
ਤਰਨਤਾਰਨ, 17 ਨਵੰਬਰ (ਬਲਦੇਵ ਸਿੰਘ ਪੰਨੂ, ਚਰਨਜੀਤ ਸਿੰਘ, ਪਵਨ ਬੁੱਗੀ) : ਅਜੋਕੇ ਪੰਜਾਬ ਵਿਚ ਫ਼ਸਲਾਂ ਦੀ ਰਹਿੰਦ-ਖੂਹੰਦ ਜਿਵੇਂ ਕਣਕ ਦੀ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਨੈਸ਼ਨਲ ਗ਼ਰੀਨ ਟ੍ਰਿਬਿਊਨਲ ਵਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਰੁਝਾਨ ਦੌਰਾਨ ਕੁੱਝ ਅਜਿਹੇ ਕਿਸਾਨ ਵੀ ਹਨ ਜੋ ਕਿ ਕਾਫ਼ੀ ਲੰਬੇ ਸਮੇਂ ਤੋ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਚੰਗਾ ਝਾੜ ਪ੍ਰਾਪਤ ਕਰ ਕੇ ਚੰਗੀ ਕਮਾਈ ਕਰ ਰਹੇ ਹਨ। ਬਿਕਰਮ ਸਿੰਘ ਪੁੱਤਰ ਟੇਕ ਸਿੰਘ ਭੁੱਲਰ ਪਿੰਡ ਮਹਿਮੂਦਪੁਰਾ ਬਲਾਕ ਵਲਟੋਹਾ ਜ਼ਿਲ੍ਹਾ ਤਰਨਤਾਰਨ ਇਕ ਅਜਿਹਾ ਸਫਲ ਕਿਸਾਨ ਹੈ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਕਣਕ, ਝੋਨੇ ਅਤੇ ਬਾਗ ਦੀ ਸਫਲ ਖੇਤੀ ਕਰ ਰਿਹਾ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਪ੍ਰਤਾਪ ਸਿੰਘ ਸੰਧੂ ਨੇ ਦਿਤੀ। ਉਨ੍ਹਾਂ ਦਸਿਆ ਕਿ ਕਿਸਾਨ ਬਿਕਰਮ ਸਿੰਘ ਪਿਛਲੇ ਸਮੇਂ ਤੋ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਬਿਨਾਂ ਜ਼ਮੀਨ ਵਿਚ ਰਲਾ ਅਤੇ ਦਬਾ ਕੇ ਅਗਲੀ ਫ਼ਸਲ ਬੀਜਦਾ ਹੈ। ਇਸ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਨਾਲ ਨਦੀਨਨਾਸ਼ਕ, ਕੀਟਨਾਸ਼ਕ ਅਤੇ ਖਾਦਾਂ ਦਾ ਖ਼ਰਚਾ ਘੱਟਣ ਨਾਲ ਲਗਭਗ ਦੋ ਕੁਇੰਟਲ ਆਮ ਖੇਤਾਂ ਤੋ ਵੱਧ ਝਾੜ ਆਉਂਦਾ ਹੈ। ਉਨ੍ਹਾਂ ਦਸਿਆ ਕਿ ਇਸ ਵਾਰ ਵੀ ਕਿਸਾਨ ਵਲੋਂ ਕੁੱਝ ਜ਼ਮੀਨ ਵਿਚ ਸਰੈਂਡਰ/ਮਲਚਰ ਅਤੇ ਰੋਟਾਵੇਟਰ ਚਲਾਕੇ ਖੇਤਾਂ ਵਿਚ ਪਰਾਲੀ ਰਲਾ ਦਿਤੀ ਗਈ ਅਤੇ ਕੁੱਝ ਰਕਬੇ ਵਿਚ ਹੈਪੀਸੀਡਰ ਨਾਲ ਹੀ ਕਣਕ ਦੀ ਬਿਜਾਈ ਕੀਤੀ ਹੈਬਾਸਮਤੀ ਵਾਲੇ ਖੇਤਾਂ ਵਿਚ ਜੀਰੋ ਟਿੱਲ ਡਰਿੱਲ ਨਾਲ ਬਿਜਾਈ ਕੀਤੀ ਹੈ। ਉਨ੍ਹਾਂ ਦਸਿਆ ਕਿ ਹੈਪੀ ਸੀਡਰ ਅਤੇ ਜ਼ੀਰੋ ਟਿੱਲ ਡਰਿੱਲ ਅਤੇ ਲਗਭਗ 3500 ਰੁਪਏ ਪ੍ਰਤੀ ਏਕੜ ਖ਼ਰਚਾ ਘੱਟ ਆਉਂਦਾ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਵਾਹੁਣ ਕਰ ਕੇ ਉਸ ਦੇ ਖੇਤਾਂ ਦਾ ਆਰਗੈਨਿਕ ਮਾਦਾ ਕਾਫੀ ਵੱਧ ਗਿਆ ਹੈ। ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰ ਕੇ ਖੇਤਾਂ ਵਿਚ ਮਿੱਤਰ ਕੀੜੇ ਜਿਉਂਦੇ ਰਹਿੰਦੇ ਹਨ ਜੋ ਕਿ ਹਾਨੀਕਾਰਕ ਕੀੜਿਆਂ ਨੂੰ ਕੰਟਰੋਲ ਕਰਨ ਵਿਚ ਸਹਾਈ ਹੁੰਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਇਸ ਲਈ ਇਹ ਕਿਸਾਨ ਬਹਤ ਹੀ ਥੋੜੀ ਮਾਤਰਾ ਵਿਚ ਕੀਟਨਾਸ਼ਕ ਦਵਾਈਆਂ ਸਲਫ਼ਰ, ਜਿੰਕ ਅਤੇ ਹੋਰ ਇੰਨਆਰਗੈਨਿਕ ਖਾਦਾਂ ਦੀ ਵਰਤੋ ਕਰਦਾ ਹੈ, ਜਿਸ ਨਾਲ ਖੇਤੀ ਦੀ ਲਾਗਤ ਵਿਚ ਕਾਫੀ ਘੱਟ ਖ਼ਰਚਾ ਆਉਦਾ ਹੈ। ਇਹ ਕਿਸਾਨ ਅਪਣੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਲਈ ਪ੍ਰੇਰਤ ਕਰਦਾ ਰਹਿੰਦਾ ਹੈ।