
ਜਲੰਧਰ ਵਿਚ ਹੋਏ ਸੀ ਸੜਕ ਹਾਦਸੇ ਦਾ ਸ਼ਿਕਾਰ
ਜਲੰਧਰ: ਪੰਜਾਬੀ ਫ਼ਿਲਮਾਂ ਵਿਚ ਅਦਾਕਾਰ ਤੋਂ ਨਿਰਦੇਸ਼ਕ ਤੱਕ ਦੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਫ਼ਿਲਮ ਨਿਰਦੇਸ਼ਕ ਅਤੇ ਰੇਡੀਓ ਜੌਕੀ ਸੁਖਦੀਪ ਸਿੰਘ ਉਰਫ਼ ਸੁੱਖੀ ਦਾ ਅੱਜ ਦਿਹਾਂਤ ਹੋ ਗਿਆ। ਉਹ ਪਿਛਲੇ ਦਿਨੀਂ ਜਲੰਧਰ ਵਿਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਉਹਨਾਂ ਨੂੰ ਰਾਮਾਮੰਡੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਾਦਸੇ ਦੌਰਾਨ ਬੇਹੋਸ਼ ਹੋਏ ਸੁਖਦੀਪ ਸਿੰਘ ਸੁੱਖੀ ਨੂੰ ਮੁੜ ਹੋਸ਼ ਨਹੀਂ ਆਈ। ਉਹਨਾਂ ਨੇ ਅੱਜ ਇਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ।
ਸੁਖਦੀਪ ਸਿੰਘ ਉਰਫ ਸੁੱਖੀ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ। ਉਸ ਨੇ ਕਾਲਜ ਦੇ ਸਮੇਂ ਤੋਂ ਹੀ ਸਟੇਜ ਪੇਸ਼ਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਾਲਜ ਵਿਚ ਨਾਟਕਾਂ ਤੋਂ ਲੈ ਕੇ ਕਿਸੇ ਵੀ ਸਮਾਗਮ ਦੌਰਾਨ ਸਟੇਜ ਸੰਚਾਲਨ ਕਰਨ ਤੱਕ ਸੁੱਖੀ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਸੀ। ਕਾਲਜ ਤੋਂ ਬਾਅਦ ਸੁੱਖੀ ਨੇ ਰੇਡੀਓ ਦੀ ਦੁਨੀਆ ਵਿਚ ਪ੍ਰਵੇਸ਼ ਕੀਤਾ। ਰੇਡੀਓ ਜੌਕੀ ਵਜੋਂ ਚੰਗਾ ਨਾਮ ਕਮਾਉਣ ਤੋਂ ਬਾਅਦ ਸੁੱਖੀ ਨੇ ਫਿਲਮਾਂ ਵਿਚ ਕੰਮ ਕੀਤਾ।
ਸੁਖਦੀਪ ਸਿੰਘ ਸੁੱਖੀ ਨੇ ਸਾਲ 2018 ਵਿੱਚ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ। ਉਸਨੇ 2018 ਵਿਚ ਪਹਿਲੀ ਪੰਜਾਬੀ ਫਿਲਮ 'ਇਸ਼ਕ ਨਾ ਹੋਵੇ ਰੱਬਾ' ਦਾ ਨਿਰਦੇਸ਼ਨ ਕੀਤਾ। ਫਿਲਮਾਂ ਤੋਂ ਇਲਾਵਾ ਸੁੱਖੀ ਨੇ ਕਈ ਮਿਊਜ਼ਿਕ ਵੀਡੀਓਜ਼ ਅਤੇ ਐਲਬਮਾਂ ਦਾ ਨਿਰਦੇਸ਼ਨ ਵੀ ਕੀਤਾ।
ਦੱਸ ਦਈਏ ਕਿ 23 ਨਵੰਬਰ ਦੀ ਰਾਤ ਨੂੰ ਜਲੰਧਰ 'ਚ ਹੋਏ ਹਾਦਸੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਫ਼ਿਲਮ ਨਿਰਦੇਸ਼ਕ ਸੁਖਦੀਪ ਸਿੰਘ ਸੁੱਖੀ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਛੋਟੀ ਉਮਰ ਵਿਚ ਸੁੱਖੀ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਸਨ। ਦੱਸ ਦਈਏ ਕਿ ਸਤੰਬਰ ਮਹੀਨੇ 'ਚ ਸੁਖਦੀਪ ਸੁੱਖੀ ਦੀ ਮਾਤਾ ਬਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਸੀ, ਉਸ ਤੋਂ ਬਾਅਦ ਅਕਤੂਬਰ ਮਹੀਨੇ 'ਚ ਪਿਤਾ ਬ੍ਰਿਜਪਾਲ ਸਿੰਘ ਦਾ ਦੇਹਾਂਤ ਹੋ ਗਿਆ ਸੀ।