
Punjab News: ਪਾਲੀ ਭੁਪਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਤਿੰਨ ਨਵੀਆਂ ਪੰਜਾਬੀ ਫ਼ਿਲਮਾਂ ਬਣਨਗੀਆਂ!
ਪੰਜਾਬੀ ਸਿਨੇਮਾ ਲਈ ਇੱਕ ਮਹੱਤਵਪੂਰਨ ਵਿਕਾਸ ਵਿੱਚ ਅਮਰੀਕਾ ਦੇ ਯੂਨਾਈਟਿਡ ਸਟੂਡੀਓ ਅਤੇ ਕੈਨੇਡਾ ਦੀ ਲੂਮੀਨਰੀ ਪ੍ਰੋਡਕਸ਼ਨਜ਼ ਨੇ ਭਾਰਤ ਦੀ ਵਿੰਕਲ ਸਟੂਡੀਓਜ਼ ਨਾਲ ਤਿੰਨ ਪੰਜਾਬੀ ਫੀਚਰ ਫ਼ਿਲਮਾਂ ਦੀ ਨਿਰਮਾਣ ਸਾਂਝ ਦਾ ਐਲਾਨ ਕੀਤਾ ਹੈ। ਇਹ ਤਿੰਨ ਫ਼ਿਲਮਾਂ ਪ੍ਰਸਿੱਧ ਲੇਖਕ-ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਜਾਣਗੀਆਂ, ਜੋ ਕਿ ‘ਗੁਰਮੁਖ’ ਅਤੇ ‘ਲਾਵਾਂ ਫੇਰੇ’ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ।
ਲੂਮਿਨਰੀ ਪ੍ਰੋਡਕਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ, “ਇਹ ਸਹਿਯੋਗ ਇੱਕ ਨਵਾਂ ਅਤੇ ਵਿਲੱਖਣ ਸਿਨੇਮਾ ਬਣਾਉਣ ਦਾ ਯਤਨ ਹੈ ਜੋ ਗਲੋਬਲ ਪੱਧਰ ਉੱਤੇ ਆਪਣੇ ਪੰਜਾਬੀ ਸਿਨੇਮਾ ਨੂੰ ਲੈ ਕੇ ਜਾਵੇਗਾ ਅਤੇ ਨਾਲ ਹੀ ਪੰਜਾਬੀ ਥੀਏਟਰ ਅਤੇ ਸਿਨੇਮਾ ਤੋਂ ਉੱਭਰ ਰਹੀ ਪ੍ਰਤਿਭਾ ਲਈ ਇੱਕ ਮਜ਼ਬੂਤ ਪਲੇਟਫ਼ਾਰਮ ਵੀ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਤਿੰਨੋ ਫ਼ਿਲਮਾਂ ਦੀ ਕਹਾਣੀ ਤੈਅ ਹੋ ਚੁੱਕੀ ਹੈ ਅਤੇ ਪਹਿਲੀ ਫ਼ਿਲਮ ਦੀ ਤਿਆਰੀ ਵੀ ਚੱਲ ਰਹੀ ਹੈ। ਇਹ ਤਿੰਨ ਫ਼ਿਲਮਾਂ ਵੱਖ-ਵੱਖ ਵਿਸ਼ਿਆਂ ’ਤੇ ਹੋਣਗੀਆਂ — ਮਨੋਰੰਜਕ, ਸੱਭਿਆਚਾਰਕ ਅਤੇ ਸਮਾਜਿਕ ਸੰਦੇਸ਼ ਦੇ ਨਾਲ।"
\ਇਸ ਸਹਿਯੋਗ ਬਾਰੇ ਬੋਲਦਿਆਂ, ਪ੍ਰੋਜੈਕਟਾਂ ਦੇ ਨਿਰਮਾਤਾ ਪੀ.ਐਸ. ਬਰਾੜ ਅਤੇ ਵਿੰਕਲ ਸਟੂਡੀਓਜ਼ ਦੇ ਸੰਦੀਪ ਕੱਕੜ ਨੇ ਕਿਹਾ ਕਿ "ਇਹ ਸਹਿਯੋਗ ਸਿਰਫ਼ ਫਿਲਮਾਂ ਬਣਾਉਣ ਲਈ ਨਹੀਂ ਹੈ; ਸਗੋਂ ਪੰਜਾਬੀ ਕਹਾਣੀਕਾਰੀਆਂ ਨੂੰ ਨਵੀਂ ਦਿਸ਼ਾ ਦੇਣ ਵਾਲੀ ਲਹਿਰ ਦੀ ਸ਼ੁਰੂਆਤ ਹੈ। ਤਿੰਨੋਂ ਪ੍ਰੋਡਕਸ਼ਨ ਹਾਊਸ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਨਵੇਂ, ਪ੍ਰਤਿਭਾਸ਼ਾਲੀ ਪੰਜਾਬੀ ਕਲਾਕਾਰਾਂ ਅਤੇ ਟੈਕਨੀਸ਼ੀਅਨਾਂ ਨੂੰ ਪੇਸ਼ ਕਰਨ ਲਈ ਵਚਨਬੱਧ ਹਨ।"
ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਕਿਹਾ, “ਮੈਂ ਹਮੇਸ਼ਾ ਮੰਨਿਆ ਹੈ ਕਿ ਵਪਾਰਕ ਸਿਨੇਮਾ ਵਿੱਚ ਵੀ ਸਮੱਗਰੀ ਦਾ ਦਰਜਾ ਹੋਣਾ ਚਾਹੀਦਾ ਹੈ। ਇਹ ਤਿੰਨ ਫ਼ਿਲਮਾਂ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਹੋਣਗੀਆਂ, ਜੋ ਪੰਜਾਬੀ ਸਭਿਆਚਾਰ ਵਿੱਚ ਰੁਤਬਾ ਰੱਖਦੀਆਂ ਹੋਈਆਂ ਹੋਣਗੀਆਂ ਪਰ ਉਹਨਾਂ ਦੀ ਅਪੀਲ ਵਿਸ਼ਵ ਪੱਧਰ ਦੀ ਹੋਵੇਗੀ।”
ਇਹ ਤਿੰਨ-ਪੱਖੀ ਸਾਂਝ ਪੰਜਾਬੀ ਸਿਨੇਮਾ ਵਿੱਚ ਇਕ ਨਵੀਂ ਲਹਿਰ ਲਿਆਉਣ ਦਾ ਵਾਅਦਾ ਕਰਦੀ ਹੈ ਜੋ ਕਿ ਮਜ਼ੇਦਾਰ ਵੀ ਹੋਵੇਗੀ, ਸੋਚਣ ਉਤੇ ਮਜਬੂਰ ਵੀ ਕਰੇਗੀ ਅਤੇ ਗਲੋਬਲ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਦੇ ਨੇੜੇ ਲਿਆਵੇਗੀ।