
ਜਾਂਦੇ 2022 'ਚ ਉਨ੍ਹਾਂ ਨੂੰ ਇੱਕ ਆਖਰੀ ਅਲਵਿਦਾ
ਮੁਹਾਲੀ: ਸਾਲ 2022 ਕੁਝ ਹੀ ਦਿਨਾਂ 'ਚ ਖ਼ਤਮ ਹੋਣ ਜਾ ਰਿਹਾ ਹੈ। ਇਹ ਸਾਲ ਕਈ ਅਜਿਹੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ ਜਿਨ੍ਹਾਂ ਨੂੰ ਪੰਜਾਬ, ਪੰਜਾਬੀ ਸੰਗੀਤ ਜਗਤ ਅਤੇ ਬਾਲੀਵੁੱਡ ਕਦੇ ਭੁਲਾ ਨਹੀਂ ਸਕੇਗਾ। ਆਓ ਜਾਣਦੇ ਹਾਂ ਅਜਿਹੇ ਵੱਡੇ ਕਲਾਕਾਰਾਂ ਬਾਰੇ ਜਿਹੜੇ ਸੰਗੀਤ ਜਗਤ ਅਤੇ ਪ੍ਰਸ਼ੰਸਕਾਂ ਨੂੰ ਸਾਲ 2022 'ਚ ਸਦੀਵੀ ਵਿਛੋੜਾ ਦੇ ਗਏ।
ਸਿੱਧੂ ਮੂਸੇ ਵਾਲਾ
ਨੌਜਵਾਨਾਂ ਦੇ ਚਹੇਤੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਦਾ 29 ਮਈ 2022 ਨੂੰ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੀ ਜਾਨਲੇਵਾ ਗੋਲੀਬਾਰੀ 'ਚ ਦਿਹਾਂਤ ਹੋ ਗਿਆ। ਸੋ ਹਾਈ, ਡੈਵਿਲ, 295, ਲੈਜੈਂਡ, ਬੰਬੀਹਾ ਬੋਲੇ ਵਰਗੇ ਸਿੱਧੂ ਦੇ ਲਿਖੇ ਤੇ ਗਏ ਸੁਪਰਹਿੱਟ ਗੀਤਾਂ ਦੀ ਸੂਚੀ ਬੜੀ ਲੰਬੀ ਹੈ। ਥੋੜ੍ਹੇ ਹੀ ਸਮੇਂ 'ਚ ਸਿੱਧੂ ਨੇ ਅਥਾਹ ਕਾਮਯਾਬੀ ਅਤੇ ਨਾਂਅ ਕਮਾਇਆ।
ਲਤਾ ਮੰਗੇਸ਼ਕਰ
ਭਾਰਤ ਦੀ ਬੇਹੱਦ ਸਤਿਕਾਰਯੋਗ ਗਾਇਕਾ ਲਤਾ ਮੰਗੇਸ਼ਕਰ ਦਾ ਦਿਹਾਂਤ ਸਾਲ 2022 'ਚ 6 ਫਰਵਰੀ ਨੂੰ ਹੋਇਆ। 1940 ਦੇ ਦਹਾਕਿਆਂ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਗਾਇਕੀ ਦਾ ਸਫ਼ਰ 2000 ਦੇ ਦਹਾਕਿਆਂ ਤੱਕ ਜਾਰੀ ਰਿਹਾ। ਉਨ੍ਹਾਂ ਨੂੰ ਭਾਰਤੀ ਸੰਗੀਤ ਦੀ ਸਭ ਤੋਂ ਵੱਡੀ ਅਵਾਜ਼ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ। ਸਾਲ 2001 'ਚ ਲਤਾ ਜੀ ਨੂੰ ਭਾਰਤ ਰਤਨ ਦੇ ਕੇ ਸਨਮਾਨਿਆ ਗਿਆ।
