
ਤੁਹਾਨੂੰ ਅੱਜ ਦੱਸਾਂਗੇ ਕਿ ਕਿਹੜਾ ਗਾਇਕ ਕਿਸ-ਕਿਸ ਵਿਵਾਦ ਕਾਰਨ 2024 ਵਿਚ ਉਲਝਿਆ ਰਿਹਾ।
Punjabi singers became victims of controversies in 2024 latest news in punjabi: ਜਿਥੇ 2024 ਵਿਚ ਪੰਜਾਬੀ ਗਾਇਕਾ ਨੇ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਕਰੋੜਾਂ ਲੋਕਾਂ ਉੱਤੇ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ ਹੈ ਉੱਥੇ ਹੀ ਕਈ ਪੰਜਾਬੀ ਗਾਇਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ। ਤੁਹਾਨੂੰ ਅੱਜ ਦੱਸਾਂਗੇ ਕਿ ਕਿਹੜਾ ਗਾਇਕ ਕਿਸ-ਕਿਸ ਵਿਵਾਦ ਕਾਰਨ 2024 ਵਿਚ ਉਲਝਿਆ ਰਿਹਾ।
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵਿਰੁੱਧ ਜਾਰੀ ਹੋਏ ਜ਼ਮਾਨਤੀ ਵਾਰੰਟ
ਗਾਇਕੀ ਤੇ ਅਦਾਕਾਰੀ ਵਿਚ ਨਾਮਣਾ ਖੱਟਣ ਵਾਲੇ ਗਿੱਪੀ ਗਰੇਵਾਲ ਇਸ ਸਾਲ ਉਸ ਸਮੇਂ ਸੁਰਖੀਆਂ ਵਿਚ ਆਏ, ਜਦੋਂ ਅਪਣੇ ਵਲੋਂ ਹੀ ਦਾਖ਼ਲ ਕਰਵਾਏ ਇੱਕ ਮਾਮਲੇ ਵਿਚ ਕੋਰਟ ਵਿਚ ਪੇਸ਼ ਨਾ ਹੋਣ ਉਤੇ ਮਾਨਯੋਗ ਮੋਹਾਲੀ ਅਦਾਲਤ ਦੁਆਰਾ ਉਨ੍ਹਾਂ ਖ਼ਿਲਾਫ਼਼ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਨਿੱਜੀ ਰੂਪ ਵਿਚ ਪੇਸ਼ ਹੋਣ ਦੀ ਤਾਕੀਦ ਕੀਤੀ ਗਈ।
ਉਕਤ ਘਟਨਾਕ੍ਰਮ 31 ਮਈ 2018 ਨੂੰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਕਿਸੇ ਅਣਜਾਣ ਨੰਬਰ ਤੋਂ ਆਪਣੇ ਵਟਸਐਪ 'ਤੇ ਵਾਇਸ ਅਤੇ ਟੈਕਸਟ ਮੈਸੇਜ ਆਇਆ ਸੀ ਜਿਸ ਵਿਚ ਉਨਾਂ ਨੂੰ ਇੱਕ ਨੰਬਰ ਦਿਤਾ ਗਿਆ ਸੀ ਅਤੇ ਇਸ ਨੰਬਰ 'ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਕਥਿਤ ਰੰਗਦਾਰੀ ਸਬੰਧਤ ਗੱਲ ਕਰਨ ਲਈ ਕਿਹਾ ਗਿਆ ਜਿਸ ਉਤੇ ਅਦਾਕਾਰ ਵਲੋ ਮੁਹਾਲੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਸੁਰੱਖਿਆ ਅਤੇ ਕਾਰਵਾਈ ਦੀ ਗੁਹਾਰ ਲਗਾਈ ਗਈ ਸੀ, ਪਰ ਹੁਣ ਉਹ ਖੁਦ ਹੀ ਇਸ ਮਾਮਲੇ ਤੋਂ ਪੈਰ ਪਿਛਾਂਹ ਖਿੱਚ ਰਹੇ ਹਨ।
