
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ।
RSFC (Team Mohali)- 4 ਨਵੰਬਰ 2023 ਨੂੰ ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ 'ਤੇ ਅੱਤਵਾਦੀ ਹਮਲੇ ਦੀ ਖਬਰ ਆਈ। ਇਸ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸੈਨਾ ਵੱਲੋਂ 9 ਅੱਤਵਾਦੀਆਂ ਨੂੰ ਮਾਰ ਗਿਰਾਇਆ ਗਿਆ। ਇਸੇ ਹਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਹਵਾਈ ਜਹਾਜ ਨੂੰ ਸੜਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਵਾਈ ਜਹਾਜ ਸੇ ਸੜਨ ਦਾ ਇਹ ਵੀਡੀਓ ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ 'ਤੇ ਕੀਤੇ ਗਏ ਹਮਲੇ ਦਾ ਹੈ।
ਇੱਕ ਪੰਜਾਬੀ ਮੀਡੀਆ ਅਦਾਰੇ ਨੇ ਇਸ ਘਟਨਾ ਨੂੰ ਲੈ ਕੇ Live ਕਰਦਿਆਂ ਵਾਇਰਲ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, "ਪਾਕਿਸਤਾਨ 'ਚ ਅੱਤਵਾਦੀ ਹਮਲਾ, ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ 'ਤੇ ਕੀਤਾ ਹਮਲਾ"
ਦੱਸ ਦਈਏ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਕਈ ਨਾਮਵਰ ਮੀਡੀਆ ਅਦਾਰਿਆਂ ਨੇ ਸਾਂਝਾ ਕੀਤਾ ਹੈ ਜਿਨ੍ਹਾਂ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
Viral
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਵੱਲੋਂ ਚੀਨ ਵੱਲੋਂ ਪਾਕਿਸਤਾਨ ਨੂੰ ਦਿੱਤੇ ਡਮੀ ਏਅਰਕ੍ਰਾਫਟ ਨੂੰ ਸਾੜਿਆ ਗਿਆ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਸ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ PakChronicle ਦੀ 11 ਮਈ 2023 ਦੀ ਖਬਰ ਵਿਚ ਸਾਂਝਾ ਮਿਲਿਆ। ਖਬਰ ਸਾਂਝੀ ਕਰਦਿਆਂ ਸਿਰਲੇਖ ਦਿੱਤਾ ਗਿਆ, "PTI’s protestors target national symbols"
PC
ਮੌਜੂਦ ਜਾਣਕਾਰੀ ਅਨੁਸਾਰ, "ਇਹ ਤਸਵੀਰ ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ ਦੀ ਹੈ ਜਦੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗ੍ਰਿਫਤਾਰ ਹੋਣ ਮਗਰੋਂ ਆਕ੍ਰੋਸ਼ ਸਮਰਥਕਾਂ ਵੱਲੋਂ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।"
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ।
"ਕੀ ਸੀ ਅਸਲ ਮਾਮਲਾ"
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 9 ਮਈ 2023 ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨਾਟਕੀ ਢੰਗ ਨਾਲ ਗ੍ਰਿਫਤਾਰ ਕਰ ਲਿਆ ਗਿਆ, ਜਿਸਦੇ ਬਾਅਦ ਇਮਰਾਨ ਦੇ ਸਮਰਥਕਾਂ ਵੱਲੋਂ ਹਿੰਸਕ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ। ਹਿੰਦੁਸਤਾਨ ਟਾਇਮਸ ਤੇ ਬਿਜ਼ਨਸ ਸਟੈਂਡਰਡ ਦੀ ਖਬਰ ਅਨੁਸਾਰ ਮੀਆਂਵਾਲੀ ਏਅਰਬੇਸ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਚੀਨ ਵੱਲੋਂ ਪਾਕਿਸਤਾਨ ਨੂੰ ਦਿੱਤੇ F-6 ਡਮੀ ਏਅਰਕ੍ਰਾਫਟ ਨੂੰ ਅੱਗ ਲਾ ਦਿੱਤਾ ਗਿਆ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਵੱਲੋਂ ਚੀਨ ਵੱਲੋਂ ਪਾਕਿਸਤਾਨ ਨੂੰ ਦਿੱਤੇ ਡਮੀ ਏਅਰਕ੍ਰਾਫਟ ਨੂੰ ਸਾੜਿਆ ਗਿਆ ਸੀ।