ਪੰਜਾਬੀ ਗੀਤਾਂ ਨੂੰ ਅੰਗਰੇਜ਼ੀ ਦਾ ਤੜਕਾ
Published : Oct 8, 2023, 7:45 am IST
Updated : Oct 8, 2023, 10:13 am IST
SHARE ARTICLE
Image: For representation purpose only.
Image: For representation purpose only.

ਪਰ ਇਹ ਸਭ ਗਾਇਕਾਂ ਕਰ ਕੇ ਨਹੀਂ ਹੈ। ਇਸ ਵਿਚ ਵੱਡਾ ਯੋਗਦਾਨ ਗੀਤਕਾਰਾਂ ਦਾ ਵੀ ਹੈ ਤੇ ਨਾਲ-ਨਾਲ ਸਰੋਤਿਆਂ ਦਾ ਵੀ।

 

ਬਚਪਨ ਵਿਚ ਮੇਰੇ ਪਿਤਾ ਜੀ ਮੈਨੂੰ ਕੁੱਝ ਅਜਿਹੀਆਂ ਕਾਵਿ-ਪੰਕਤੀਆਂ ਸੁਣਾਇਆ ਕਰਦੇ ਸਨ ਜਿਨ੍ਹਾਂ ਵਿਚ ਪੰਜਾਬੀ-ਅੰਗਰੇਜ਼ੀ-ਫ਼ਾਰਸੀ ਅਤੇ ਹੋਰ ਭਾਸ਼ਾਵਾਂ ਦਾ ਅਰਥਮਈ ਅਜੀਬ ਸੁਮੇਲ ਸੀ:
ਲੁਕ ਦੇਖੋ ਅਸਮਾਨ ਸਕਾਈ
ਪਿਜਨ ਕਬੂਤਰ ਉਡਣ ਫਲਾਈ।
ਅਤੇ
ਬੇਰੀ ਹੇਠ ਨਿਸ਼ਸਤਾ ਬੂਤਮ
ਆਈ ਇੱਟ ਘੁਕੇਂਦੀ।
ਇਫ਼ ਆਈ ਹੈੱਡ ਪਰ੍ਹੇ ਨਾ ਕਰਦਾ
ਮਸਤਕ ਵਿਚ ਲਗੇਂਦੀ।

ਉਦੋਂ ਮੈਨੂੰ ਇਹ ਕਾਵਿ-ਪੰਕਤੀਆਂ ਬਹੁਤ ਵਧੀਆ ਜਾਪਦੀਆਂ ਸਨ ਤੇ ਹੁਣ ਵੀ ਮੈਨੂੰ ਇਹ ਤੁਕਾਂ ਇਨ-ਬਿਨ ਯਾਦ ਹਨ, ਜਿਨ੍ਹਾਂ ਨੂੰ ਮੈਂ ਅੱਗੇ ਅਪਣੇ ਵਿਦਿਆਰਥੀਆਂ ਨੂੰ ਵੀ ਸੁਣਾਉਂਦਾ ਰਹਿੰਦਾ ਹਾਂ। ਪਿਤਾ ਜੀ ਅੰਗਰੇਜ਼ੀ ਮਿਸ਼ਰਤ ਪੰਜਾਬੀ ਵਾਕਾਂ ਦੀ ਇਕ ਹੋਰ ਮਿਸਾਲ ਵੀ ਸੁਣਾਇਆ ਕਰਦੇ ਸਨ ਕਿ ਇਕ ਵਾਰ ਇਕ ਅਨਪੜ੍ਹ ਪੰਜਾਬਣ ਬਾਹਰਲੇ ਮੁਲਕ ਗਈ। ਉਥੇ ਉਹਦਾ ਛੋਟਾ ਬੇਟਾ ਸੰਨੀ ਬੀਮਾਰ ਹੋ ਗਿਆ ਤਾਂ ਉਹ ਉਹਨੂੰ ਇਕ ਅੰਗਰੇਜ਼ ਡਾਕਟਰ ਕੋਲ ਲਿਜਾ ਕੇ ਉਹਦੀ ਬੀਮਾਰੀ ਦਾ ਬਿਰਤਾਂਤ  ‘ਖਿਚੜੀ ਪੰਜਾਬੀ’ (ਪੰਜਾਬੀ-ਅੰਗਰੇਜ਼ੀ ਮਿਸ਼ਰਤ) ਵਿਚ ਇਸ ਤਰ੍ਹਾਂ ਸੁਣਾਉਣ ਲੱਗੀ : ‘‘ਡਾਕਟਰ ਜੀ, ਡਾਕਟਰ ਜੀ! ਮੇਰਾ ਬੇਟਾ ਸੰਨੀ, ਨਾ ਈਟਦਾ ਐ, ਨਾ ਸਲੀਪਦਾ ਐ, ਬਸ ਵੀਪਦਾ ਈ ਵੀਪਦਾ ਐ...’’