ਸਟੀਰੀਓ ਨੇਸ਼ਨ ਟੈਜ਼ ਉਰਫ਼ ਤਰਸੇਮ ਸਿੰਘ ਸੈਣੀ
ਪੌਪ ਸੰਗੀਤ ਦੇ ਦੌਰ 'ਚ ਸਟੀਰੀਓ ਨੇਸ਼ਨ ਨੇ ਬੜਾ ਨਾਂਅ ਕਮਾਇਆ। ਓ ਕੈਰੋਲ, ਨੱਚਾਂਗੇ ਸਾਰੀ ਰਾਤ, ਗੱਲਾਂ ਗੂੜ੍ਹੀਆਂ ਵਰਗੇ ਅਨੇਕਾਂ ਗੀਤ ਅੱਜ ਵੀ ਸਟੀਰੀਓ ਨੇਸ਼ਨ ਦੀ ਪਛਾਣ ਹਨ। ਕੁਝ ਸਮਾਂ ਬਿਮਾਰ ਰਹਿਣ ਮਗਰੋਂ 29 ਅਪ੍ਰੈਲ 2022 ਨੂੰ ਟੈਜ਼ ਇਸ ਸੰਸਾਰ ਨੂੰ ਅਲਵਿਦਾ ਆਖ ਗਏ।
ਬਲਵਿੰਦਰ ਸਫ਼ਰੀ
ਯੂ.ਕੇ. ਦੇ ਮਸ਼ਹੂਰ ਪੰਜਾਬੀ ਬੈਂਡ ਸਫ਼ਰੀ ਬੁਆਏਜ਼ ਤੋਂ ਮਸ਼ਹੂਰ ਹੋਏ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦਿਹਾਂਤ 26 ਜੁਲਾਈ 2022 ਨੂੰ ਹੋਇਆ। ਦਿਹਾਂਤ ਤੋਂ ਪਹਿਲਾਂ ਉਹ ਕੌਮ ਦੇ ਸ਼ਿਕਾਰ ਵੀ ਹੋਏ ਸੀ। ਪਿਛੋਕੜ ਤੋਂ ਪੰਜਾਬ ਦੇ ਜਲੰਧਰ ਇਲਾਕੇ ਨਾਲ ਸੰਬੰਧਿਤ ਬਲਵਿੰਦਰ ਸਫ਼ਰੀ ਯੂ.ਕੇ. ਦੇ ਪੰਜਾਬੀ ਸੰਗੀਤ ਦਾ ਵੱਡਾ ਨਾਂਅ ਸੀ। ਸਫ਼ਰੀ ਗਰੁੱਪ ਨੇ ਰਾਹੇ ਰਾਹੇ, ਚੰਨ ਮੇਰੇ ਮੱਖਣਾ, ਪਾਓ ਭੰਗੜੇ ਵਰਗੇ ਯਾਦਗਾਰ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਏ।
ਬੱਪੀ ਲਹਿਰੀ
ਬੱਪੀ ਲਹਿਰੀ ਬਾਲੀਵੁੱਡ ਸੰਗੀਤ ਦਾ ਵੱਡਾ ਨਾਂਅ ਸੀ, ਜਿਸ ਨੂੰ ਭਾਰਤ 'ਚ ਡਿਸਕੋ ਸੰਗੀਤ ਦੀ ਸ਼ੁਰੂਆਤ ਲਈ ਜਾਣਿਆ ਜਾਂਦਾ ਹੈ। 15 ਫਰਵਰੀ 2022 ਨੂੰ ਕੁਝ ਸਰੀਰਕ ਰੋਗਾਂ ਕਰਕੇ ਉਨ੍ਹਾਂ ਦਾ ਦਿਹਾਂਤ ਹੋਇਆ। ਫ਼ਿਲਮਾਂ ਦਾ ਸੰਗੀਤ ਦੇਣ ਦੇ ਨਾਲ-ਨਾਲ ਉਹ ਆਪਣੇ ਗਾਏ ਗੀਤਾਂ ਲਈ ਵੀ ਬੜੇ ਮਸ਼ਹੂਰ ਸਨ, ਜਿਨ੍ਹਾਂ 'ਚ ਆਈ ਐਮ ਆ ਡਿਸਕੋ ਡਾਂਸਰ, ਯਾਦ ਆ ਰਹਾ ਹੈ ਤੇਰਾ ਪਿਆਰ, ਰਾਤ ਬਾਕੀ ਬਾਤ ਬਾਕੀ ਵਰਗੇ ਅਨੇਕਾਂ ਗੀਤ ਸ਼ਾਮਲ ਹਨ