
ਪ੍ਰਸ਼ੰਸਕਾਂ ਅਤੇ ਗੀਤ ਲੀਕ ਕਰਨ ਵਾਲਿਆਂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ
ਚੰਡੀਗੜ੍ਹ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦੇ ਗੀਤਾਂ ਨੂੰ ਲੀਕ ਕਰਨ ਤੋਂ ਗੁਰੇਜ਼ ਕਰਨ। ਇੰਸਟਾਗ੍ਰਾਮ 'ਤੇ ਬਲਕੌਰ ਸਿੰਘ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੋਟਿਸ ਕੀਤਾ ਹੈ ਕਿ ਮੂਸੇਵਾਲਾ ਦੇ ਰਿਕਾਰਡ ਕੀਤੇ ਗੀਤ ਲੀਕ ਹੋ ਰਹੇ ਹਨ।
ਬਲਕੌਰ ਸਿੰਘ ਨੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਾਹਮਣੇ ਲਿਆਉਣ ਲਈ ਪਰਿਵਾਰ ਦੀ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਰਿਵਾਰ ਕੋਲ ਮੂਸੇਵਾਲਾ ਦੀਆਂ ਯਾਦਾਂ ਵਜੋਂ ਉਸ ਦੇ ਰਿਕਾਰਡ ਕੀਤੇ ਗੀਤ ਤੇ ਲਿਖਤੀ ਸਮੱਗਰੀ ਹੀ ਬਚੇ ਹਨ, ਅਤੇ ਜੇਕਰ ਉਹ ਵੀ ਲੀਕ ਹੁੰਦੇ ਹਨ, ਤਾਂ ਇਹ ਬੜਾ ਦੁੱਖ ਦੇਣ ਵਾਲੀ ਗੱਲ ਹੈ।
ਸਿੱਧੂ ਮੂਸੇਵਾਲਾ ਦੇ ਸਮਰਥਕਾਂ ਤੋਂ ਮਦਦ ਮੰਗਦਿਆਂ ਉਨ੍ਹਾਂ ਕਿਹਾ ਕਿ ਕੁਝ ਫ਼ਿਲਮ ਨਿਰਮਾਤਾ ਉਨ੍ਹਾਂ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਗੀਤ ਆਪਣੀਆਂ ਫ਼ਿਲਮਾਂ ਵਿੱਚ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਅਜਿਹਾ ਕਰਨ ਤੋਂ ਪਹਿਲਾਂ ਪਰਿਵਾਰ ਦੀ ਇਜਾਜ਼ਤ ਲਈ ਜਾਵੇ, ਅਤੇ ਉਨ੍ਹਾਂ ਦੇ ਪੁੱਤਰ ਦੀ ਸਾਲਾਂ ਬੱਧੀ ਮਿਹਨਤ ਨੂੰ ਖ਼ਰਾਬ ਨਾ ਕੀਤਾ ਜਾਵੇ। ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਦਿੱਤੇ ਸਮਰਥਨ ਲਈ ਸਿੱਧੂ ਦੇ ਪ੍ਰਸ਼ੰਸਕਾਂ ਅਤੇ ਉਸ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।