
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਦਿੱਲੀ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਬਿਜਲੀ ਦੇ ਕੱਟਾਂ ਨੂੰ ਲੈ ਕੇ ਇੱਕ ਬਜ਼ੁਰਗ ਬੀਬੀ ਸਰਕਾਰ ਨੂੰ ਲਾਹਣਤਾਂ ਪਾਉਂਦੀ ਸੁਣੀ ਜਾ ਸਕਦੀ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੀਬੀ ਦਿੱਲੀ ਦੀ ਹੈ ਅਤੇ ਦਿੱਲੀ ਸਰਕਾਰ ਨੂੰ ਲਾਹਨਤਾਂ ਪਾ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਦਿੱਲੀ ਦਾ ਨਹੀਂ ਸਗੋਂ ਪਾਕਿਸਤਾਨ ਦਾ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਕੇਜਰੀਵਾਲ ਸਰਕਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ ਅੱਗ ਬਾਣੀ ਨੇ 29 ਜੂਨ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਭਗਤ ਕਹਿੰਦੇ ਕੇਜਰੀਵਾਲ ਦਿੱਲੀ ਨੂੰ ਮੁਫ਼ਤ ਬਿਜਲੀ ਦਿੰਦਾ ਤੇ ਦਿੱਲੀ ਦੇ ਲੋਕਾਂ ਦੀ ਵੀ ਸੁਣ ਲਓ???????????????????????? #केजरीवालठगीमार#ਕੇਜਰੀਵਾਲਠੱਗੀਮਾਰ#KejriwalThugimar"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਕਈ ਯੂਜ਼ਰਸ ਨੇ ਕਮੈਂਟ ਕਰਕੇ ਦੱਸਿਆ ਸੀ ਕਿ ਇਹ ਵੀਡੀਓ ਦਿੱਲੀ ਦਾ ਨਹੀਂ ਸਗੋਂ ਪਾਕਿਸਤਾਨ ਦਾ ਹੈ।
ਕੀਵਰਡ ਸਰਚ ਕਰਨ ਨਾਲ ਸਾਨੂੰ ਕਈ ਅਜਿਹੇ ਪੁਰਾਣੇ ਪੋਸਟ ਮਿਲੇ ਜਿਨ੍ਹਾਂ ਨੇ ਇਹ ਵੀਡੀਓ ਅਪਲੋਡ ਕਰਦੇ ਹੋਏ ਇਸ ਨੂੰ ਪਾਕਿਸਤਾਨ ਦਾ ਦੱਸਿਆ ਸੀ। 16 ਮਈ 2018 ਨੂੰ PakiXah ਨਾਂਅ ਦੇ ਅਧਿਕਾਰਿਕ Youtube ਅਕਾਊਂਟ ਨੇ ਆਪਣੇ ਇੱਕ ਵੀਡੀਓ ਵਿਚ ਇਸ ਵਾਇਰਲ ਵੀਡੀਓ ਦਾ ਕਲਿਪ ਸ਼ੇਅਰ ਕੀਤਾ ਸੀ। ਵੀਡੀਓ ਸ਼ੇਅਰ ਕਰਦਿਆਂ ਲਿਖਿਆ ਗਿਆ ਸੀ, "Choose your favorite Aunty | PakiXah"
ਇਸੇ ਤਰ੍ਹਾਂ 15 ਮਈ 2018 ਨੂੰ ਨਾਂਅ ਦੇ ਅਧਿਕਾਰਿਕ Youtube ਅਕਾਊਂਟ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਸੀ, "GORMINT aunty back at it again - New Video 2018"
ਅੱਗੇ ਵਧਦੇ ਹੋਏ ਅਸੀਂ ਇਸ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ। 43 ਸੈਕਿੰਡ 'ਤੇ ਰਿਪੋਰਟਰ ਬੀਬੀ ਤੋਂ ਸਵਾਲ ਪੁੱਛਦਾ ਹੈ "ਤੁਸੀਂ K Electics ਬਾਰੇ ਕੀ ਕਹਿਣਾ ਚਾਹੋਂਗੇ?"
ਸਰਚ ਕਰਨ 'ਤੇ ਪਤਾ ਲੱਗਿਆ ਕਿ K Electrics ਪਾਕਿਸਤਾਨ ਦੀ ਇੱਕ ਬਿਜਲੀ ਸਪਲਾਈ ਕੰਪਨੀ ਹੈ। ਇਨ੍ਹਾਂ ਦੀ ਅਧਿਕਾਰਿਕ ਸਾਈਟ 'ਤੇ ਇਥੇ ਕਲਿੱਕ ਕਰਕੇ ਵਿਜ਼ਿਟ ਕੀਤਾ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਪੁਸ਼ਟੀ ਲਈ ਅਸੀਂ ਆਪਣੇ ਪਾਕਿਸਤਾਨ ਇੰਚਾਰਜ ਰਿਪੋਰਟਰ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਬਾਬਰ ਜਲੰਧਰੀ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕੀਤਾ ਕਿ ਇਹ ਵੀਡੀਓ ਦਿੱਲੀ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਇਰਲ ਪੋਸਟ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਦਿੱਲੀ ਦਾ ਨਹੀਂ ਸਗੋਂ ਪਾਕਿਸਤਾਨ ਦਾ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਕੇਜਰੀਵਾਲ ਸਰਕਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Claim- Video of Delhi lady abusing Delhi Government
Claimed By- FB Page Agg Bani
Fact Check- Fake