
CM ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ਵਿਚੋਂ ਬਰਖਾਸਤ ਕਰਨ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਹੈ
ਮਾਨਸਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ਵਿਚੋਂ ਬਰਖਾਸਤ ਕਰਨ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਜ਼ਰੀਏ ਉਹਨਾਂ ਨੇ ਡਾ. ਵਿਜੇ ਸਿੰਗਲਾ ’ਤੇ ਤੰਜ਼ ਕੱਸਿਆ ਹੈ।
ਉਹਨਾਂ ਲਿਖਿਆ, “ਬਾਬਾ ਕਹਿੰਦਾ ਸੀ...ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ। ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ”। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ 'ਚ ਸਿੱਧੂ ਮੂਸੇਵਾਲਾ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਉਮੀਦਵਾਰ ਸਨ ਅਤੇ ਉਹ ਵਿਜੇ ਸਿੰਗਲਾ ਤੋਂ ਹਾਰ ਗਏ ਸਨ। ਸਿੱਧੂ ਮੂਸੇਵਾਲਾ ਨੂੰ ਹਰਾ ਕੇ ਵਿਜੇ ਸਿੰਗਲਾ ਪਹਿਲੀ ਵਾਰ ਵਿਧਾਇਕ ਬਣੇ ਹਨ।
ਦਰਅਸਲ ਕਰੀਬ 10 ਦਿਨ ਪਹਿਲਾਂ ਇਕ ਅਧਿਕਾਰੀ ਨੇ ਮੁੱਖ ਮੰਤਰੀ ਦਫ਼ਤਰ ਵਿਚ ਵਿਜੇ ਸਿੰਗਲਾ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਅਧਿਕਾਰੀ ਨੂੰ ਭਰੋਸਾ ਦਿਵਾਇਆ ਸੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ’ਤੇ ਕਾਰਵਾਈ ਕਰਦਿਆਂ ਸੀਐਮ ਮਾਨ ਨੇ ਗੁਪਤ ਜਾਂਚ ਕਰਵਾਈ ਸੀ, ਜਿਸ ਵਿਚ ਡਾ. ਵਿਜੇ ਸਿੰਗਲਾ ਨੂੰ ਦੋਸ਼ੀ ਪਾਇਆ ਗਿਆ। ਸੀਐਮ ਮਾਨ ਨੇ ਦੱਸਿਆ ਕਿ ਡਾ. ਵਿਜੇ ਸਿੰਗਲਾ ਨੇ ਵੀ ਅਪਣੇ ਗੁਨਾਹ ਨੂੰ ਕਬੂਲਿਆ ਹੈ।