ਇਸੇ ਮੱਦੇਨਜ਼ਰ ਮਾਨਯੋਗ ਅਦਾਲਤ ਵਲੋ ਉਨਾਂ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5 ਹਜ਼ਾਰ ਰੁਪਏ ਦਾ ਜ਼ਮਾਨਤੀ ਸੰਮਨ ਵੀ ਭੇਜਿਆ ਗਿਆ ਸੀ, ਪਰ ਇਸ ਦੇ ਬਾਵਜੂਦ ਉਨਾਂ ਦੀ ਇਸ ਸਬੰਧਤ ਕੀਤੀ ਜਾ ਰਹੀ ਨਜ਼ਰਅੰਦਾਜ਼ ਦੇ ਚਲਦਿਆ ਉਨਾਂ ਖਿਲਾਫ਼ ਸੰਮਨ ਜਾਰੀ ਕਰ ਦਿਤੇ ਗਏ ਸਨ।
ਚਲਦੇ ਸ਼ੋਅ ਦਰਮਿਆਨ ਝਗੜੇ 'ਚ ਉਲਝੇ ਗੁਲਾਬ ਸਿੱਧੂ
ਪੰਜਾਬੀ ਗਾਇਕੀ ਜਗਤ 'ਚ ਪੈਰ ਜਮਾ ਰਹੇ ਗਾਇਕ ਗੁਲਾਬ ਸਿੱਧੂ ਜੋ ਇਸੇ ਸਾਲ ਉਸ ਸਮੇਂ ਵਿਵਾਦ ਵਿਚ ਘਿਰੇ ਨਜ਼ਰ ਆਏ, ਜਦੋਂ ਖੰਨਾ ਦੇ ਲਲਹੇੜੀ ਰੋਡ 'ਤੇ ਲੱਗੇ ਦੁਸਹਿਰਾ ਮੇਲੇ 'ਚ ਭਾਰੀ ਹੰਗਾਮਾ ਹੋਇਆ ਸੀ। ਇੱਥੇ ਪੰਜਾਬੀ ਗਾਇਕ ਗੁਲਾਬ ਸਿੱਧੂ ਕਾਰਨ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਸਟੇਜ 'ਤੇ ਆਏ ਬਾਊਂਸਰਾਂ ਨੇ ਗੁੰਡਾਗਰਦੀ ਕਰਦੇ ਹੋਏ ਕਿਸਾਨ ਦੀ ਪੱਗ ਲਾਹ ਦਿਤੀ ਸੀ। ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।
ਜਾਣਕਾਰੀ ਅਨੁਸਾਰ ਸਿਰਫ਼ ਕਿਸਾਨ ਤੇ ਉਸ ਦੇ ਪੁੱਤਰ ਨੂੰ ਗਾਇਕਾਂ ਦੀ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ। ਜਦੋਂ ਉਨ੍ਹਾਂ ਕਿਹਾ ਕਿ ਉਹ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿਤੀ। ਬਜ਼ੁਰਗ ਕਿਸਾਨ ਨੂੰ ਧੱਕਾ ਦਿਤਾ ਜਦੋਂ ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਕਿਸਾਨ ਦੀ ਪੱਗ ਲਾਹੁਣ ਤੋਂ ਬਾਅਦ ਉਸ ਦੇ ਪੁੱਤਰ ਸਮੇਤ ਉਸ ਨੂੰ ਸਟੇਜ ਤੋਂ ਹੇਠਾਂ ਧੱਕਾ ਦੇ ਦਿਤਾ।
ਇਸ ਘਟਨਾ ਤੋਂ ਬਾਅਦ ਕਿਸਾਨ ਦੇ ਦੋਸਤ ਲੋਕਾਂ ਦੀ ਭੀੜ ਵਿਚਕਾਰ ਟਰੈਕਟਰ ਲੈ ਕੇ ਸਟੇਜ ਦੇ ਨੇੜੇ ਪਹੁੰਚ ਗਏ। ਜਿਸ ਤੋਂ ਬਾਅਦ ਗੁਲਾਬ ਸਿੱਧੂ ਨੂੰ ਸ਼ੋਅ ਬੰਦ ਕਰਨਾ ਪਿਆ। ਹਾਲਾਤ ਵਿਗੜਦੇ ਦੇਖ ਗੁਲਾਬ ਸਿੱਧੂ ਸ਼ੋਅ ਛੱਡ ਕੇ ਚਲਾ ਗਿਆ। ਉਨ੍ਹਾਂ ਦੀਆਂ ਕਈ ਗੱਡੀਆਂ ਵੀ ਉਥੇ ਹੀ ਰੋਕ ਦਿੱਤੀਆਂ ਗਈਆਂ।
