
ਫ਼ਿਲਮ ’ਚ ਤਿੰਨ ਪਾਕਿਸਤਾਨੀ ਅਦਾਕਾਰਾਂ ਦੇ ਹੋਣ ਕਾਰਨ ਫਸਿਆ ਪੇਚ
ਚੰਡੀਗੜ੍ਹ : ਪੰਜਾਬੀ ਫਿਲਮ ਉਦਯੋਗ ਨੂੰ ਇਕ ਹੋਰ ਵੱਡਾ ਝਟਕਾ ਦਿੰਦੇ ਹੋਏ ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ ‘ਚਲ ਮੇਰਾ ਪੁੱਤ 4’ ਨੂੰ ਭਾਰਤ ’ਚ ਰਿਲੀਜ਼ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਹੈ। ਦਿਲਜੀਤ ਦੋਸਾਂਝ ਦੀ ‘ਸਰਦਾਰ ਜੀ 3’ ਨੂੰ ਵੀ ਇਸੇ ਤਰ੍ਹਾਂ ਦੇ ਫੈਸਲੇ ਦਾ ਸਾਹਮਣਾ ਕਰਨਾ ਪਿਆ ਸੀ, ਜੋ ਭਾਰਤੀ ਫਿਲਮ ਪ੍ਰਾਜੈਕਟਾਂ ਵਿਚ ਪਾਕਿਸਤਾਨੀ ਕਲਾਕਾਰਾਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਵੱਧ ਰਹੇ ਤਣਾਅ ਨੂੰ ਦਰਸਾਉਂਦਾ ਹੈ। ‘ਚਲ ਮੇਰਾ ਪੁੱਤ 4’ ਵਿਚ ਪ੍ਰਮੁੱਖ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ, ਅਕਰਮ ਉਦਾਸ ਅਤੇ ਨਾਸਿਰ ਚਿਨਯੋਤੀ ਵੀ ਹਨ।
ਹਾਲਾਂਕਿ, ਇਸ ਸਭ ਲਈ ਇਫਤਿਖਾਰ ਠਾਕੁਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ, ਕਿਉਂਕਿ ਮਈ ਵਿਚ ਭਾਰਤ-ਪਾਕਿਸਤਾਨ ਤਣਾਅ ਵਧਣ ਦੌਰਾਨ ਠਾਕੁਰ ਨੇ ਭੜਕਾਊ ਟਿਪਣੀਆਂ ਕੀਤੀਆਂ ਸਨ। ਉਨ੍ਹਾਂ ਦੀਆਂ ਟਿਪਣੀਆਂ ਨੂੰ ਨਾ ਸਿਰਫ ਹਮਲਾਵਰ ਦੇ ਤੌਰ ਉਤੇ ਵੇਖਿਆ ਗਿਆ ਬਲਕਿ ਦੇਸ਼ ਪ੍ਰਤੀ ਡੂੰਘਾ ਅਪਮਾਨਜਨਕ ਵੀ ਮੰਨਿਆ ਗਿਆ।
ਸਰਕਾਰੀ ਸੂਤਰਾਂ ਨੇ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਇਹ ਸਮਝਿਆ ਜਾਂਦਾ ਹੈ ਕਿ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੀ ਜੜ੍ਹ ਕੌਮੀ ਭਾਵਨਾਵਾਂ ਅਤੇ ਜਨਤਕ ਪ੍ਰਤੀਕਰਮ ਬਾਰੇ ਚਿੰਤਾਵਾਂ ਨਾਲ ਜੁੜੀ ਹੋਈ ਹੈ। ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ.ਬੀ.ਐੱਫ.ਸੀ.) ਨੇ ਇਨ੍ਹਾਂ ਮੁੱਦਿਆਂ ਕਾਰਨ ਸਰਟੀਫਿਕੇਸ਼ਨ ਨਾਲ ਅੱਗੇ ਨਹੀਂ ਵਧਿਆ।