
ਮੇਰੇ ਪੁੱਤ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ
Sidhu Moosewala: ਮਰਹੂਮ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਦਸਤਾਰ ਹਟਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰ ਕੇ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ ਕਿ ਜੇ ਬਰਾਬਰੀ ਨਾ ਹੋ ਸਕੇ ਤਾ ਬਦਨਾਮੀ ਸ਼ੁਰੂ ਕਰ ਦਵੋ! ਜਦੋ ਮੇਰਾ ਪੁੱਤ ਇਹ ਸੱਚੀਆਂ ਗੱਲਾਂ ਸਟੇਜਾਂ ’ਤੇ ਕਰਿਆ ਕਰਦਾ ਸੀ ਤਾਂ ਬਹੁਤ ਲੋਕ ਉਸ ਦਾ ਵਿਰੋਧ ਕਰਦੇ ਸੀ। ਪਰ ਮੇਰਾ ਪੁੱਤ ਸੱਚ ਬੋਲਦਾ ਸੀ ਅੱਜ ਮੇਰੇ ਪੁੱਤ ਦੀ ਤਸਵੀਰ ਤੋਂ ਦਸਤਾਰ ਹਟਾ ਕੇ ਸਿਰਫ਼ ਦਸਤਾਰ ਦੀ ਨਹੀਂ ਸਗੋਂ ਪੰਜਾਬੀਅਤ ਦੀ ਵੀ ਬੇਅਦਬੀ ਕੀਤੀ ਹੈ, ਤੁਹਾਨੂੰ ਮਿਲੀ AI ਦੀ ਸਹੂਲਤ ਦੀ ਵਰਤੋਂ ਤੁਸੀਂ ਚੰਗੇ ਕੰਮ ਕਰਨ ਤੇ ਚੰਗੀਆਂ ਗੱਲਾਂ ਸਿੱਖਣ ਲਈ ਕਰੋ ਤੇ ਮੇਰੇ ਪੁੱਤ ਦੀ ਮਰਨੀ ਦਾ ਮਖੋਲ ਬਣਾ ਕੇ ਮੇਰਾ ਦਿਲ ਦੁਖਾਉਣ ਵਾਲੇ ਉਹ ਲੋਕ ਜੋ ਇਹ ਸਭ ਕਰ ਰਹੇ ਹਨ ਉਹਨਾਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਸਾਡੇ ਬੱਚੇ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ। ਜੇਕਰ ਸਾਡੀ ਬੇਨਤੀ ਕਰਨ ’ਤੇ ਵੀ ਕੋਈ ਅਜਿਹਾ ਕਰਦਾ ਪਾਇਆ ਗਿਆ ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੇਰੇ ਪੁੱਤ ਨੇ ਜਿਉਂਦੇ ਜੀਅ ਆਪਣੇ ਕੇਸ ਆਪਣੀ ਦਸਤਾਰ ਸੰਭਾਲ ਕੇ ਰੱਖੀ ਏ, ਕਿਸੇ ਕੋਈ ਹੱਕ ਨਹੀਂ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਕਰਨ ਦਾ।
.