ਲੰਡਨ 'ਚ ਸ਼ੋਅ ਦੌਰਾਨ ਰੋਹ ਦਾ ਸ਼ਿਕਾਰ ਹੋਏ ਕਰਨ ਔਜਲਾ
ਬਾਲੀਵੁੱਡ ਗੀਤ ਤੌਬਾ-ਤੌਬਾ ਗਾਉਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਲੰਡਨ ਚ ਇਕ ਲਾਈਵ ਕੰਸਰਟ ਦੌਰਾਨ ਵਾਪਰੀ ਘਟਨਾ ਕਾਰਨ ਸੁਰਖੀਆਂ ਚ ਬਣੇ ਰਹੇ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋਈ ਸੀ। ਦਰਅਸਲ ਲੰਡਨ 'ਚ ਕੰਸਰਟ ਦੌਰਾਨ ਕਿਸੇ ਨੇ ਉਹਨਾਂ 'ਤੇ ਜੁੱਤੀ ਸੁੱਟ ਦਿਤੀ। ਗੁੱਸੇ 'ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ 'ਤੇ ਆਉਣ ਦੀ ਚੁਣੌਤੀ ਵੀ ਦਿਤੀ। ਅੰਤ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਅਤੇ ਇੱਜ਼ਤ ਦਿਖਾਉਣ ਦੀ ਅਪੀਲ ਕੀਤੀ
ਹਾਲਾਂਕਿ ਹੈਰਾਨ ਪ੍ਰੇਸ਼ਾਨ ਹੋਏ ਇਸ ਗਾਇਕ ਵਲੋਂ ਅਪਣੇ ਸੰਗੀਤ ਸਮਾਰੋਹ ਨੂੰ ਰੋਕਦਿਆਂ ਵਿਰੋਧਕਾਰੀਆਂ, ਜਿੰਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਨੂੰ ਕਾਬੂ ਕਰ ਲਿਆ ਗਿਆ ਸੀ। ਏਨਾਂ ਹੀ ਨਹੀਂ ਗੁੱਸੇ ਵਿੱਚ ਆਏ ਕਰਨ ਔਜਲਾ ਨੇ ਹਮਲੇ ਦਾ ਤਿੱਖਾ ਜਵਾਬ ਪ੍ਰਤੀਕਰਮ ਦਿੰਦੇ ਹੋਏ ਘਟਨਾਕ੍ਰਮ ਉਤੇ ਨਿਰਾਸ਼ਾ ਵੀ ਪ੍ਰਗਟ ਕੀਤੀ।
ਚੰਡੀਗੜ੍ਹ ਸ਼ੋਅ ਨੂੰ ਲੈ ਕੇ ਵੀ ਸਵਾਲਾਂ 'ਚ ਘਿਰੇ ਕਰਨ ਔਜਲਾ
ਪੰਜਾਬੀ ਗਾਇਕ ਕਰਨ ਔਜਲਾ ਆਪਣੀ ਪ੍ਰਭਾਵੀ ਅਤੇ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ, ਹਾਲ ਹੀ ਦਿਨਾਂ ਵਿਚ ਮੁੜ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਰਹੇ, ਜਦੋਂ 07 ਦਸੰਬਰ ਨੂੰ ਚੰਡੀਗੜ੍ਹ ਵਿਚ ਸੰਪੰਨ ਹੋਏ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਸਥਾਨਕ ਨਿਵਾਸੀ ਪ੍ਰੋਫੈਸਰ ਪੰਡਿਤ ਰਾਓ ਧਾਰਨੇਵਰ ਦੁਆਰਾ ਔਜਲਾ ਵਿਰੁਧ ਪੁਲਿਸ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਸੀ।
