ਦਿਲਕਸ਼ ਅਤੇ ਸਦਾਬਹਾਰ ਸੰਗੀਤ ਰਚੇਤਾ ਆਰ.ਡੀ.ਬਰਮਨ
Published : Jul 30, 2022, 3:37 pm IST
Updated : Jul 30, 2022, 3:37 pm IST
SHARE ARTICLE
R. D. Burman
R. D. Burman

ਆਰ.ਡੀ.ਬਰਮਨ ਜਦੋਂ ਬਾਲ ਅਵਸਥਾ ਵਿਚ ਪੰਘੂੜੇ ’ਚ ਪਿਆ ਰੋਂਦਾ ਹੁੰਦਾ ਸੀ ਤਾਂ ਉਹ ਜ਼ਿਆਦਾ ਕਰ ਕੇ ਪੰਚਮ ਸੁਰ ਵਿਚ ਹੀ ਰੌਂਦਾ ਸੀ

 

ਇਕ ਬੜੀ ਪ੍ਰਸਿੱਧ ਕਹਾਵਤ ਹੈ ਕਿ ‘ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ’ ਤੇ ਇਹ ਕਹਾਵਤ ਬਾਲੀਵੁੱਡ ਦੇ ਇਕ ਬੇਹੱਦ ਮਕਬੂਲ ਤੇ ਸੂਝਵਾਨ ਸੰਗੀਤਕਾਰ ‘ਤੇ ਇਨ-ਬਿਨ ਢੁਕਦੀ ਸੀ ਤੇ ਉਹ ਸੰਗੀਤਕਾਰ ਸੀ ਆਰ.ਡੀ.ਬਰਮਨ ਭਾਵ ਰਾਹੁਲ ਦੇਵ ਬਰਮਨ ਜੋ ਕਿ ਅਤਿਅੰਤ ਪ੍ਰਤਿਭਾਵਾਨ ਸੰਗੀਤਕਾਰ ਸਚਿਨ ਦੇਵ ਬਰਮਨ ਭਾਵ ਐਸ.ਡੀ. ਬਰਮਨ ਦਾ ਹੋਣਹਾਰ ਪੁੱਤਰ ਸੀ। ਆਰ.ਡੀ.ਬਰਮਨ ਜਦੋਂ ਬਾਲ ਅਵਸਥਾ ਵਿਚ ਪੰਘੂੜੇ ’ਚ ਪਿਆ ਰੋਂਦਾ ਹੁੰਦਾ ਸੀ ਤਾਂ ਉਹ ਜ਼ਿਆਦਾ ਕਰ ਕੇ ਪੰਚਮ ਸੁਰ ਵਿਚ ਹੀ ਰੌਂਦਾ ਸੀ ਜਿਸ ਕਰ ਕੇ ਅਦਾਕਾਰ ਅਸ਼ੋਕ ਕੁਮਾਰ ਨੇ ਬਚਪਨ ’ਚ ਹੀ ਉਸਦਾ ਨਾਂ ‘ਪੰਚਮ’ ਰੱਖ ਦਿਤਾ ਸੀ ਤੇ ਵੱਡਾ ਹੋ ਕੇ ਕੇਵਲ ਪੰਚਮ ਹੀ ਨਹੀਂ ਸਗੋਂ ਸੱਤੇ ਸੁਰਾਂ ਦਾ ਉਸਤਾਦ ਸੰਗੀਤਕਾਰ ਬਣ ਕੇ ਆਰ.ਡੀ. ਬਰਮਨ ਨੇ ਬਾਲੀਵੁੱਡ ਸੰਗੀਤ ਨੂੰ ਇਕ ਨਵਾਂ ਮੁਹਾਂਦਰਾ ਤੇ ਬੁਲੰਦੀ ਪ੍ਰਦਾਨ ਕੀਤੀ ਸੀ।

