
ਸਾਨੂੰ ਸਾਰਿਆਂ ਨੂੰ ਨਸ਼ੇ ਖਿਲਾਫ਼ ਲੜਨਾ ਪਵੇਗਾ ਤਾਂ ਹੀ ਸਾਡੇ ਪੰਜਾਬ ਦੇ ਪੁੱਤ ਬਚ ਸਕਣਗੇ
ਚੰਡੀਗੜ੍ਹ - ਪੰਜਾਬੀ ਗਾਇਕ ਐਮੀ ਵਿਰਕ ਨੇ ਨਸ਼ਿਆਂ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਹਨਾਂ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਸਾਨੂੰ ਸਭ ਨੂੰ ਆਪ ਹੀ ਇਕਜੁੱਟ ਹੋ ਕੇ ਲੜਨਾ ਪਵੇਗਾ ਤਾਂ ਹੀ ਸਾਡੇ ਪੰਜਾਬ ਦੇ ਨੌਜਵਾਨ ਬਚ ਸਕਣਗੇ।
ਐਮੀ ਵਿਰਕ ਨੇ ਕਿਹਾ ਕਿ ''ਹਰ ਗੱਲ ਨੂੰ ਲੈ ਕੇ ਸਰਕਾਰ ਦਾ ਮੂੰਹ ਦੇਖਣ ਦੀ ਲੋੜ ਨਹੀਂ ਹੁੰਦੀ, ਇਕ ਜੁੱਟ ਹੋ ਕੇ ਸਾਨੂੰ ਸਾਰਿਆਂ ਨੂੰ ਇਸ ਦੇ ਖਿਲਾਫ਼ ਲੜਨਾ ਪਵੇਗਾ ਤਾਂ ਹੀ ਸਾਡੇ ਪੰਜਾਬ ਦੇ ਪੁੱਤ ਬਚ ਸਕਣਗੇ''
ਇਸ ਦੇ ਨਾਲ ਹੀ ਉਹਨਾਂ ਨੇ ਭਾਵੁਕ ਹੁੰਦਿਆਂ ਅਪਣੇ ਦੋਸਤ ਦੀ ਕਹਾਣੀ ਵੀ ਸ਼ੇਅਰ ਕੀਤੀ ਕਿ ਕਿਵੇਂ ਨਸ਼ੇ ਨੇ ਉਸ ਦੇ ਇਕ ਦੋਸਤ ਦਾ ਕਰੀਅਰ ਖ਼ਰਾਬ ਕਰ ਦਿੱਤਾ।ਉਹਨਾਂ ਨੇ ਕਿਹਾ ਕਿ ਜੇ ਉਹ ਨਸ਼ਾ ਨਾ ਕਰਦਾ ਤਾਂ ਅੱਜ ਉਹ ਵੱਡਾ ਕ੍ਰਿਕਟਰ ਹੁੰਦਾ। ਐਮੀ ਵਿਰਕ ਨੇ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਇਹ 2009 ਦੀ ਗੱਲ ਹੈ ਜਦੋਂ ਉਹ ਸਾਰੇ ਚੰਡੀਗੜ੍ਹ ਵਿਚ ਆਪਣੀ ਦੁਨੀਆ ਦੀ ਪੜਚੋਲ ਕਰਨ ਲਈ ਨਿਕਲੇ ਸੀ।
ਮੇਰਾ ਉਹ ਦੋਸਤ ਸੈਕਟਰ 10 ਵਿਚ ਯੋਗਰਾਜ ਸਰ ਤੋਂ ਕ੍ਰਿਕਟ ਸਿੱਖ ਰਿਹਾ ਸੀ। ਪਹਿਲਾਂ ਅਸੀਂ ਵੱਖ-ਵੱਖ ਰਹਿ ਰਹੇ ਸੀ ਅਤੇ ਫਿਰ ਇੱਕੋ ਥਾਂ ਰਹਿਣ ਲੱਗ ਪਏ। ਉਦੋਂ ਆਈਪੀਐਲ ਵਰਗੀਆਂ ਚੀਜ਼ਾਂ ਸ਼ੁਰੂ ਹੋ ਰਹੀਆਂ ਸਨ। ਉਹ ਬਹੁਤ ਵਧੀਆ ਖੇਡਦਾ ਸੀ। ਮੈਂ ਤਾਂ ਉਸ ਦੇ ਮੁਕਾਬਲੇ ਘੱਟ ਹੀ ਸੀ ਫਿਰ ਇਕ ਦਿਨ ਉਸ ਨੇ ਸਭ ਕੁਝ ਛੱਡ ਕੇ ਪਿੰਡ ਵਾਪਸ ਜਾਣ ਦੀ ਗੱਲ ਕੀਤੀ ਅਤੇ ਚਲਾ ਗਿਆ। ਉਥੇ ਜਾ ਕੇ ਸ਼ਰਾਬ ਪੀਣ ਲੱਗ ਪਿਆ।
ਦੁੱਖ ਦੀ ਗੱਲ ਇਹ ਸੀ ਕਿ ਉਸ ਦਾ ਪਿਤਾ ਵੀ ਨਸ਼ੇੜੀ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਤੋਂ ਕੁਝ ਨਹੀਂ ਸਿੱਖਿਆ। ਉਹ ਪੂਰੀ ਤਰ੍ਹਾਂ ਨਸ਼ੇ ਵਿਚ ਡੁੱਬ ਗਿਆ ਸੀ। ਜਦੋਂ ਵੀ ਮੈਂ ਪਿੰਡ ਜਾਂਦਾ ਤਾਂ ਉਸ ਦੀ ਮਾਂ ਮੈਨੂੰ ਕਹਿੰਦੀ- ਪੁੱਤ ਮੈਨੂੰ ਚੰਡੀਗੜ੍ਹ ਲੈ ਚੱਲ..ਮੈਂ ਉਸ ਨੂੰ ਕਿਵੇਂ ਸਮਝਾਵਾਂ ਕਿ ਹੁਣ ਬਹੁਤ ਦੇਰ ਹੋ ਗਈ ਹੈ। ਉਸ ਨੇ ਆਪਣੀ ਸੁਨਹਿਰੀ ਉਮਰ ਗੁਆ ਦਿੱਤੀ।
ਹੁਣ ਉਸ ਕੋਲ ਨਾ ਤਾਂ ਉਮਰ ਬਚੀ ਸੀ ਤੇ ਨਾ ਹੀ ਜਨੂੰਨ ਕਿ ਉਹ ਕ੍ਰਿਕਟ ਵਿਚ ਜੋ ਵੀ ਕਰ ਸਕਦਾ ਸੀ। ਜੇ ਮੈਂ ਉਸ ਨੂੰ ਲੈ ਵੀ ਜਾਵਾਂ ਤਾਂ ਕੀ ਉਹ ਨਸ਼ਾ ਛੱਡ ਕੇ ਕੁਝ ਕਰ ਸਕੇਗਾ? ਸੱਚ ਕਹਾਂ ਤਾਂ ਉਸ ਨੂੰ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੁੰਦਾ ਹੈ। ਅਜਿਹਾ ਸੋਹਣਾ ਤੇ ਸੁਨੱਖਾ ਮੁੰਡਾ, ਜੋ ਸ਼ਾਇਦ ਕੋਈ ਮਸ਼ਹੂਰ ਕ੍ਰਿਕਟਰ ਜਾਂ ਐਕਟਰ ਬਣ ਸਕਦਾ ਸੀ, ਅੱਜ ਨਸ਼ਿਆਂ ਦਾ ਗੁਲਾਮ ਬਣ ਚੁੱਕਾ ਹੈ।
ਅੱਜ ਵੀ ਉਹ ਮੇਰਾ ਦੋਸਤ ਹੈ ਪਰ ਉਸ ਦੇ ਅੱਗੇ ਵਧਣ ਦੇ ਸਾਰੇ ਰਸਤੇ ਬੰਦ ਜਾਪਦੇ ਹਨ। ਅਸਲ ਵਿਚ ਸ਼ਰਾਬੀ ਪੁੱਤਰਾਂ ਦੇ ਪਰਿਵਾਰ ਦੇ ਦਰਦ ਨੂੰ ਅਸੀਂ ਮਹਿਸੂਸ ਨਹੀਂ ਕਰ ਸਕਦੇ ਆਪਣੇ ਪਰਿਵਾਰ ਦਾ ਸਭ ਕੁਝ ਖਰਚਣ ਤੋਂ ਬਾਅਦ ਵੀ ਉਹ ਬੱਚੇ ਨੂੰ ਸਹੀ ਰਸਤੇ 'ਤੇ ਨਹੀਂ ਲਿਆ ਪਾ ਰਹੇ ਹਨ। ਕੁਝ ਲੋਕ ਆਪਣੇ ਬੱਚਿਆਂ ਨੂੰ ਮੁੜ ਵਸੇਬਾ ਕੇਂਦਰਾਂ ਵਿਚ ਭੇਜਦੇ ਹਨ ਅਤੇ ਸੋਚਦੇ ਹਨ ਕਿ ਉਹ ਠੀਕ ਹੋ ਜਾਣਗੇ। ਪਰ ਹੁੰਦਾ ਉਲਟ ਹੈ।
ਬਹੁਤੇ ਨੌਜਵਾਨ ਹੋਰ ਨਿਰਾਸ਼ ਹੋ ਕੇ ਉੱਥੋਂ ਚਲੇ ਜਾਂਦੇ ਹਨ। ਮੇਰੇ ਹਿਸਾਬ ਨਾਲ ਨਸ਼ਾ ਛੁਡਾਉਣ ਲਈ ਕੇਂਦਰ ਵਿਚ ਭੇਜਣਾ ਸਹੀ ਤਰੀਕਾ ਨਹੀਂ ਹੈ। ਇਸ ਦੇ ਲਈ ਸਮੁੱਚੇ ਵਾਤਾਵਰਨ, ਪਰਿਵਾਰ ਅਤੇ ਸਮਾਜ ਵਿਚ ਸਕਾਰਾਤਮਕਤਾ ਦੀ ਲੋੜ ਹੈ। ਸਹਿਯੋਗ ਦੀ ਲੋੜ ਹੈ। ਨਸ਼ਾ ਇੱਕ ਵੱਡਾ ਗਠਜੋੜ ਹੋਣ ਦੇ ਬਾਵਜੂਦ ਸਮਾਜ ਦੀ ਏਕਤਾ ਇਸ ਨੂੰ ਤੋੜਨ ਦੀ ਤਾਕਤ ਰੱਖਦੀ ਹੈ।