ਪਰਿਵਾਰ ਵਲੋਂ ਇਤਰਾਜ ਜਤਾਉਣ ਮਗਰੋਂ ਵੀ ਅਦਾਲਤ ਪਹਿਲਾ ਵੀ ਸਿੱਧੂ ਦੇ ਗਾਣਿਆਂ 'ਤੇ ਰੋਕ ਲਗਾ ਚੁੱਕੀ ਹੈ।
ਮੁਹਾਲੀ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਹਾਲ ਹੀ ਵਿਚ ਹੁਣ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਪੰਜਾਬੀ ਗੀਤ 'ਜਾਂਦੀ ਵਾਰ' ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਰੋਕ ਮਾਨਸਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਲਗਾਈ ਗਈ ਹੈ। ਪਰਿਵਾਰ ਵਲੋਂ ਇਤਰਾਜ ਜਤਾਉਣ ਮਗਰੋਂ ਵੀ ਅਦਾਲਤ ਪਹਿਲਾ ਵੀ ਸਿੱਧੂ ਦੇ ਗਾਣਿਆਂ 'ਤੇ ਰੋਕ ਲਗਾ ਚੁੱਕੀ ਹੈ।
ਦੱਸਣਯੋਗ ਹੈ ਕਿ ਮਰਚੈਂਟ ਕੰਪਨੀ ਵਲੋਂ ਆਉਂਦੇ ਦਿਨਾਂ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਜਾਂਦੀ ਵਾਰ' ਰਿਲੀਜ਼ ਕੀਤਾ ਜਾਣਾ ਸੀ ਜਿਸ ਨੂੰ ਲੈ ਕੇ ਸੰਗੀਤ ਜਗਤ 'ਚ ਕਾਫ਼ੀ ਚਰਚਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਗੀਤਾਂ ਨੂੰ ਯੂਟਿਊਬ ਅਤੇ ਹੋਰ ਮਾਧਿਅਮਾਂ ਰਾਹੀਂ ਧੜੱਲੇ ਨਾਲ ਸੁਣਿਆ ਜਾ ਰਿਹਾ ਹੈ। ਇਸ ਗੀਤ 'ਤੇ ਹੱਕ ਜਤਾਉਂਦਿਆਂ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਅਪੀਲ ਕੀਤੀ ਕਿ ਕੰਪਨੀ ਅਤੇ ਸੰਗੀਤ ਪ੍ਰਡਿਊਸਰ ਡਾਇਰੈਕਟਰਾਂ ਵਲੋਂ ਇਹ ਗੀਤ ਉਨ੍ਹਾਂ ਦੀ ਮਰਜੀ ਤੋਂ ਬਿਨਾਂ ਰਿਲੀਜ਼ ਨਾ ਕੀਤਾ ਜਾਵੇ।
'ਜਾਂਦੀ ਵਾਰ' ਗੀਤ 'ਤੇ ਅਦਾਲਤ ਨੇ ਕੁੱਝ ਸਮਾਂ ਪਹਿਲਾਂ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਕੰਪਨੀ ਅਤੇ ਪ੍ਰੋਡਿਊਸਰ ਡਾਇਰੈਕਟਰਾਂ ਨੂੰ ਇਸ ’ਤੇ ਆਪਣਾ ਪੱਖ ਰੱਖਣ ਲਈ ਕਿਹਾ ਸੀ, ਜਿਨ੍ਹਾਂ ਵਲੋਂ ਅਜੇ ਤੱਕ ਮਾਣਯੋਗ ਅਦਾਲਤ 'ਚ ਕੋਈ ਪੱਖ ਨਹੀਂ ਰੱਖਿਆ ਗਿਆ। ਇਸ ਮਾਮਲੇ ਨੂੰ ਲੈ ਕੇ ਮਾਨਸਾ ਅਦਾਲਤ ਦੇ ਸੀਨੀਅਰ ਡਵੀਜਨ ਦੀ ਐਡੀਸ਼ਨਲ ਸਿਵਲ ਜੱਜ ਸੁਮਿਤ ਭੱਲਾ ਦੀ ਅਦਾਲਤ ਵਲੋਂ ਸਿੱਧੂ ਮੂਸੇਵਾਲਾ ਦੇ ਇਸ ਗੀਤ ‘ਜਾਂਦੀ ਵਾਰ’ ਨੂੰ ਰਿਲੀਜ ਕਰਨ 'ਤੇ 16 ਦਸੰਬਰ ਤੱਕ ਰੋਕ ਲਗਾ ਦਿੱਤੀ ਗਈ ਹੈ।