R. D. BurmanR. D. Burman

ਉਸ ਨੇ ਕੁੱਲ 331 ਫ਼ਿਲਮਾਂ ਲਈ ਸੰਗੀਤ ਸਿਰਜਿਆ ਜਿਨ੍ਹਾਂ ਵਿਚੋਂ 292 ਹਿੰਦੀ, 31 ਬੰਗਾਲੀ, 3 ਤੇਲਗੂ, 2 ਤਾਮਿਲ, 2 ਉੜੀਆ ਅਤੇ 1 ਮਰਾਠੀ ਫ਼ਿਲਮ ਸੀ। ਉਸ ਦੀਆਂ ਸੈਂਕੜੇ ਫ਼ਿਲਮਾਂ ਅਪਣੇ ਸੰਗੀਤ ਕਰ ਕੇ ਹਿੱਟ ਰਹੀਆਂ ਸਨ ਤੇ ਉਸ ਨੂੰ ਅਪਣੇ ਸੁਰੀਲੇ ਸੰਗੀਤ ਸਦਕਾ ਹਜ਼ਾਰਾਂ ਗੀਤਾਂ ਨੂੰ ਅਮਰ ਕਰ ਦੇਣ ਦਾ ਸ਼ਰਫ਼ ਹਾਸਿਲ ਹੋਇਆ ਸੀ। ਗਾਇਕ ਕਿਸ਼ੋਰ ਕੁਮਾਰ ਅਤੇ ਗਾਇਕਾ ਆਸ਼ਾ ਭੌਂਸਲੇ ਕੋਲੋਂ ਉਨ੍ਹਾਂ ਦੇ ਫ਼ਿਲਮੀ ਕੈਰੀਅਰ ਦੇ ਸਭ ਤੋਂ ਵੱਧ ਹਿੱਟ ਗੀਤ ਗਵਾ ਕੇ ਉਨ੍ਹਾਂ ਨੂੰ ਸ਼ੁਹਰਤ ਦੀ ਟੀਸੀ ’ਤੇ ਪੰਹੁਚਾ ਦੇਣ ਵਾਲੇ ਰਾਹੁਲ ਦੇਵ ਬਰਮਨ ਉਰਫ਼ ਪੰਚਮ ਦਾ ਜਨਮ 27 ਜੂਨ, 1939 ਨੂੰ ਗੀਤਕਾਰ ਮਾਂ ਮੀਰਾ ਦੇਵ ਬਰਮਨ ਦੀ ਕੁੱਖੋਂ ਕੋਲਕਾਤਾ ਵਿਖੇ ਹੋਇਆ ਸੀ।

R. D. BurmanR. D. Burman

ਹੋਣਹਾਰ ਪਿਤਾ ਦੇ ਹੋਣਹਾਰ ਲਾਡਲੇ ਪੰਚਮ ਨੇ ਅਪਣਾ ਪਹਿਲਾ ਗੀਤ ਕੇਵਲ ਨੌਂ ਸਾਲ ਦੀ ਉਮਰ ਵਿਚ ਸੰਗੀਤਬੱਧ ਕਰ ਦਿਤਾ ਸੀ ਤੇ ਉਸ ਦੀ ਇਸ ਦਿਲਕਸ਼ ਕੰਪੋਜ਼ੀਸ਼ਨ ਨੂੰ ਉਸ ਦੇ ਪਿਤਾ ਨੇ ਬਾਅਦ ਵਿਚ ਸੰਨ 1956 ਵਿਚ ਬਣੀ ਫ਼ਿਲਮ ‘ਫ਼ੰਟੂਸ਼’ ਲਈ ਵਰਤ ਲਿਆ ਸੀ। ਇਥੇ ਹੀ ਬਸ ਨਹੀਂ ਸੰਨ 1957 ਵਿਚ ਗੁਰੂਦੱਤ ਦੀ ਫ਼ਿਲਮ ‘ਪਿਆਸਾ’ ਦੇ ਗੀਤ ‘ਸਰ ਜੋ ਤੇਰਾ ਚਕਰਾਏ’ ਦੀ ਧੁਨ ਵੀ ਅਠਾਰ੍ਹਾਂ ਵਰਿ੍ਹਆਂ ਦੇ ਮੁੱਛਫੁੱਟ ਗੱਭਰੂ ਪੰਚਮ ਦੀ ਹੀ ਤਿਆਰ ਕੀਤੀ ਹੋਈ ਸੀ। ਪੰਚਮ ਨੇ ਅਪਣੇ ਪਿਤਾ ਐਸ.ਡੀ. ਬਰਮਨ ਅਤੇ ਸੰਗੀਤਕਾਰ ਸਲਿਲ ਚੌਧਰੀ ਤੋਂ ਇਲਾਵਾ ਉਸਤਾਦ ਅਲੀ ਅਕਬਰ ਖ਼ਾਨ ਅਤੇ ਉਸਤਾਦ ਸਮਤਾ ਪ੍ਰਸਾਦ ਤੋਂ ਸੰਗੀਤ ਦੀਆਂ ਬਾਰੀਕੀਆਂ ਸਿਖੀਆਂ ਸਨ।

