ਤਰਸੇਮ ਜੱਸੜ ਦੀ ਇਹ ਕੋਸ਼ਿਸ਼ ਪੂਰੀ ਤਰ੍ਹਾਂ ਰੰਗ ਲੈ ਕੇ ਆਈ ਹੈ, ਇਹ ਕਹਿਣਾ ਬਿਲਕੁਲ ਸਹੀ ਹੈ।
ਮਸਤਾਨੇ ਫ਼ਿਲਮ ਬਹੁਤ ਵਧੀਆ ਫ਼ਿਲਮ ਬਣੀ ਹੈ। ਸਭ ਕਲਾਕਾਰਾਂ ਨੇ ਅਪਣੇ ਕਿਰਦਾਰ ਖ਼ੂਬ ਨਿਭਾਏ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੀ ਇਸ ਫ਼ਿਲਮ ਨੇ ਬਾਲੀਵੁਡ ਦੀਆਂ ਫ਼ਿਲਮਾਂ ’ਤੇ ਜੋ ਕਰਾਰੀ ਚਪੇੜ ਮਾਰੀ, ਉਹ ਯਾਦ ਰੱਖਣ ਵਾਲੀ ਹੈ ਕਿਉਂਕਿ ਬਾਲੀਵੁਡ ਨੇ ਲਚਰਪੁਣਾ, ਨੰਗੇਜ, ਸਭਿਆਚਾਰ ਤੋਂ ਹਟਵੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਤਰਸੇਮ ਜੱਸੜ ਨੇ ਧਰਮ ਅਤੇ ਸਮਾਜ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਫ਼ਿਲਮ ਬਣਾਈ ਹੈ।
ਸਮਾਜ ਨੂੰ ਇਕ ਬਹੁਤ ਵਧੀਆ ਸੁਨੇਹਾ ਦਿਤਾ ਹੈ। ਪੰਜਾਬੀ ਇੰਡਸਟਰੀ ਨੂੰ ਮਸਤਾਨੇ ਵਰਗੀਆਂ ਫ਼ਿਲਮਾਂ ਦਾ ਹੋਰ ਨਿਰਦੇਸ਼ਨ ਕਰਨਾ ਚਾਹੀਦਾ ਹੈ। ਫ਼ਿਲਮ ਵਿਚ ਜਦੋਂ ਅਰਦਾਸ ਵਾਲਾ ਸੀਨ ਆਇਆ ਤਾਂ ਸਾਰੇ ਦਰਸ਼ਕ ਸਿਰ ਢੱਕ ਕੇ ਖੜੇ ਹੋ ਗਏ। ਸਾਰਾ ਸਿਨੇਮਾ ਹਾਲ ਪੂਰਾ ਭਰਿਆ ਪਿਆ ਸੀ। ਪੂਰੇ ਪ੍ਰਵਾਰ ਬੈਠ ਕੇ ਫ਼ਿਲਮ ਦਾ ਅਨੰਦ ਮਾਣ ਰਹੇ ਸੀ। ਅਗਲੀ ਪੀੜ੍ਹੀ ਨੂੰ ਸੇਧ ਦੇਣ ਵਾਲੀ ਫ਼ਿਲਮ ਹੈ। ਤਰਸੇਮ ਜੱਸੜ ਦੀ ਇਹ ਕੋਸ਼ਿਸ਼ ਪੂਰੀ ਤਰ੍ਹਾਂ ਰੰਗ ਲੈ ਕੇ ਆਈ ਹੈ, ਇਹ ਕਹਿਣਾ ਬਿਲਕੁਲ ਸਹੀ ਹੈ।
ਸਿੱਖੀ ਸਰੂਪ, ਸਿੱਖੀ ਬਾਣੇ ਤੇ ਅਰਦਾਸ ਦੀ ਜੋ ਰੂਹਾਨੀ ਸ਼ਕਤੀ ਇਸ ਫ਼ਿਲਮ ’ਚ ਦਰਸਾਈ ਗਈ ਹੈ, ਉਸ ਤੋਂ ਸੇਧ ਲੈਣ ਦੀ ਲੋੜ ਹੈ। ਗੁਰੂ ਮਹਾਰਾਜ ਵਲੋਂ ਸਿੰਘ ਸਾਜਣਾ ਕੋਈ ਕਰਾਮਾਤ ਨਾਲੋਂ ਘੱਟ ਨਹੀਂ ਸੀ। ਇਸ ਫ਼ਿਲਮ ਰਾਹੀਂ ਇਹ ਸਪੱਸ਼ਟ ਤੌਰ ’ਤੇ ਸਮਝਾਇਆ ਗਿਆ ਹੈ ਕਿ ਗੁਰੂ ਮਹਾਰਾਜ ਦੀ ਦਿਤੀ ਦੇਣ ਬਾਣੀ ਅਤੇ ਬਾਣੇ ’ਚ ਉਸ ਅਕਾਲ ਪੁਰਖ ਦੀ ਸ਼ਕਤੀ ਹੈ ਅਤੇ ਇਸ ਦੇ ਧਾਰਨੀ ਹੁੰਦਿਆਂ ਹੀ ਰੂਹਾਨੀ ਸ਼ਕਤੀ ਹਾਸਲ ਹੁੰਦੀ ਹੈ। ਗੁਰੂ ਮਹਾਰਾਜ ਦੇ ਬਚਨ ਸਨ :
