ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਹੋਏ ਫਰਾਰ
ਕੁਰਾਲੀ: ਕੁਰਾਲੀ ਬੱਸ ਸਟੈਂਡ ਨੇੜੇ ਮੰਗਲਵਾਰ ਦੁਪਹਿਰ ਸੜਕ ’ਤੇ ਇੱਕ ਮਾਮੂਲੀ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ। ਇੱਕ ਪੰਜਾਬ ਰੋਡਵੇਜ਼ ਬੱਸ ਡਰਾਈਵਰ ਨੂੰ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਹ ਘਟਨਾ ਬੱਸ ਸਟੈਂਡ 'ਤੇ ਮੌਜੂਦ ਯਾਤਰੀਆਂ ਅਤੇ ਆਮ ਲੋਕਾਂ ਸਾਹਮਣੇ ਵਾਪਰੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਲੰਧਰ ਡਿਪੂ ਦੀ ਬੱਸ ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਸੀ ਅਤੇ ਕੁਰਾਲੀ ਟ੍ਰੈਫਿਕ ਲਾਈਟਾਂ 'ਤੇ ਰੁਕੀ ਸੀ। ਚਸ਼ਮਦੀਦਾਂ ਮੁਤਾਬਕ ਨੌਜਵਾਨਾਂ ਦੇ ਇੱਕ ਸਮੂਹ ਨੇ ਡਰਾਈਵਰ ਕੋਲ ਪਹੁੰਚ ਕੇ ਉਸ ਨੂੰ ਬੱਸ ਵਿੱਚੋਂ ਬਾਹਰ ਕੱਢ ਲਿਆ ਅਤੇ ਉਸ ਨਾਲ ਬਹਿਸ ਕਰਨ ਲੱਗ ਪਏ। ਇਹ ਬਹਿਸ ਜਲਦੀ ਹੀ ਹਿੰਸਕ ਹੋ ਗਈ। ਇੱਕ ਨੌਜਵਾਨ ਨੇ ਡਰਾਈਵਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਡਰਾਈਵਰ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।