R. D. BurmanR. D. Burman

ਸਗੀਤ ਦੇ ਸੁਰਾਂ ਨਾਲ ਸਰਾਬੋਰ ਆਰ.ਡੀ. ਬਰਮਨ ਉਦੋਂ ਕੇਵਲ ਉੱਨੀ ਕੁ ਵਰਿ੍ਹਆਂ ਦਾ ਸੀ ਜਦੋਂ ਉਸ ਨੇ ਅਪਣੇ ਪਿਤਾ ਨਾਲ ਬਤੌਰ ਸਹਾਇਕ ਸੰਗੀਤਕਾਰ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ। ਬਤੌਰ ਸਹਾਇਕ ਵੀ ਉਸ ਦਾ ਕੰਮ ਕਾਬਿਲੇ ਤਾਰੀਫ਼ ਰਿਹਾ ਸੀ ਕਿਉਂਕਿ ਇਸ ਅਹੁਦੇ ’ਤੇ ਕੰਮ ਕਰਦਿਆਂ ਹੋਇਆਂ ਉਸ ਨੇ ਚਲਤੀ ਕਾ ਨਾਮ ਗਾੜੀ, ਕਾਗ਼ਜ਼ ਕੇ ਫੂਲ, ਤੇਰੇ ਘਰ ਕੇ ਸਾਹਮਨੇ, ਬੰਦਿਨੀ, ਜ਼ਿੱਦੀ, ਤੀਨ ਦੇਵੀਆਂ, ਗਾਈਡ, ਜਿਊਲ ਥੀਫ਼ ਅਤੇ ਪ੍ਰੇਮ ਪੁਜਾਰੀ ਜਿਹੀਆਂ ਸ਼ਾਹਕਾਰ ਫ਼ਿਲਮਾਂ ਬਾਲੀਵੁੱਡ ਦੀ ਝੋਲੀ ਪਾਈਆਂ ਸਨ। ਉਨ੍ਹਾ ਵੇਲਿਆਂ ਵਿਚ ਫ਼ਿਲਮ ‘ਸੋਲ੍ਹਵਾਂ ਸਾਲ’ ਦੇ ਇੱਕ ਗੀਤ ‘ਹੈ ਅਪਨਾ ਦਿਲ ਤੋ ਆਵਾਰਾ’ ਲਈ ਉਸ ਨੇ ਮਾਊਥ ਆਰਗੇਨ ਨਾਂ ਦਾ ਸੰਗੀਤਕ ਸਾਜ਼ ਇਸ ਕਦਰ ਬਾਖ਼ੂਬੀ ਨਾਲ ਵਜਾਇਆ ਸੀ ਕਿ ਕਈ ਦਹਾਕਿਆਂ ਤਕ ਲੋਕਾਂ ਦੇ ਕੰਨਾਂ ’ਚ ਰਸ ਘੋਲਦਾ ਰਿਹਾ ਸੀ।

R. D. Burman

R. D. Burman

ਬਤੌਰ ਪੂਰਨ ਸੰਗੀਤਕਾਰ ਆਰ.ਡੀ. ਬਰਮਨ ਦੀ ਪਹਿਲੀ ਫ਼ਿਲਮ ‘ਰਾਜ਼’ ਸੀ ਜਿਸ ਦਾ ਨਿਰਦੇਸ਼ਨ ਗੁਰੂਦੱਤ ਦੇ ਸਹਾਇਕ ਨਿਰੰਜਨ ਵਲੋਂ ਦਿਤਾ ਜਾ ਰਿਹਾ ਸੀ। ਉਸ ਨੇ ਸ਼ੈਲੇਂਦਰ ਦੇ ਰਚੇ ਦੋ ਗੀਤ ਆਸ਼ਾ ਭੌਂਸਲੇ, ਗੀਤਾ ਦੱਤ ਅਤੇ ਸ਼ਮਸ਼ਾਦ ਬੇਗ਼ਮ ਦੀਆਂ ਆਵਾਜ਼ਾਂ ਵਿਚ ਰਿਕਾਰਡ ਕਰਵਾਏ ਸਨ ਪਰ ਕਿਸੇ ਕਾਰਨ ਇਹ ਫ਼ਿਲਮ ਪੂਰੀ ਨਾ ਹੋ ਸਕੀ ਤੇ ਰਾਹੁਲ ਨੂੰ ਮਿਲੀ ਦੂਜੀ ਫ਼ਿਲਮ ‘ਛੋਟੇ ਨਵਾਬ’ ਹੀ ਉਸ ਦੇ ਕੈਰੀਅਰ ਦੀ ਪਹਿਲੀ ਫ਼ਿਲਮ ਹੋ ਨਿਬੜੀ। ਸੰਨ 1961 ਵਿਚ ਬਤੌਰ ਅਦਾਕਾਰ ਅਤੇ ਨਿਰਮਾਤਾ ਮਹਿਮੂਦ ਵਲੋਂ ਬਣਾਈ ਗਈ ਇਹ ਫ਼ਿਲਮ ਅਸਲ ਵਿਚ ਉਸ ਦੇ ਪਿਤਾ ਨੂੰ ਮਿਲੀ ਸੀ ਪਰ ਉਨ੍ਹਾਂ ਕੋਲ ਸਮੇਂ ਦੀ ਘਾਟ ਹੋਣ ਕਰ ਕੇ ਇਹ ਫ਼ਿਲਮ ਉਸ ਦੀ ਝੋਲੀ ਆਣ ਪਈ ਸੀ।