ਜਿੰਨ੍ਹਾਂ ਇਲਜ਼ਾਮ ਲਗਾਇਆ ਕਿ ਸੰਬੰਧਤ ਗਾਇਕ ਆਪਣੇ ਗਾਣਿਆ ਦੁਆਰਾ ਨੁਕਸਾਨਦੇਹ ਸਮੱਗਰੀ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿੰਨ੍ਹਾਂ ਦੇ ਗਾਣੇ ਸ਼ਰਾਬ ਦੀ ਵਰਤੋਂ, ਨਸ਼ੀਲੇ ਪਦਾਰਥਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ।
ਸ਼ਿਕਾਇਤਕਰਤਾ ਪ੍ਰੋਫੈਸਰ ਪੰਡਿਤ ਰਾਓ ਧਾਰਨੇਵਰ ਨੇ ਮੰਗ ਕੀਤੀ ਕਿ ਨੂੰ ਚੰਡੀਗੜ੍ਹ ਸ਼ੋਅ ਦੌਰਾਨ ਗਾਇਕ ਨੂੰ ਉਨ੍ਹਾਂ ਦੇ ਕੁਝ ਵਿਵਾਦਿਤ ਗਾਣਿਆਂ "ਚਿੱਟਾ ਕੁੜਤਾ," "ਅਧਿਆ," "ਫਿਊ ਡੇਜ਼," "ਅਲਕੋਹਲ 2," "ਗੈਂਗਸਟਰ" ਅਤੇ "ਬੰਦੂਕ" ਵਰਗੇ ਟਰੈਕ ਪੇਸ਼ ਨਾ ਕਰਨ ਦੀ ਹਿਦਾਇਤ ਕੀਤੀ ਜਾਵੇ।
Punjab ਦੀ ਬਜਾਏ Panjab ਸ਼ਬਦਾਵਲੀ ਵਿਵਾਦ ਵਿਚ ਫਸੇ ਦਿਲਜੀਤ ਦੁਸਾਂਝ
ਦਿਲ ਲੂਮੀਨਾਟੀ ਵਰਲਡ ਟੂਰ ਅਧੀਨ ਬੀਤੇ ਦਿਨੀਂ ਚੰਡੀਗੜ੍ਹ ਕੰਸਰਟ ਕਰਨ ਵਾਲੇ ਦਿਲਜੀਤ ਦੁਸਾਂਝ ਵੀ ਵਿਵਾਦਾਂ ਤੋਂ ਕਦੋਂ ਅਛੂਤੇ ਨਹੀਂ ਰਹੇ। ਦਰਅਸਲ ਉਨ੍ਹਾਂ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ Punjab ਦੀ ਬਜਾਏ Panjab ਸ਼ਬਦਾਵਲੀ ਲਿਖ ਦਿਤੀ ਸੀ।
ਇਸ ਉਪਰੰਤ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਸ਼ਬਦਾਂ ਨੂੰ ਲੈ ਕੇ ਕਾਫ਼ੀ ਟ੍ਰੋਲ ਵੀ ਕੀਤਾ ਗਿਆ। ਇਸ ਤੋਂ ਇਲਾਵਾ ਦਿਲਜੀਤ ਉਤੇ ਭਾਰਤੀ ਝੰਡੇ ਦੇ ਇਮੋਜੀ ਨੂੰ ਹਟਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ ਸੀ।
ਦਿਲਜੀਤ ਦੁਸਾਂਝ ਨੇ ਆਪਣੇ ਉਤੇ ਲੱਗੇ ਇਲਜ਼ਾਮਾਂ ਨੂੰ "ਸਾਜ਼ਿਸ਼ ਦੇ ਸਿਧਾਂਤ" ਕਹਿ ਕੇ ਜਵਾਬ ਦਿਤਾ।
ਉਨ੍ਹਾਂ ਕਿਹਾ Punjab ਲਿਖਿਆ ਜਾਵੇ ਜਾਂ Panjab ਪਰ ਇਹ ਮੇਰੇ ਲਈ ਹਮੇਸ਼ਾ ਪੰਜਾਬ ਹੀ ਰਹੇਗਾ। ਹਾਲਾਂਕਿ ਇਸੇ ਮਾਮਲੇ ਵਿਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ Panjab ਲਿਖਣ ਦਾ ਮਕਸਦ ਅਪਣੀ ਇਸ ਦੇ ਨਾਂਅ ਦੀ ਤੋਹੀਨ ਕਰਨਾ ਨਹੀਂ, ਬਲਕਿ ਇਸ ਨੂੰ ਪੰਜ ਦਰਿਆਵਾਂ ਦੀ ਧਰਤੀ ਵਜੋਂ ਪ੍ਰਤੀਬਿੰਬ ਕਰਨਾ ਮੁੱਖ ਰਿਹਾ।
