-ਨਾਲ ਦਰਸ਼ਕਾਂ ਨੂੰ ਫ਼ੌਜ ਦੀ ਜ਼ਿੰਦਗੀ ਨਾਲ ਵੀ ਜੋੜੇਗੀ । ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜੀਵਨੀ 'ਤੇ ਬਣੀ ਇਹ ਫ਼ਿਲਮ ਉਨ੍ਹਾਂ ਦੀ ਜਵਾਨੀ ਤੋਂ ਲੈ ਕੇ ਸ਼ਹੀਦ ਹੋਣ ਤੱਕ ਦੇ ਸਫ਼ਰ ਨੂੰ ਬਿਆਨ ਕਰਦੀ ਹੋਈ ਫ਼ੌਜੀਆਂ ਦੇ ਪਰਿਵਾਰਾਂ ਤੇ ਜੰਗ ਦੇ ਮੈਦਾਨ ਵਿਚਲੇ ਮਾਹੌਲ ਨੂੰ ਦਰਸਾਏਗੀ। ਗਿੱਪੀ ਗਰੇਵਾਲ ਲਈ ਇਹ ਫ਼ਿਲਮ ਬਹੁਤ ਹੀ ਖ਼ਾਸ ਹੈ ਕਿਉਂਕਿ ਇਸ ਦੇ ਲਈ ਉਨ੍ਹਾਂ ਨੇ ਆਪਣੇ ਨਿਜੀ ਜੀਵਨ ਵਿਚ ਵੀ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ। ਇਹ ਫ਼ਿਲਮ ਕਰਨ ਤੋਂ ਬਾਅਦ ਉਨ੍ਹਾਂ ਦੇ ਦਿਲ 'ਚ ਫ਼ੌਜੀਆਂ ਪ੍ਰਤੀ ਹੋਰ ਸਤਿਕਾਰ ਪੈਦਾ ਹੋ ਗਿਆ ਹੈ। ਪੰਜਾਬ ਦੇ ਦਰਜਨ ਤੋਂ ਵੀ ਜ਼ਿਆਦਾ ਨਾਮਵਰ ਕਲਾਕਾਰਾਂ ਦੀ ਅਦਾਕਾਰੀ ਵਾਲੀ ਇਹ ਫਿਲਮ ਅੱਜ ਪੂਰੀ ਦੁਨੀਆ 'ਚ ਪੰਜਾਬੀ ਤੇ ਹਿੰਦੀ ਭਾਸ਼ਾਵਾਂ 'ਚ ਰਿਲੀਜ਼ ਹੋਈ ਹੈ।SUBEDAR JOGINDER SINGHਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਫ਼ਿਲਮ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਜ਼ਿਲਾ ਮੋਗਾ ਨਾਲ ਸਬੰਧਤ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਉਹ ਹਸਤੀ ਸਨ, ਜਿਨ੍ਹਾਂ ਨੇ ਸਾਲ 1962 'ਚ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਸਿਰਫ 25 ਜਵਾਨਾਂ ਨਾਲ ਮਿਲ ਕੇ ਚੀਨ ਦੇ ਕਰੀਬ 1 ਹਜ਼ਾਰ ਫ਼ੌਜੀ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ ਅਤੇ ਸ਼ਹੀਦੀ ਨੂੰ ਗੱਲ ਨਾਲ ਲੈ ਲਿਆ ਜਿਸ ਦੇ ਬਾਦ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਨਵਾਜ਼ਿਆ ਗਿਆ। ਇਸ ਫਿਲਮ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ ਅਤੇ ਖਬਰ ਲਿਖੇ ਜਾਣ ਤਕ ਲੋਕਾਂ ਨੇ ਸਵੇਰ ਦਾ ਸ਼ੋਅ ਤਾਂ ਦੇਖ ਹੀ ਲਿਆ ਹੈ ਅਤੇ ਲੋਕਾਂ ਦੇ ਰਿਵਿਊਜ਼ ਕਾਫੀ ਵਧੀਆ ਰਹੇ ਹਨ।