ਕਿਹਾ, ਐਨ.ਡੀ.ਏ. ਦੋ ਤਿਹਾਈ ਬਹੁਮਤ ਨਾਲ ਸੂਬੇ ਵਿਚ ਅਗਲੀ ਸਰਕਾਰ ਬਣਾਏਗਾ
ਜਮੁਈ/ਗਯਾਜੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਹਥਿਆਰਬੰਦ ਬਲਾਂ ’ਚ ਰਾਖਵਾਂਕਰਨ ਦੀ ਮੰਗ ਕਰ ਕੇ ਦੇਸ਼ ’ਚ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਰਾਜਨਾਥ ਸਿੰਘ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇਤਾ ਕੋਲ ਛੱਪੜ ’ਚ ਛਾਲ ਮਾਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਉਤੇ ‘ਵੋਟ ਚੋਰੀ’ ਦੇ ਦੋਸ਼ ਲਗਾਉਣ ਲਈ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ ਸੰਸਦ ਮੈਂਬਰ ਬਿਨਾਂ ਕਿਸੇ ਅਧਾਰ ਦੇ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਬਿਹਾਰ ਦੇ ਜਮੁਈ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ, ‘‘ਰਾਹੁਲ ਜੀ ਨੂੰ ਕੀ ਹੋਇਆ? ਉਹ ਰੱਖਿਆ ਬਲਾਂ ਵਿਚ ਰਾਖਵੇਂਕਰਨ ਦਾ ਮੁੱਦਾ ਉਠਾ ਰਹੇ ਹਨ। ਉਹ ਸਿਰਫ ਰੱਖਿਆ ਬਲਾਂ ਵਿਚ ਰਾਖਵਾਂਕਰਨ ਦੀ ਮੰਗ ਕਰ ਕੇ ਦੇਸ਼ ਵਿਚ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਡੀਆਂ ਫੌਜਾਂ ਇਨ੍ਹਾਂ ਸੱਭ ਤੋਂ ਉੱਪਰ ਹਨ।’’
ਭਾਜਪਾ ਨੇਤਾ ਨੇ ਇਹ ਵੀ ਦਾਅਵਾ ਕੀਤਾ ਕਿ ਗਾਂਧੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ‘‘ਦੇਸ਼ ਚਲਾਉਣਾ ਬੱਚਿਆਂ ਲਈ ਖੇਡ ਨਹੀਂ ਹੈ।’’ ਰੱਖਿਆ ਮੰਤਰੀ ਨੇ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜਵਾਬੀ ਹਮਲੇ ’ਚ ਹਥਿਆਰਬੰਦ ਬਲਾਂ ਦੀ ਸਫਲਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਆਪ੍ਰੇਸ਼ਨ ਸੰਧੂਰ ਨੂੰ ਮੁਅੱਤਲ ਕੀਤਾ ਗਿਆ ਹੈ, ਰੋਕਿਆ ਨਹੀਂ ਗਿਆ ਹੈ। ਜੇਕਰ ਅਤਿਵਾਦੀ ਦੁਬਾਰਾ ਭਾਰਤ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਅਸੀਂ ਸਖ਼ਤ ਜਵਾਬੀ ਕਾਰਵਾਈ ਕਰਾਂਗੇ।’’
ਇਸ ਤੋਂ ਪਹਿਲਾਂ ਬਾਂਕਾ ’ਚ ਇਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁਧ ਭ੍ਰਿਸ਼ਟਾਚਾਰ ਦਾ ਇਕ ਵੀ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਦੇ ਹੱਕ ਵਿਚ ਸਪੱਸ਼ਟ ਲਹਿਰ ਹੈ ਅਤੇ ਸੱਤਾਧਾਰੀ ਗਠਜੋੜ ਦੋ ਤਿਹਾਈ ਬਹੁਮਤ ਨਾਲ ਸੂਬੇ ਵਿਚ ਅਗਲੀ ਸਰਕਾਰ ਬਣਾਏਗਾ। ਰਾਜਨਾਥ ਸਿੰਘ ਨੇ ਆਰ.ਜੇ.ਡੀ. ਉਤੇ ਰਾਜ ਵਿਚ ਅਪਣੇ ਸ਼ਾਸਨ ਦੌਰਾਨ ਲੋਕਾਂ ਨੂੰ ਧਮਕਾਉਣ ਦਾ ਦੋਸ਼ ਲਾਇਆ।
