
'ਸਾਨੂੰ ਸਾਡੀ ਕਮਾਈ ਘੱਟ ਦਿਖਾਈ ਜਾਂਦੀ ਹੈ'
Punjab singer Kaka press conference: ਸੁਨੰਦਾ ਸ਼ਰਮਾ ਤੇ ਪਿੰਕੀ ਧਾਲੀਵਾਲ ਦੇ ਚੱਲ ਰਹੇ ਵਿਵਾਦ ਵਿਚਾਲੇ ਗਾਇਕ ਕਾਕਾ ਵੀ ਹੁਣ ਸਾਹਮਣੇ ਆਏ ਹਨ। ਪੰਜਾਬੀ ਗਾਇਕ ਕਾਕਾ ਨੇ ਵੀ ਪਿੰਕੀ ਧਾਲੀਵਾਲ ਅਤੇ ਸਕਾਈ ਡਿਜ਼ੀਟਲ ਇੰਡੀਆ ਦੇ ਡਾਇਰੈਕਟਰ ਗੁਰਕਿਰਨ ਧਾਲੀਵਾਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਗਾਇਕ ਕਾਕਾ ਨੇ ਕਿਹਾ ਕਿ ਨਿੱਜੀ ਕੰਪਨੀਆਂ ਕਲਾਕਾਰਾਂ ਨਾਲ ਵੱਡਾ ਧੋਖਾ ਕਰਦੀਆਂ ਹਨ।
ਮਿਊਜ਼ਿਕ ਕੰਪਨੀਆਂ ਦੁਆਰਾ ਸਾਨੂੰ ਧਮਕਾਇਆ ਜਾਂਦਾ ਹੈ ਕਿ ਤੁਸੀਂ ਕਰ ਕੀ ਲਓਗੇ? ਕਹਿੰਦੇ ਹਨ ਕਿ ਤੁਸੀਂ ਪੜ੍ਹ ਕੇ ਐਗਰੀਮੈਂਟ ਨਹੀਂ ਕੀਤਾ । ਅਸੀਂ ਆਪਣੀਆਂ ਪੂਰੀਆਂ ਸ਼ਰਤਾਂ ਮੰਨਦੇ ਪਰ ਸਾਹਮਣੇ ਵਾਲੇ ਆਪਣੀਆਂ ਕੀਤੀਆਂ ਸ਼ਰਤਾਂ ਭੁੱਲ ਜਾਂਦੇ ਹਨ। ਕਾਕਾ ਨੇ ਕਿਹਾ ਕਿ ਸਕਾਈ ਡਿਜੀਟਲ ਕੰਪਨੀ ਦੇ ਲੋਕ ਮੈਨੂੰ ਧਮਕੀਆਂ ਦੇ ਰਹੇ ਹਨ। ਸਕਾਈ ਡਿਜੀਟਲ 'ਚ ਪਿੰਕੀ ਧਾਲੀਵਾਲ ਦਾ ਵੀ ਹਿੱਸਾ ਹੈ। ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਗਾਇਕ ਕਾਕਾ ਨੇ ਕਿਹਾ ਕਿ ਮੇਰੇ ਚੈਨਲ ਦੀ ਕਮਿਊਨਿਟੀ ਪੋਸਟ ਰਾਹੀਂ ਸੁਨੰਦਾ ਸ਼ਰਮਾ ਦਾ ਗੀਤ ਨੂੰ ਪ੍ਰਮੋਟ ਕੀਤਾ ਗਿਆ। ਕਾਕਾ ਨੇ ਕੰਪਨੀ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਾਨੂੰ ਸਾਡੀ ਕਮਾਈ ਘੱਟ ਦਿਖਾਈ ਜਾਂਦੀ ਹੈ। ਸਾਡੀ ਕਮਾਈ ਵਿਚੋਂ ਕਮਿਸ਼ਨ ਕੱਟ ਲੈਂਦੇ ਹਨ। ਹੌਲੀ-ਹੌਲੀ ਸਮਝ ਆਉਂਦੀ ਕਿ ਸਾਡੇ ਨਾਲ ਠੱਗੀ ਹੋਈ ਹੈ। ਗਾਣਿਆਂ ਦੀ ਪ੍ਰਮੋਸ਼ਨ ਦੌਰਾਨ ਫੇਕ ਕੁਮੈਂਟ ਕਰਵਾਏ ਜਾਂਦੇ ਹਨ। ਫੇਕ ਕੁਮੈਂਟ ਕਾਰਨ ਸਾਡੇ ਚੈਨਲ ਬਲੈਕਲਿਸਟ ਹੋ ਜਾਂਦੇ ਹਨ। ਮੇਰੇ ਗਾਣੇ ਪਹਿਲਾਂ ਬਹੁਤ ਵਧੀਆਂ ਚੱਲ ਰਹੇ ਸਨ ਪਰ ਜਦੋਂ ਦਾ ਇਹਨਾਂ ਨਾਲ ਜੁੜਿਆ ਗ੍ਰਾਫ ਥੱਲੇ ਹੀ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੰਪਨੀਆਂ ਹੋਰ ਫ਼ੇਕ ਚੈਨਲਾਂ ਉਤੇ ਗੀਤ ਚਲਾ ਕੇ ਖ਼ੁਦ ਪੈਸੇ ਕਮਾਉਂਦੀਆਂ ਹਨ ਅਤੇ ਅਸਲੀ ਚੈਨਲ ਉਤੇ ਗੀਤ ਦਬਾ ਦਿੱਤਾ ਜਾਂਦਾ ਹੈ। ਕਾਕਾ ਨੇ ਦੱਸਿਆ ਕਿ 2021 ਵਿੱਚ ਆਰੋਪੀਆਂ ਨੇ ਉਨ੍ਹਾਂ ਦੇ ਸੰਗੀਤ ਨੂੰ ਯੂਟਿਊਬ, ਸਪਾਟੀਫ਼ਾਈ ਵਰਗੇ ਪਲੇਟਫ਼ਾਰਮਾ ਉਤੇ ਪ੍ਰਚਾਰ ਅਤੇ ਪੇਸ਼ ਕਰਨ ਦਾ ਝੂਠਾ ਵਾਅਦਾ ਕੀਤਾ। ਇਸ ਉਤੇ ਕਾਕਾ ਨੇ 3 ਸਾਲ ਦਾ ਕੰਟਰੈਕਟ ਕੀਤਾ ਅਤੇ ਆਪਣੀ ਡਿਜ਼ੀਟਲ ਸੰਪਤੀਆਂ ਦਾ ਅਕਸੇਸ ਦੇ ਦਿੱਤਾ, ਪ੍ਰੰਤੂ ਸਕਾਈ ਡਿਜ਼ੀਟਲ ਨੇ 6.30 ਕਰੋੜ ਰੁਪਏ ਵਿੱਚੋਂ ਸਿਰਫ 2.50 ਕਰੋੜ ਰੁਪਏ ਦਾ ਵੀ ਭੁਗਤਾਨ ਕੀਤਾ।
ਕਾਕਾ ਨੇ ਦੱਸਿਆ ਕਿ ਉਨ੍ਹਾਂ ਨੇ ਕੰਟਰੈਕਟ ਵਿੱਚ ਤੈਅ 18 ਗਾਣਿਆਂ ਦੀ ਬਜਾਏ 20 ਗਾਣੇ ਵੀ ਦਿੱਤੇ, ਫਿਰ ਵੀ ਸਕਾਈ ਡਿਜ਼ੀਟਲ ਨੇ ਪੈਸੇ ਰੋਕ ਲਏ ਅਤੇ ਗਲਤ ਵਿੱਤੀ ਰਿਪੋਰਟ ਬਣਾ ਕੇ ਕਮਾਈ ਨੂੰ ਘੱਟ ਦਿਖਾਇਆ। ਆਰੋਪੀਆਂ ਨੇ ਕਰੀਬ 1.40 ਕਰੋੜ ਰੁਪਏ ਦਾ ਗਬਨ ਵੀ ਕੀਤਾ ਅਤੇ ਕਾਨੂੰਨੀ ਕਾਰਵਾਈ ਦੀ ਗੱਲ ਕਰਨ ਉਤੇ ਕਾਕਾ ਨੂੰ ਧਮਕੀ ਦਿੱਤੀ। ਕਾਕਾ ਨੇ ਦੋਸ਼ ਲਗਾਇਆ ਕਿ ਸਕਾਈ ਡਿਜ਼ੀਟਲ ਨੇ ਉਨ੍ਹਾਂ ਦੇ ਯੂਟਿਊਬ ਚੈਨਲ ਅਤੇ ਡਿਜ਼ੀਟਲ ਸੰਪਤੀਆਂ ਉਤੇ ਕਬਜ਼ਾ ਕਰ ਲਿਆ ਅਤੇ ਪਾਸਵਰਡ ਵਾਪਸ ਕਰਨ ਦੇ ਬਦਲੇ ਚਾਰ ਹੋਰ ਗਾਣੇ ਜਾਂ 2 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ। ਕਾਕਾ ਨੇ 5 ਅਗਸਤ 2024 ਨੂੰ ਨੋਟਿਸ ਅਤੇ 28 ਫ਼ਰਵਰੀ 2025 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ, ਪ੍ਰੰਤੂ ਇਸ ਦੇ ਬਾਵਜੂਦ ਆਰੋਪੀਆਂ ਨੇ ਨਜਾਇਜ਼ ਗਤੀਵਿਧੀਆਂ ਜਾਰੀ ਰੱਖੀਆਂ।