R. D. Burman R. D. Burman

ਆਰ.ਡੀ. ਬਰਮਨ ਦੀ ਸਭ ਤੋਂ ਪਹਿਲੀ ਹਿੱਟ ਫ਼ਿਲਮ ‘ਤੀਸਰੀ ਮੰਜ਼ਿਲ’ ਸੀ ਜਿਸ ਦਾ ਨਿਰਮਾਣ ਨਾਸਿਰ ਹੁਸੈਨ ਨੇ ਕੀਤਾ ਸੀ। ਨਾਸਿਰ ਸਾਹਿਬ ਨੂੰ ਉਸ ਦਾ ਕੰਮ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਅਗਲੀਆਂ ਕਈ ਫ਼ਿਲਮਾਂ ਉਸ ਦੇ ਨਾਲ ਹੀ ਕੀਤੀਆਂ ਜਿਨ੍ਹਾਂ ਵਿਚ ਬਹਾਰੋਂ ਕੇ ਸਪਨੇ, ਪਿਆਰ ਕਾ ਮੌਸਮ, ਯਾਦੋਂ ਕੀ ਬਾਰਾਤ ਆਦਿ ਦੇ ਨਾਂ ਸ਼ਾਮਲ ਸਨ। ਉਂਜ ਸੰਨ 1970 ਵਿਚ ਆਈ ਫ਼ਿਲਮ ‘ਕਟੀ ਪਤੰਗ’ ਦੇ ਸੰਗੀਤ ਨੇ ਉਸ ਨੂੰ ਪਹਿਲੀ ਸ਼੍ਰੇਣੀ ਦੇ ਸੰਗੀਤਕਾਰਾਂ ਦੀ ਕਤਾਰ ਵਿਚ ਖੜਾ ਕਰ ਦਿਤਾ ਸੀ। ਆਰ.ਡੀ. ਬਰਮਨ ਦੀ ਪਹਿਲੀ ਸ਼ਾਦੀ ਸੰਨ 1966 ਵਿਚ ਰੀਟਾ ਪਟੇਲ ਨਾਲ ਹੋਈ ਸੀ ਪਰ ਅਣਬਣ ਕਰ ਕੇ ਸੰਨ 1971 ਵਿਚ ਉਸ ਦਾ ਤਲਾਕ ਹੋ ਗਿਆ ਸੀ ਤੇ ਸੰਨ 1980 ਵਿਚ ਉਸ ਨੇ ਗਾਇਕਾ ਆਸ਼ਾ ਭੌਂਸਲੇ ਨਾਲ ਸ਼ਾਦੀ ਕਰ ਲਈ ਸੀ।