ਮੇਰੇ ਪਿਤਾ ਗਿਆਨੀ ਕਰਤਾਰ ਸਿੰਘ (1921-2013) ਪੰਜਾਬੀ ਭਾਸ਼ਾ ਦੇ ਜਾਣੇ-ਪਛਾਣੇ ਸਕੂਲ ਅਧਿਆਪਕ ਸਨ, ਜਿਨ੍ਹਾਂ ਦਾ ਪੰਜਾਬੀ ਅਧਿਆਪਨ ਵਿਚ ਜ਼ਿਕਰਯੋਗ ਨਾਂ ਸੀ। ਉਹ ਪੰਜਾਬੀ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਵਰਤਣ ਦੇ ਸਖ਼ਤ ਖ਼ਿਲਾਫ਼ ਸਨ, ਖ਼ਾਸ ਤੌਰ ਤੇ ਉਦੋਂ ਜਦੋਂ ਪੰਜਾਬੀ ਵਿਚ ਉਹਦਾ ਬਦਲਵਾਂ ਤੇ ਢੁਕਵਾਂ ਸ਼ਬਦ ਮੌਜੂਦ ਹੋਵੇ। ਉਹ ਉਰਦੂ-ਫ਼ਾਰਸੀ ਦੇ ਵੀ ਚੰਗੇ ਗਿਆਤਾ ਸਨ ਪਰ ਇਨ੍ਹਾਂ ਭਾਸ਼ਾਵਾਂ ਦੇ ਸ਼ਬਦ ਉਦੋਂ ਹੀ ਵਰਤਦੇ ਸਨ ਜਦੋਂ ਢੁਕਵਾਂ ਪੰਜਾਬੀ ਸ਼ਬਦ ਨਾ ਮੌਜੂਦ ਹੋਵੇ। ਉਹ ਪੰਜਾਬੀ ਵਿਚ ਹਿੰਦੀ-ਸੰਸਕਿ੍ਰਤ ਦੇ ਸ਼ਬਦਾਂ ਤੋਂ ਵੀ ਖਿਝਦੇ ਸਨ।

80ਵੀਆਂ ਵਿਚ ਜਦੋਂ ਪੰਜਾਬੀ ਆਲੋਚਨਾ ਵਿਚ ਹਿੰਦੀ-ਸੰਸਕਿ੍ਰਤ ਦੇ ਸ਼ਬਦਾਂ ਦੀ ਵਰਤੋਂ ਆਮ ਹੋਣ ਲੱਗੀ ਤਾਂ ਮੈਂ ਵੀ ‘ਅਭਿਵਿਅਕਤੀ’, ‘ਅਭਿਵਿਅੰਜਨਾ’, ‘ਵਿਅਕਤਿਤਵ’ ਜਿਹੇ ਸ਼ਬਦ ਵਰਤਣ ਲੱਗ ਪਿਆ। ਉਸ ਸਮੇਂ ਪਿਤਾ ਜੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਤੋਂ ਮੈਨੂੰ ਖ਼ਬਰਦਾਰ ਕਰਦੇ ਰਹਿੰਦੇ ਸਨ।
ਖੈਰ...ਕਈ ਵਰ੍ਹੇ ਪਹਿਲਾਂ ਹਿੰਦੀ ਫ਼ਿਲਮੀ ਗੀਤਾਂ ਵਿਚ ਅੰਗਰੇਜ਼ੀ ਸ਼ਬਦ ਵਰਤਣ ਦਾ ਰੁਝਾਨ ਵੇਖਿਆ ਗਿਆ ਸੀ ਅਤੇ ਹਿੰਦੀ ਫ਼ਿਲਮਾਂ ਵਿਚ ਪੰਜਾਬੀ ਗੀਤ ਆਮ ਹੋਣ ਲੱਗ ਪਏ ਸਨ। ਵੀਹਵੀਂ ਸਦੀ ਦੇ ਅੰਤਲੇ ਦਹਾਕੇ (1998) ਦੀ ਇਕ ਫ਼ਿਲਮ ‘ਪਰਦੇਸੀ ਬਾਬੂ’ ਵਿਚ ਗੋਵਿੰਦਾ, ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈਟੀ ਤੇ ਫ਼ਿਲਮਾਏ; ਆਦਿਤਿਆ ਨਾਰਾਇਣ, ਅਲਕਾ ਯਾਗਨਿਕ ਤੇ ਆਨੰਦ ਰਾਜ ਆਨੰਦ ਵਲੋਂ ਗਾਏ (ਗੀਤਕਾਰ, ਸੰਗੀਤਕਾਰ ਤੇ ਨਿਰਦੇਸ਼ਕ ਆਨੰਦ ਰਾਜ ਆਨੰਦ ਦੇ) ਇਕ ਗੀਤ ਵਿਚ ਵਰਤੀ ਗਈ ਸ਼ਬਦਾਵਲੀ ਦਾ ਨਮੂਨਾ ਵੇਖੋ :
ਜਹਾਂ ਪਾਂਵ ਮੇਂ ਪਾਇਲ, ਹਾਥ ਮੇਂ ਕੰਗਨ ਹੋ ਮਾਥੇ ਪੇ ਬਿੰਦੀਆ...ਇਟ ਹੈਪਨਜ਼ ਓਨਲੀ ਇਨ ਇੰਡੀਆ...
ਅੱਜਕੱਲ ਟੀ.ਵੀ./ਡੀ.ਜੇ. ਉਤੇ ਵਜਦੇ ਪੰਜਾਬੀ ਗੀਤਾਂ ਵਿਚ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਕੁਝ ਵਧੇਰੇ ਹੀ ਵਧ ਗਈ ਹੈ, ਜਿਨ੍ਹਾਂ ਨੂੰ ਕਈ ਵਾਰ ਮੈਂ ਤਾਂ ਧਿਆਨ ਦੇਣ ’ਤੇ ਵੀ ਸਮਝ ਨਹੀਂ ਸਕਦਾ ਪਰ ਮੇਰੀ ਬੇਟੀ ਇਨ੍ਹਾਂ ਨੂੰ ਸਹਿਜੇ ਹੀ ਸੁਣ ਕੇ ਆਮ ਗੁਣਗੁਣਾਉਂਦੀ ਰਹਿੰਦੀ ਹੈ ਹਾਲਾਂਕਿ ਉਹ ਇਹਦੇ ਡੂੰਘੇ ਅਰਥਾਂ ਤੋਂ ਅਣਜਾਣ ਹੈ।

ਕਿਸੇ ਸਮੇਂ ਗੁਰਦਾਸ ਮਾਨ ਜਾਂ ਹੰਸ ਰਾਜ ਹੰਸ ਦਿਆਂ ਗੀਤਾਂ ਵਿਚ ਬਹੁਤ ਹੀ ਆਮ ਵਰਤੇ ਜਾਂਦੇ ਅੰਗਰੇਜ਼ੀ ਸ਼ਬਦ ਆਏ ਸਨ ਤਾਂ ਸਰੋਤਿਆਂ ਨੇ ਕਾਫ਼ੀ ਹੋ-ਹੱਲਾ ਮਚਾਇਆ ਸੀ। ਇਨ੍ਹਾਂ ਵਿਚ ਟੈਲੀਫ਼ੋਨ, ਹੈਲੋ, ਥੈਂਕਯੂ ਅਤੇ ਸਿਲਕੀ ਜਿਹੇ ਆਮ ਵਰਤੀਂਦੇ ਸ਼ਬਦਾਂ ਦੀ ਵਰਤੋਂ ਹੋਈ ਸੀ :
  ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ,
ਜਦੋਂ ਦਾ ਟੈਲੀਫ਼ੋਨ ਲਗਿਆ।

  ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ ਨੂੰ
ਸ਼ਰਮ ਨੀ ਆਉਂਦੀ ਸਾਨੂੰ ਗਾਲ੍ਹਾਂ ਦਿੰਦੀ ਨੂੰ
   ‘ਹੈਲੋ-ਹੈਲੋ’, ‘ਥੈਂਕਯੂ’ ਕਰਨ ਨੱਢੀਆਂ,
ਆ ‘ਗੀਆਂ ਵਲੈਤੋਂ ਅੰਗਰੇਜ਼ ਵਡੀਆਂ...
   ਓ ਮੈਡਮ ਤੇਰੀ ਚਾਲ,
ਤੇਰੇ ਸਿਲਕੀ-ਸਿਲਕੀ ਵਾਲ
 ਦਿਲ ਚੋਰੀ ਸਾਡਾ ਹੋ ਗੀਆ
ਓ ਕੀ ਕਰੀਏ ਕੀ ਕਰੀਏ...

ਕਿਸੇ ਸਮੇਂ ਗਿੱਪੀ ਗਰੇਵਾਲ ਦੇ ਇਸ ਗੀਤ ‘‘ਮਰ ਜਾਣੀ ਪਾਉਂਦੀ ਭੰਗੜਾ, ਅੰਗਰੇਜ਼ੀ ਬੀਟ ’ਤੇ...’’ ਨੂੰ ਵਿਆਹ-ਸ਼ਾਦੀਆਂ ਅਤੇ ਖ਼ੁਸ਼ੀ ਦੇ ਜ਼ਿਆਦਾਤਰ ਸਮਾਗਮਾਂ ਵਿਚ ਆਮ ਵਜਦੇ ਸੁਣਿਆ ਜਾ ਸਕਦਾ ਸੀ। ਕਦੇ ਦਿਲਜੀਤ ਦੋਸਾਂਝ ਦੇ ਇਸ ਗੀਤ ‘‘ਲੱਕ ਟਵੰਟੀ ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ...’’ ਕਰ ਕੇ ਉਹਨੂੰ ‘ਮਾਈ ਭਾਗੋ ਬਿ੍ਰਗੇਡ’ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਤੇ ਅਜਿਹੇ ਗੀਤ ਗਾਉਣ ਤੋਂ ਤੌਬਾ ਕਰਨੀ ਪਈ ਸੀ, ਜਿਸ ਵਿਚ ਧੀਆਂ, ਔਰਤਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤੀ ਗਈ ਸੀ ਪਰ ਇਨ੍ਹੀਂ ਦਿਨੀਂ ਤਾਂ ਅਜਿਹੇ ਔਰਤ-ਵਿਰੋਧੀ ਅਤੇ ਅੰਗਰੇਜ਼ੀ ਸ਼ਬਦਾਂ ਦੇ ਭੰਡਾਰ ਵਾਲੇ ਗੀਤਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੈ।
ਅੱਜਕੱਲ ਨਵੇਂ ਗਾਇਕਾਂ ਵਲੋਂ ਗਾਏ ਗੀਤਾਂ ਵਿਚ ਅੰਗਰੇਜ਼ੀ ਸ਼ਬਦਾਂ ਦੀ ਇੰਨੀ ਭਰਮਾਰ ਹੁੰਦੀ ਹੈ ਕਿ ਕਈ ਵਾਰ ਤਾਂ ਇਨ੍ਹਾਂ ਨੂੰ ਸਮਝਣ/ਸੁਣਨ ਲਈ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ। ਆਓ ਅਜਿਹੇ ਗੀਤਾਂ ਦੀਆਂ ਕੱੁਝ ਪੰਕਤੀਆਂ ਵੇਖੀਏ/ਸੁਣੀਏ:
    ਯੂ ਥਿੰਕ ਜੱਟ ਦੀ ਡਰਿੰਕ ਬੈਡ ਇ ਆ।
ਘੁੱਟ ਪੀ ਕੇ ਦਿਲ ਜੱਟ ਦਾ ਗਲੈਡ ਇ ਆ।
(ਦਿਲਜੀਤ ਦੋਸਾਂਝ, ਫ਼ਿਲਮ ‘ਅੰਬਰਸਰੀਆ)

   ਮੈਂ ਝਾਕੇ ਲੈਂਦਾ ਨਾ ਬਿਗਾਨੀ ਨਾਰ ਦੇ
ਭਾਬੀ ਥੋਡੀ ਐਂਡ ਇ ਆ।
    (ਰੇਸ਼ਮ ਅਨਮੋਲ)

   ਬਾਹਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ
ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ।
    (ਐਮੀ ਵਿਰਕ)

  ਨੀ ਆਜਾ ਤੈਨੂੰ ਗੱਲ ਦੱਸਦੈਂ,
ਦੇਣਾ ਏ ਗਰੈਮੀ ਤੇਰੀ ਅੱਖ ਨੂੰ।
ਜੇ ਬੇਬੀ ਮੇਰਾ ਵੱਸ ਚਲਦੈਂ,
ਮੈਂ ਆਸਕਰ ਦਿੰਦਾ ਤੇਰੇ ਲੱਕ ਨੂੰ।
(ਗਿੱਪੀ ਗਰੇਵਾਲ, ਫ਼ਿਲਮ ‘ਕਪਤਾਨ’)

