
ਬਲਕੌਰ ਸਿੰਘ ਨੇ ਪਿਛਲੇ ਮਹੀਨੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਦੇ ਕਾਤਲਾਂ ਖ਼ਿਲਾਫ਼ ਕਾਰਵਾਈ ਕਰਨ ਲਈ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਸੀ।
ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸ਼ੁੱਕਰਵਾਰ ਨੂੰ ਇੰਗਲੈਂਡ (ਯੂਕੇ) ਲਈ ਰਵਾਨਾ ਹੋਏ। ਉਹਨਾਂ ਨੇ ਚੰਡੀਗੜ੍ਹ ਤੋਂ ਫਲਾਈਟ ਲਈ ਸੀ। ਮੂਸੇਵਾਲਾ ਦੇ ਮਾਤਾ-ਪਿਤਾ ਦੇ ਵਿਦੇਸ਼ ਜਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿਛਲੇ ਮਹੀਨੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਦੇ ਕਾਤਲਾਂ ਖ਼ਿਲਾਫ਼ ਕਾਰਵਾਈ ਕਰਨ ਲਈ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਸੀ।
ਬਲਕੌਰ ਸਿੰਘ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਬੇਟੇ ਦੇ ਕਾਤਲਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਵਿਦੇਸ਼ ਜਾ ਵਸਣਗੇ। ਹਾਲਾਂਕਿ ਹੁਣ ਮੂਸੇਵਾਲਾ ਦੇ ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਦੋਵੇਂ ਜਲਦੀ ਹੀ ਭਾਰਤ ਪਰਤਣਗੇ। ਦਰਅਸਲ ਇੰਗਲੈਂਡ ਰਹਿੰਦੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸੇ ਕੜੀ ਵਿਚ ਉਨ੍ਹਾਂ ਵੱਲੋਂ 24 ਨਵੰਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਰੈਲੀ ਵਿਚ ਸ਼ਾਮਲ ਹੋਣ ਲਈ ਮੂਸੇਵਾਲਾ ਦੇ ਮਾਪੇ ਇੰਗਲੈਂਡ ਲਈ ਰਵਾਨਾ ਹੋਏ ਹਨ।