ਏਪੀ ਢਿੱਲੋਂ ਅਤੇ ਦਿਲਜੀਤ ਦੋਸਾਂਝ ਵਿਚਾਲੇ ਗਰਮਾਈ ਸ਼ਬਦੀ ਜੰਗ
ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਿਚਾਲੇ ਵਿਵਾਦ ਛਿੜ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਆਪਣੇ ਇੰਦੌਰ ਕੰਸਰਟ ਵਿਚ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਕਰ ਰਹੇ ਗਾਇਕਾਂ ਏਪੀ ਢਿੱਲੋਂ ਅਤੇ ਕਰਨ ਔਜਲਾ ਨੂੰ ਸ਼ੁਭਕਾਮਨਾਵਾਂ ਦਿਤੀਆਂ ਸਨ। ਇਸ ਤੋਂ ਬਾਅਦ ਹੁਣ ਏਪੀ ਢਿੱਲੋਂ ਨੇ ਚੰਡੀਗੜ੍ਹ ‘ਚ ਆਪਣੇ ਕੰਸਰਟ ਦੌਰਾਨ ਦਿਲਜੀਤ ਦੋਸਾਂਝ ‘ਤੇ ਚੁਟਕੀ ਲਈ ਹੈ। ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਦੋਹਾਂ ਗਾਇਕਾਂ ਦੇ ਪ੍ਰਸ਼ੰਸਕਾਂ ‘ਚ ਬਹਿਸ ਛਿੜ ਗਈ ਹੈ।
ਤੁਹਾਨੂੰ ਦਸ ਦੇਈਏ ਕਿ ਇੰਦੌਰ ਕੰਸਰਟ ਵਿਚ ਦਿਲਜੀਤ ਨੇ ਆਪਣੇ ਦੋ ਭਰਾਵਾਂ ਦੇ ਭਾਰਤ ਵਿਚ ਟੂਰ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਸੀ। ਆਪਣੇ ਇਸ ਬਿਆਨ ‘ਤੇ ਏ.ਪੀ.ਢਿਲੋਂ ਨੇ ਆਪਣੇ ਸਮਾਰੋਹ ‘ਚ ਕਿਹਾ ਕਿ ‘ਪਹਿਲਾਂ ਮੈਨੂੰ ਇੰਸਟਾਗ੍ਰਾਮ ‘ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ।’
ਇਸ ਤੋਂ ਬਾਅਦ ਦਿਲਜੀਤ ਨੇ ਵੀ ਜਵਾਬ ਦਿਤਾ ਅਤੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਨੋਟ ਸ਼ੇਅਰ ਕੀਤਾ। ਇਸ ‘ਚ ਉਨ੍ਹਾਂ ਨੇ ਲਿਖਿਆ, ”ਮੈਂ ਤੁਹਾਨੂੰ ਕਦੇ ਬਲਾਕ ਨਹੀਂ ਕੀਤਾ। ਮੈਨੂੰ ਸਰਕਾਰ ਨਾਲ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਅਪਣੇ ਕਲਾਕਾਰਾਂ ਭਰਾਵਾਂ ਨਾਲ ਨਹੀਂ।"
ਗੈਰੀ ਸੰਧੂ ਉਤੇ ਹੋਏ ਹਮਲਾ ਮਾਮਲੇ ਨੇ ਵੀ ਸੰਗੀਤ ਜਗਤ 'ਚ ਫੈਲਾਈ ਦਹਿਸ਼ਤ
ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਨੇ ਆਪਣੀ ਗਾਇਕੀ ਨਾਲ ਧੁੰਮਾਂ ਪਾਈਆਂ ਹੋਈਆਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ। ਗੈਰੀ ਸੰਧੂ ਦੇ ਦੇਸ਼ ਹੀ ਨਹੀਂ ਵਿਦੇਸ਼ ਵਿਚ ਵੀ ਬਹੁਤ ਸਾਰੇ ਫੈਨਸ ਹਨ। ਉਨ੍ਹਾਂ ਨੂੰ ਅਕਸਰ ਲਾਈਵ ਸਟੇਜ ਸ਼ੋਅ ਕਰਦੇ ਹੋਏ ਵੀ ਵੇਖਿਆ ਜਾਂਦਾ ਹੈ।
ਇਸ ਵਿਚਾਲੇ ਕਲਾਕਾਰ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਸੀ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿਤੇ ਸਨ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਦੁਖੀ ਹੋ ਗਏ ਸਨ। ਦਰਅਸਲ ਆਸਟ੍ਰੇਲੀਆ ਟੂਰ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋਇਆ ਸੀ, ਜਿਸ ‘ਚ ਉਹ ਸਟੇਜ ‘ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਸਟੇਜ ‘ਤੇ ਚੜ੍ਹ ਕੇ ਉਨ੍ਹਾਂ ‘ਤੇ ਅਚਾਨਕ ਹਮਲਾ ਕਰ ਦਿਤਾ। ਜਿਸ ਤੋਂ ਬਾਅਦ ਉਸ ਹਮਲਾਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਵੀਡੀਓ ਹਰ ਪਾਸੇ ਤੜਥੱਲੀ ਮਚਾ ਦਿਤੀ।
ਹਾਲਾਂਕਿ ਇਸ ਘਟਨਾ ਤੋਂ ਬਾਅਦ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਉਹ(ਹਮਲਾਵਾਰ) ਤਾਂ ਐਵੇਂ ਹੀ ਕੁੱਟਿਆ ਗਿਆ। ਇੱਕ ਸ਼ਰਾਬੀ ਸਾਈਡ ‘ਤੇ ਖੜ੍ਹਿਆ ਸੀ ਅਤੇ ਸਾਡੀ ਕਰੂ ਦਾ ਮੁੰਡਾ ਵੀ ਉੱਥੇ ਹੀ ਖੜ੍ਹਾ ਸੀ, ਉਹ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ। ਇਹ ਕਹਿਣ ਤੋਂ ਬਾਅਦ ਗਾਇਕ ਲੋਕਾਂ ਨੂੰ ਮਿਡਲ ਫਿੰਗਰ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਕਿ ਨਿਊਜ਼ ਵਾਲਿਆਂ ਨੇ ਤੋੜ-ਮਰੋੜ ਕੇ ਪੇਸ਼ ਕਰ ਦਿਤਾ। ਗਾਇਕ ਨੇ ਅੱਗੇ ਕਿਹਾ ਜੇ ਲੜਨਾ ਹੀ ਹੈ ਤਾਂ ਬੱਦਰੀ ਗਰਾਊਂਡ ਤੇ ਲੜਿਆ ਕਰੋ, ਮੇਲਿਆਂ ‘ਚ ਆ ਕੇ ਨਾ ਲੜਿਆ ਕਰੋ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।