
ਨਵਜੋਤ ਸਿੱਧੂ ਨੂੰ ਜੇਲ੍ਹ ਵਿਚ ਵੀਟ ਐਲਰਜੀ ਹੋਣ ਦੀ ਗੱਲ ਕਹੀ ਗਈ ਹੈ
ਪਟਿਆਲਾ: ਰੋਡ ਰੇਜ ਮਾਮਲੇ 'ਚ ਪਟਿਆਲਾ ਸੈਂਟਰਲ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਅੱਜ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੈਡੀਕਲ ਚੈੱਕਅਪ ਲਈ ਲਜਾਇਆ ਗਿਆ ਹੈ। ਨਵਜੋਤ ਸਿੱਧੂ ਦੇ ਵਕੀਲ ਨੇ ਮੈਡੀਕਲ ਦੀ ਐਪਲੀਕੇਸ਼ਨ ਦਿੱਤੀ ਸੀ। ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਡਾਕਟਰਾਂ ਦੀ ਟੀਮ ਗਠਿਤ ਕੀਤੀ ਗਈ ਸੀ। ਨਵਜੋਤ ਸਿੱਧੂ ਨੂੰ ਜੇਲ੍ਹ ਵਿਚ ਵੀਟ ਐਲਰਜੀ ਹੋਣ ਦੀ ਗੱਲ ਕਹੀ ਗਈ ਹੈ। ਇਸ ਲਈ ਡਾਕਟਰਾਂ ਦਾ ਇੱਕ ਬੋਰਡ ਗਠਿਤ ਕੀਤਾ ਗਿਆ ਤੇ ਅੱਜ ਡਾਕਟਰਾਂ ਦੇ ਬੋਰਡ ਨੇ ਸੀਜੇਐੱਮ ਦੇ ਦਫ਼ਤਰ 'ਚ ਫਾਇਲ ਅਤੇ ਡਾਈਟ ਪਲਾਨ ਜਮ੍ਹਾ ਕਰਨਾ ਹੈ।
Navjot Sidhu
ਨਵਜੋਤ ਸਿੱਧੂ ਨੇ ਜੇਲ੍ਹ 'ਚ ਦਾਲ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਪੈਸ਼ਲ ਡਾਈਟ ਦੀ ਮੰਗ ਕੀਤੀ ਸੀ। ਸਿੱਧੂ ਪਟਿਆਲਾ ਜੇਲ੍ਹ ਵਿਚ ਕੈਦੀ ਨੰਬਰ 241383 ਬਣ ਗਏ ਹਨ। ਕੈਦੀ ਦਾ ਨੰਬਰ ਅਲਾਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੈਰਕ ਨੰਬਰ 10 ਵਿਚ ਸ਼ਿਫਟ ਕਰ ਦਿੱਤਾ ਗਿਆ। ਦੱਸ ਦਈਏ ਕਿ ਸਿੱਧੂ ਨੂੰ 1988 ਦੇ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਸੈਸ਼ਨ ਕੋਰਟ 'ਚ ਆਤਮ ਸਮਰਪਣ ਤੋਂ ਬਾਅਦ ਪਹਿਲਾਂ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ।
Navjot Sidhu
ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸਿੱਧੂ ਨੂੰ ਸ਼ੁੱਕਰਵਾਰ ਸ਼ਾਮ 7.15 ਵਜੇ ਜੇਲ੍ਹ ਮੈਨੂਅਲ ਮੁਤਾਬਕ ਦਾਲ ਅਤੇ ਰੋਟੀ ਦਿੱਤੀ ਗਈ ਸੀ, ਹਾਲਾਂਕਿ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਸਿਰਫ਼ ਸਲਾਦ ਅਤੇ ਫਲ ਹੀ ਖਾਧਾ ਸੀ।