
ਰਾਤ 11 ਵਜੇ 69 ਸਾਲ ਦੀ ਉਮਰ 'ਚ ਬੱਪੀ ਲਹਿਰੀ ਨੇ ਲਏ ਆਖਰੀ ਸਾਹ
ਮੁੰਬਈ : ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਮੰਗਲਵਾਰ ਰਾਤ 11 ਵਜੇ 69 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਕ੍ਰਿਟੀ ਕੇਅਰ ਹਸਪਤਾਲ, ਜੁਹੂ, ਮੁੰਬਈ ਵਿੱਚ ਆਖਰੀ ਸਾਹ ਲਏ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
Bappi Lahiri
ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਬੱਪੀ ਲਹਿਰੀ ਦੀ ਕੋਵਿਡ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਬੱਪੀ ਲਹਿਰੀ ਨੂੰ ਸੰਗੀਤ ਉਦਯੋਗ ਵਿੱਚ ਡਿਸਕੋ ਕਿੰਗ ਕਿਹਾ ਜਾਂਦਾ ਸੀ। ਉਨ੍ਹਾਂ ਦਾ ਅਸਲੀ ਨਾਂ ਅਲੋਕੇਸ਼ ਲਹਿਰੀ ਸੀ। ਬੱਪੀ ਲਹਿਰੀ ਆਪਣੇ ਸੰਗੀਤ ਦੇ ਨਾਲ-ਨਾਲ ਸੋਨਾ ਪਹਿਨਣ ਦੀ ਸ਼ੈਲੀ ਲਈ ਜਾਣੇ ਜਾਂਦੇ ਸਨ।
Bappi Lahiri
ਬੱਪੀ ਦਾ ਜਨਮ 27 ਨਵੰਬਰ 1952 ਨੂੰ ਕੋਲਕਾਤਾ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਵੱਖਰੇ ਅੰਦਾਜ਼ ਕਾਰਨ ਫਿਲਮ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਸੀ। ਬੱਪੀ ਦਾ ਇੰਡਸਟਰੀ 'ਚ 48 ਸਾਲ ਦਾ ਕਰੀਅਰ ਸੀ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਲਗਭਗ 5,000 ਗੀਤਾਂ ਦੀ ਰਚਨਾ ਕੀਤੀ। ਇਸ ਵਿੱਚ ਉਨ੍ਹਾਂ ਨੇ ਹਿੰਦੀ, ਬੰਗਾਲੀ, ਤਾਮਿਲ, ਤੇਲਗੂ, ਮਲਿਆਲਮ, ਕੰਨੜ, ਗੁਜਰਾਤੀ, ਮਰਾਠੀ, ਪੰਜਾਬੀ, ਉੜੀਆ, ਭੋਜਪੁਰੀ, ਅਸਾਮੀ ਭਾਸ਼ਾਵਾਂ ਦੇ ਨਾਲ-ਨਾਲ ਬੰਗਲਾਦੇਸ਼ੀ ਫਿਲਮਾਂ ਅਤੇ ਅੰਗਰੇਜ਼ੀ ਗੀਤਾਂ ਦੀ ਰਚਨਾ ਕੀਤੀ।
Bappi Lahiri
ਕੁਝ ਮਹੀਨੇ ਪਹਿਲਾਂ, ਸੋਸ਼ਲ ਮੀਡੀਆ ਸਾਈਟਾਂ 'ਤੇ ਖਬਰਾਂ ਆਈਆਂ ਸਨ ਕਿ ਬੱਪੀ ਲਹਿਰੀ ਦੀ ਸਿਹਤ ਖਰਾਬ ਹੈ ਅਤੇ ਉਨ੍ਹਾਂ ਦੀ ਆਵਾਜ਼ ਖਤਮ ਹੋ ਗਈ ਹੈ। ਇਸ ਤੋਂ ਬਾਅਦ ਬੱਪੀ ਲਹਿਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਨ੍ਹਾਂ ਖਬਰਾਂ ਨੂੰ ਖਾਰਜ ਕਰਦਿਆਂ ਲਿਖਿਆ ਸੀ - ਇਹ ਜਾਣ ਕੇ ਦੁੱਖ ਹੋਇਆ ਕਿ ਕੁਝ ਮੀਡੀਆ ਹਾਊਸਾਂ ਨੂੰ ਮੇਰੀ ਸਿਹਤ ਅਤੇ ਆਵਾਜ਼ ਨੂੰ ਲੈ ਕੇ ਗਲਤ ਖਬਰਾਂ ਮਿਲੀਆਂ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦੀਆਂ ਦੁਆਵਾਂ ਤੋਂ ਖੁਸ਼ ਹਾਂ।