ਚਿੜੀਆਂ ਤੋਂ ਮੈਂ ਬਾਜ਼ ਤੁੜਾਊਂ, ਗਿੱਦੜਾਂ ਤੋਂ ਮੈਂ ਸ਼ੇਰ ਬਣਾਊਂ।
ਸਵਾ ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਗੁਰੂ ਸਾਹਿਬ ਦੇ ਬਚਨ ਸੱਚ ਹੁੰਦੇ ਹਨ ਜਦੋਂ ਅਸੀ ਸਿੱਖੀ ਸਿਧਾਂਤਾਂ ’ਤੇ ਤੁਰਦੇ ਹਾਂ। ਇਸ ਫ਼ਿਲਮ ’ਚ ਇਹੀ ਸਮਝਾਇਆ ਗਿਆ ਹੈ ਕਿ ਸਿੱਖਾਂ ਦੀ ਨਕਲ ਕਰਦੇ ਹੋਏ ਮਸਤਾਨੇ ਕਿਸ ਕਦਰ ਉਸ ਰੂਹਾਨੀ ਸ਼ਕਤੀ ਨੂੰ ਹਾਸਲ ਕਰਦੇ ਹਨ ਕਿ ਯੋਧਿਆ ਵਾਂਗ ਲੜਦੇ ਹਨ ਅਤੇ ਮੌਤ ਆਉਣ ਤੇ ਖ਼ੁਦ ਨੂੰ ਸਿੰਘ ਸਮਝਦੇ ਹਨ ਅਤੇ ਬੇਖੌਫ਼ ਮੌਤ ਦੀ ਆਗ਼ੋਸ਼ ਵਿਚ ਚਲੇ ਜਾਂਦੇ ਹਨ।
ਪਰ ਫ਼ਿਲਮ ਦੇਖਦੇ ਸਮੇਂ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਅੱਜ ਦਾ ਸਮਾਜ ਸਿੱਖੀ ਸਰੂਪ ਧਾਰ ਕੇ ਕੋਝੇ ਕੰਮ ਕਰਨ ਤੋਂ ਸ਼ਰਮ ਮਹਿਸੂਸ ਨਹੀਂ ਕਰਦਾ। ਜਿੱਥੇ ਉਸ ਸਮੇਂ ਦੂਸਰੇ ਧਰਮ ਦੇ ਲੋਕ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰ ਦਿੰਦੇ ਸੀ ਤੇ ਉਸ ਸਮੇਂ ਦੇ ਹਾਕਮ ਵੀ ਸਿੱਖਾਂ ਦੀ ਬਹਾਦਰੀ ਦਾ ਲੋਹਾ ਮੰਨਦੇ ਸੀ, ਅੱਜ ਸਾਡੇ ’ਚੋਂ ਹੀ ਕੱੁਝ ਛੋਟੀ ਮਾਨਸਕਤਾ ਦੇ ਲੋਕ ਸਿੱਖੀ ਸਰੂਪ ਧਾਰ ਕੇ ਧਰਮ ਤੇ ਕੌਮ ਨੂੰ ਢਾਹ ਲਾਉਣ ਦੀਆਂ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਹਨ।
ਪਰ ਤਰਸੇਮ ਜੱਸੜ ਨੇ ਇਸ ਫ਼ਿਲਮ ਰਾਹੀਂ ਸਿੱਖ ਧਰਮ ਤੇ ਅਪਣੀ ਸਿੱਖ ਕੌਮ ਨੂੰ ਜੋ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਸ ਵਿਚ ਉਹ ਮੇਰੇ ਖ਼ਿਆਲ ਨਾਲ ਕਾਮਯਾਬ ਹੋਇਆ ਹੈ।
- ਰਸ਼ਪਿੰਦਰ ਕੌਰ ਗਿੱਲ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ,
ਫ਼ੋਨ ਨੰ : +91-9888697078