 ਸੈਲਫ਼ ਕਾਨਫ਼ੀਡੈਂਸ ਅਤੇ ਸੈਲਫ਼ੀ ਮਰਵਾ ਜਾਂਦੀ.... (ਬੱਬੂ ਮਾਨ)

 ਐਸ.ਪੀ. ਦੇ ਰੈਂਕ ਵਰਗੀ,
ਜੱਟੀ ਜੱਟ ’ਤੇ ਰੱਖੇ ਸਖ਼ਤਾਈਆਂ...
(ਨਿਮਰਤ ਖਹਿਰਾ)

 ਮੁੜ ਕੇ ਤਾਂ ਵੇਖ ਸੋਹਣੀਏਂ,
ਮੁੰਡਾ ਹਾਰਨ ਬਲੋਅ ਕਰਦਾ
ਹਵਾ ’ਚ ਉਡਾਵੇ ਗੱਡੀ ਨੂੰ,
ਤੈਨੂੰ ਵੇਖ ਕੇ ਸਲੋਅ ਕਰਦਾ
(ਹਾਰਡੀ ਸੰਧੂ)    

  ਨੈਰੋ ਸਲਵਾਰ, ਸੂਟ ਰੈੱਡ ਮੁੰਡਿਆ,
ਕਰੈਚ ਦੀ ਕਮਾਨ ਜੀ ਥਰੈੱਡ ਮੁੰਡਿਆ।
ਰਿੰਗ ਵਿਚ ਨਗ ਜੜੇ ਸਵਾ ਲੱਖ ਦੇ,
ਵਾਈਟ ਗੋਲਡ ਦੀ ਵੰਗ ਵੀਣੀ ਵਿਚ ਛਣਕੇ।
(ਕੌਰ ਬੀ. ਅਤੇ ਜੈਜੀ ਬੀ.)


  ਮਿਸਟਰ ਬਲੈਕ-ਬਲੈਕ,
ਮੁੜ ਕੇ ਆਜਾ ਬੈਕ-ਬੈਕ
ਲੈ ਜਾ ਮੈਨੂੰ ਨਾਲ-ਨਾਲ,
ਮੈਂ ’ਟੈਚੀ ਕਰ ਲਿਆ ਪੈਕ।
(ਅਮਰਿੰਦਰ ਗਿੱਲ, ਫ਼ਿਲਮ ‘ਗੋਰਿਆਂ ਨੂੰ ਦਫ਼ਾ ਕਰੋ’)

  ਤੂੰ ਲਿਆ ਦੇ ਮੈਨੂੰ ਗੋਲਡਨ ਝੁਮਕੇ,
ਮੈਂ ਕੰਨਾਂ ਵਿਚ ਪਾਵਾਂ ਚੁੰਮ-ਚੁੰਮ ਕੇ।
ਰਿਕੁਐਸਟਾਂ ਪਾਈਆਂ ਵੇ,
ਚਿੱਟੀਆਂ ਕਲਾਈਆਂ ਵੇ।
    ਓ ਬੇਬੀ ਮੇਰੇ ਵ੍ਹਾਈਟ ਕਲਾਈਆਂ ਵੇ।
(ਮੀਤ ਬ੍ਰਦਰਜ਼, ਅੰਜਨ ਤੇ ਕਨਿਕਾ ਕਪੂਰ)


  ਜ਼ੀਨ ਜਹੀ ਕਸੀ ਉਹਨੇ ਗੌਗਲ ਲਗਾਏ ਸੀ
ਵਾਲ ਸਟਰੇਟ ਵਾਧੂ ਛਾਪਾਂ-ਛੱਲੇ ਪਾਏ ਸੀ....
(ਗਿੱਪੀ ਗਰੇਵਾਲ)

   ਡੂ ਯੂ ਨੋਅ, ਮੈਂ ਤੈਨੂੰ ਕਿੰਨਾ ਪਿਆਰ ਕਰਦਾਂ
    ਡੂ ਯੂ ਨੋਅ, ਮੈਂ ਕਿੰਨਾ ਤੇਰੇ ਉੱਤੇ ਮਰਦਾਂ...
(ਦਿਲਜੀਤ ਦੁਸਾਂਝ)