R. D. Burman R. D. Burman

ਰੀਟਾ ਪਟੇਲ ਨਾਲ ਤਲਾਕ ਪਿੱਛੋਂ ਉਸ ਨੂੰ ਕੁੱਝ ਦਿਨ ਘਰੋਂ ਬੇਘਰ ਹੋ ਕੇ ਹੋਟਲ ’ਚ ਰਹਿਣਾ ਪਿਆ ਤੇ ਇਸ ਦੌਰਾਨ ਉਸ ਨੇ ‘ਮੁਸਾਫ਼ਿਰ ਹੂੰ ਯਾਰੋ, ਨਾ ਘਰ ਹੈ ਨਾ ਠਿਕਾਨਾ’ ਨਾਮਕ ਗੀਤ ਦੀ ਧੁਨ ਤਿਆਰ ਕੀਤੀ ਜੋ ਬਾਅਦ ਵਿਚ ਸੰਨ 1972 ’ਚ ਗੁਲਜ਼ਾਰ ਦੀ ਫ਼ਿਲਮ ‘ਪਰਿਚੈ’ ਲਈ ਵਰਤਿਆ ਗਿਆ ਸੀ। ਇਸ ਮਹਾਨ ਸੰਗੀਤਕਾਰ ਦੁਆਰਾ ਸੰਗੀਤਬੱਧ ਕੀਤੇ ਯਾਦਗਾਰੀ ਨਗ਼ਮਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਲਕੜੀ ਕੀ ਕਾਠੀ, ਇੱਕ ਚਤੁਰ ਨਾਰ, ਜਬ ਹਮ ਜਵਾਂ ਹੋਂਗੇ, ਚੁਰਾ ਲੀਆ ਹੈ ਤੁਮ ਨੇ ਜੋ ਦਿਲ ਕੋ, ਪਿਆਰ ਹਮੇਂ ਕਿਸ ਮੋੜ ਪੇ ਲੈ ਆਇਆ, ਪੀਆ ਤੂ ਅਬ ਤੋ ਆ ਜਾ, ਓ ਮੇਰੇ ਦਿਲ ਕੇ ਚੈਨ, ਇਕ ਲੜਕੀ ਕੋ ਦੇਖਾ ਤੋ ਐਸਾ ਲਗਾ, ਵਾਅਦਾ ਕਰੋ ਕਿ ਨਹੀਂ ਛੋੜੋਗੇ ਮੇਰਾ ਸਾਥ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈਂ ਜੋ ਮੁਕਾਮ, ਕਿਆ ਯਹੀ ਪਿਆਰ ਹੈ, ਐਸੇ ਨਾ ਮੁਝੇ ਤੁਮ ਦੇਖੋ, ਦਮ ਮਾਰੋ ਦਮ, ਰਾਤ ਕਲੀ ਇਕ ਖ਼ਾਬ ਮੇਂ ਆਈ, ਰੈਨਾ ਬੀਤੀ ਜਾਏ, ਯੇ ਦੋਸਤੀ ਹਮ ਨਹੀਂ ਤੋੜੇਂਗੇ ਅਤੇ ਯੇ ਸ਼ਾਮ ਮਸਤਾਨੀ ਮਦਹੋਸ਼ ਕੀਏ ਜਾਏ  ਆਦਿ ਸਮੇਤ ਸੈਂਕੜੇ ਗੀਤ ਸ਼ਾਮਲ ਕੀਤੇ ਜਾ ਸਕਦੇ ਹਨ।

R. D. Burman R. D. Burman

ਪੰਚਮ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਧੁਨਿਕ ਸੰਗੀਤ ਦਾ ਰਚੇਤਾ ਸੀ ਇਸੇ ਲਈ ਉਸ ਦੇ ਦੇਹਾਂਤ ਤੋਂ ਕਈ ਸਾਲ ਬਾਅਦ ਆਏ ਵਿਸ਼ਾਲ-ਸ਼ੇਖਰ, ਜਤਿਨ-ਲਲਿਤ ਅਤੇ ਹਿਮੇਸ਼ ਰੇਸ਼ਮੀਆ ਜਿਹੇ ਸੰਗੀਤਕਾਰਾਂ ਦਾ ਸੰਗੀਤ ਉਸੇ ਦੇ ਹੀ ਸੰਗੀਤ ਤੋਂ ਪ੍ਰੇਰਿਤ ਮੰਨਿਆ ਜਾਂਦਾ ਹੈ। ਪੰਚਮ ਨੂੰ ਇਹ ਵੀ ਸ਼ਰਫ਼ ਹਾਸਲ ਸੀ ਕਿ ਉਸ ਨੇ ਅਪਣੇ ਸੰਗੀਤ ਲਈ ਉੱਚਕੋਟੀ ਦੇ ਸਾਜ਼ਿੰਦਿਆਂ ਪÇੰਡਤ ਹਰੀ ਪ੍ਰਸਾਦ ਚੌਰਸੀਆ, ਪੰਡਿਤ ਸ਼ਿਵ ਕੁਮਾਰ ਸ਼ਰਮਾ, ਕੇਸਰੀ ਲਾਰਡ, ਭੁਪਿੰਦਰ ਸਿੰਘ ਅਤੇ ਲੁਈਸ ਬੈਂਕਸ ਆਦਿ ਦੀ ਕਲਾ ਦਾ ਇਸਤੇਮਾਲ ਕੀਤਾ ਸੀ। ਮਾਸੂਮ, ਸਨਮ ਤੇਰੀ ਕਸਮ ਅਤੇ 1942-ਏ ਲਵ ਸਟੋਰੀ ਲਈ ਫ਼ਿਲਮ ਫੇਅਰ ਪੁਰਸਕਾਰ ਹਾਸਲ ਕਰਨ ਵਾਲੇ ਇਸ ਗੁਣਵਾਨ ਸੰਗੀਤਕਾਰ ਦੀਆਂ ਇਕ ਦਰਜ਼ਨ ਹੋਰ ਫ਼ਿਲਮਾਂ ਵੱਖ-ਵੱਖ ਇਨਾਮਾਂ ਲਈ ਨਾਮਾਂਕਿਤ ਹੋਈਆਂ ਸਨ। 4 ਜਨਵਰੀ, ਸੰਨ 1994 ਨੂੰ ਉਸ ਦਾ ਦਿਹਾਂਤ ਹੋ ਗਿਆ।

ਬੜੀ ਦਿਲਚਸਪ ਗੱਲ ਹੈ ਕਿ ਜਦੋਂ ਐਸ.ਡੀ. ਬਰਮਨ ਕੋਮਾ ਵਿਚ ਚਲੇ ਗਏ ਸਨ ਤਾਂ ਪੰਚਮ ਨੇ ਹੀ ਉਨ੍ਹਾਂ ਦੀ ਫ਼ਿਲਮ ‘ਮਿਲੀ ’ ਨੂੰ ਪੂਰਾ ਕੀਤਾ ਸੀ। ਇਥੇ ਹੀ ਬਸ ਨਹੀਂ ਇਹ ਵੀ ਮੰਨਿਆ ਜਾਂਦਾ ਹੈ ਕਿ ਰਾਜੇਸ਼ ਖੰਨਾ ਦੀ ਫ਼ਿਲਮ ‘ਅਰਾਧਨਾ’ ਦਾ ਸੰਗੀਤ ਤਿਆਰ ਕਰਨ ਸਮੇਂ ਵੀ ਐਸ.ਡੀ. ਬਰਮਨ ਗੰਭੀਰ ਰੂਪ ਵਿਚ ਬਿਮਾਰ ਪੈ ਗਏ ਸਨ ਤੇ ਇਸ ਫ਼ਿਲਮ ਦੇ ਦੋ ਗੀਤਾਂ ‘ਮੇਰੇ ਸਪਨੋਂ ਕੀ ਰਾਨੀ’ ਅਤੇ ‘ਕੋਰਾ ਕਾਗ਼ਜ਼ ਥਾ ਯੇ ਮਨ ਮੇਰਾ’ ਨੂੰ ਆਰ.ਡੀ. ਬਰਮਨ ਨੇ ਹੀ ਸੰਗੀਤਬੱਧ ਕੀਤਾ ਸੀ। ਇਹ ਗੀਤ ਬਾਕਸ ਆਫ਼ਿਸ ਤੇ ਸੁਪਰਹਿੱਟ ਰਹੇ ਸਨ ਪਰ ਆਰ.ਡੀ. ਬਰਮਨ ਨੇ ਕਦੇ ਵੀ ਇਨ੍ਹਾਂ ਗੀਤਾਂ ਦੀ ਕਾਮਯਾਬੀ ਲਈ ਅਪਣਾ ਨਾਂ ਪੇਸ਼ ਨਹੀਂ ਕੀਤਾ ਸੀ ਤੇ ਇਨ੍ਹਾਂ ਨੂੰ ਅਪਣੇ ਪਿਤਾ ਦੀਆਂ ਮਹਾਨ ਸੰਗੀਤਕ ਰਚਨਾਵਾਂ ਹੀ ਦਸਿਆ ਸੀ। ਉਹ ਵਾਕਿਆ ਹੀ ਇਕ ਸਿਆਣਾ, ਸੁਰੀਲਾ ਅਤੇ ਮਹਾਨ ਸੰਗੀਤ ਨਿਰਦੇਸ਼ਕ ਸੀ।  

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ 410, ਚੰਦਰ ਨਗਰ, ਬਟਾਲਾ। 
ਮੋਬਾਇਲ: 97816-46008

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement