ਕਲਾਕਾਰ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ, ਪਰ ਉਸ ਦੀ ਕਲਾ ਹਮੇਸ਼ਾ ਜਿਊਂਦੀ ਰਹਿੰਦੀ ਹੈ : ਜਵੰਦਾ ਪਰਿਵਾਰ
ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਮੌਤ ਤੋਂ ਬਾਅਦ ਆਖਰੀ ਵਾਰ ਵੱਡੇ ਪਰਦੇ ’ਤੇ ਨਜ਼ਰ ਆਉਣਗੇ। ਨੌਂ ਸਾਲ ਪਹਿਲਾਂ ਸ਼ੂਟ ਕੀਤੀ ਗਈ ਉਨ੍ਹਾਂ ਦੀ ਫਿਲਮ ‘ਯਮਲਾ’ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੀ ਪੁਸ਼ਟੀ ਰਾਜਵੀਰ ਜਵੰਦਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ਼ ’ਤੇ ਕੀਤੀ ਗਈ ਹੈ ਜਿੱਥੇ ਉਨ੍ਹਾਂ ਦੀ ਟੀਮ ਨੇ ਇਕ ਪੋਸਟਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਫ਼ਿਲਮ ਦੀ ਰਿਲੀਜ਼ ਨਾਲ ਜੁੜੀ ਇਸ ਪੋਸਟ ਨੇ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ’ਚ ਉਤਸ਼ਾਹ ਦੀ ਲਹਿਰ ਦੌੜ ਗਈ ਹੈ। ਪਰਿਵਾਰ ਨੇ ਇੱਕ ਭਾਵਨਾਤਮਕ ਸੁਨੇਹਾ ਵੀ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਸੀ ਕਿ ਇੱਕ ਕਲਾਕਾਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦਾ ਹੈ, ਪਰ ਉਨ੍ਹਾਂ ਦੀ ਕਲਾ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਬੀਤੀ 27 ਸਤੰਬਰ ਨੂੰ ਰਾਜਵੀਰ ਜਵੰਦਾ ਜਦੋਂ ਆਪਣੀ ਮੋਟਰ ਸਾਈਕਲ ’ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਤਾਂ ਉਹ ਰਸਤੇ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਉਨ੍ਹਾਂ ਦਾ 12 ਦਿਨ ਤੱਕ ਇਲਾਜ ਚੱਲਿਆ ਪਰ ਉਹ ਠੀਕ ਨਾ ਹੋ ਸਕੇ ਅਤੇ 12ਵੇਂ ਦਿਨ ਉਹ 35 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ-ਹਮੇਸ਼ ਦੇ ਲਈ ਅਲਵਿਦਾ ਆਖ ਗਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੂਰਾ ਪੰਜਾਬੀ ਸੰਗੀਤ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸ਼ਕ ਡੂੰਘੇ ਸੋਗ ਵਿਚ ਡੁੱਬ ਗਏ। ਹੁਣ ਉਨ੍ਹਾਂ ਦੀ ਫ਼ਿਲਮ ‘ਯਮਲਾ’ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਲਈ ਇਕ ਭਾਵੁਕ ਪਲ ਹੋਵੇਗਾ ਕਿਉਂਕਿ ਰਾਜਵੀਰ ਜਵੰਦਾ ਦੀ ਵੱਡੇ ਪਰਤੇ ’ਤੇ ਇਹ ਆਖਰੀ ਪੇਸ਼ਕਾਰੀ ਹੋਵੇਗੀ। ਜਦਕਿ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਧੜਕਦੀ ਰਹੇਗੀ।