ਮੈਂ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਅਤੇ ਇਹੋ ਜਿਹੇ ਹੋਰ ਅਨੇਕਾਂ ਗੀਤਾਂ ਵਿਚ ਉਹੋ ਜਿਹੀ ਗਹਿਰਾਈ, ਮਿਠਾਸ ਤੇ ਸੋਜ਼ ਤਾਂ ਬਿਲਕੁਲ ਨਹੀਂ ਹੈ, ਜੋ ਕਦੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ ਜਾਂ ਯਮਲਾ ਜੱਟ ਦੇ ਗਾਏ ਗੀਤਾਂ ਵਿਚ ਹੁੰਦੀ ਸੀ। ਪਰ ਬਦਲਦੇ ਜ਼ਮਾਨੇ ਦੀ ਤੋਰ ਵਿਚ ਅਜਿਹੇ ਗੀਤ ਯੁਵਾ-ਪੀੜ੍ਹੀ ਦੀ ਗੱਲਬਾਤ ਦਾ ਹਿੱਸਾ ਜ਼ਰੂਰ ਬਣ ਗਏ ਹਨ। ਇਨ੍ਹਾਂ ਗੀਤਾਂ ਵਿਚ ਸਿਰਫ਼ ਅੰਗਰੇਜ਼ੀ ਬੀਟ ਅਤੇ ਥਿ੍ਰੱਲ ਹੈ ਜੋ ਸਕੂਲਾਂ/ਕਾਲਜਾਂ ਦੀਆਂ ਪਾਰਟੀਆਂ ਦੇ ਨਾਲ-ਨਾਲ ਵਿਆਹ ਸ਼ਾਦੀਆਂ ਜਹੇ ਸਮਾਗਮਾਂ ਤੇ ਅਜੋਕੀ ਨਵੀਂ ਪੀੜ੍ਹੀ ਨੂੰ ਥਿਰਕਣ ਲਈ ਮਜਬੂਰ ਕਰ ਦਿੰਦੀ ਹੈ।

ਪਰ ਇਹ ਸਭ ਗਾਇਕਾਂ ਕਰ ਕੇ ਨਹੀਂ ਹੈ। ਇਸ ਵਿਚ ਵੱਡਾ ਯੋਗਦਾਨ ਗੀਤਕਾਰਾਂ ਦਾ ਵੀ ਹੈ ਤੇ ਨਾਲ-ਨਾਲ ਸਰੋਤਿਆਂ ਦਾ ਵੀ। ਜੇ ਸਰੋਤੇ ਪਸੰਦ ਕਰਦੇ ਹਨ ਤਾਂ ਗੀਤਕਾਰ ਲਿਖਦੇ ਹਨ, ਜਿਨ੍ਹਾਂ ਨੂੰ ਗਾਇਕ ਗਾਉਂਦੇ ਹਨ। ਸੋ ਜੇ ਸਾਡੇ ਗੀਤਾਂ ਵਿਚ ਅੰਗਰੇਜ਼ੀ ਸ਼ਬਦਾਵਲੀ ਹੈ ਤਾਂ ਇਹਦੀ ਜ਼ਿੰਮੇਵਾਰੀ ਸਿਰਫ਼ ਗਾਇਕਾਂ ਨੂੰ ਦੇਣੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਪਰਲੀਆਂ ਤਿੰਨੇ ਧਿਰਾਂ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ। ਕਿਹਾ ਜਾਂਦਾ ਹੈ ਕਿ ‘ਮੱਛੀ ਪੱਥਰ ਚੱਟ ਕੇ ਮੁੜਦੀ ਹੈ’। ਸੰਭਵ ਹੈ ਕਿ ਜਦੋਂ ਗਾਇਕਾਂ/ਗੀਤਕਾਰਾਂ ਸਮੇਤ ਸਰੋਤਿਆਂ ਦਾ ਅਜਿਹੇ ਗੀਤਾਂ ਨਾਲੋਂ ਮੋਹ ਭੰਗ ਹੋ ਗਿਆ ਤਾਂ ਉਹ ਫਿਰ ਤੋਂ ਅਪਣੀ ਮਿੱਠੀ ਤੇ ਪਿਆਰੀ ਪੰਜਾਬੀ ਜੁਬਾਨ ਵਲ ਮੂੰਹ ਕਰਨਗੇ। ਵੇਖੋ, ਉਹ ਸਮਾਂ ਕਦੋਂ ਆਉਂਦਾ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ. 9417692015
ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)    
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement