
ਇਹ ਕਲਿਪ ਪਹਿਲੀ ਵਾਰ ਨਹੀਂ ਬਲਕਿ 2019 ਵਿਚ ਵੀ ਵਾਇਰਲ ਹੋਇਆ ਸੀ। ਹੁਣ ਪੁਰਾਣੇ ਆਡੀਓ ਕਲਿਪ ਨੂੰ ਹਾਲੀਆ ਪੰਜਾਬ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੂੰ ਲੈ ਕੇ ਇੱਕ ਆਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਕਲਿਪ ਵਿਚ ਇੱਕ ਵਿਅਕਤੀ ਨੂੰ ਪੈਸੇ ਦੇ ਕੇ ਵੋਟਾਂ ਖਰੀਦਦਿਆਂ ਸੁਣਿਆ ਜਾ ਸਕਦਾ ਹੈ। ਹੁਣ ਇਸ ਆਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਲਿਪ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਹੈ ਜੋ ਪੈਸੇ ਦੇ ਕੇ ਵੋਟ ਖਰੀਦ ਰਹੇ ਹਨ ਅਤੇ ਉਨ੍ਹਾਂ ਨੇ ਸਮਾਜ ਦੇ ਇੱਕ ਵਰਗ ਬਾਰੇ ਗਲਤ ਟਿੱਪਣੀ ਵੀ ਕੀਤੀ।
ਰੋਜ਼ਾਨਾ ਸਪੋਕਸਮੈਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ। ਇਹ ਕਲਿਪ ਪਹਿਲੀ ਵਾਰ ਨਹੀਂ ਬਲਕਿ 2019 ਵਿਚ ਵੀ ਵਾਇਰਲ ਹੋਇਆ ਸੀ। ਹੁਣ ਇਸ ਪੁਰਾਣੇ ਫਰਜ਼ੀ ਆਡੀਓ ਕਲਿਪ ਨੂੰ ਹਾਲੀਆ ਪੰਜਾਬ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "ਰੰਘਰੇਟਾ ਟਾਈਗਰ ਫੋਰਸ ਰਜਿ: Kuwait" ਨੇ ਇਸ ਆਡੀਓ ਨੂੰ 25 ਜਨਵਰੀ 2022 ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਹਜ਼ਾਰ-ਹਜ਼ਾਰ ਰੁਪਏ ਵਿੱਚ ਗਰੀਬ ਲੋਕਾਂ ਨੂੰ ਭੇਡ ਦੱਸ ਕੇ ਖਰੀਦਣ ਦੀਆਂ ਗੱਲਾਂ ਕਰ ਰਿਹਾ "ਰਾਜਾ ਵੜਿੰਗ" ਆਡੀਓ ਹੋਈ ਵਾਇਰਲ ਕਰੋ ਸ਼ੇਅਰ।"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਫਰਜ਼ੀ ਆਡੀਓ ਕਲਿਪ ਨੂੰ ਕਈ ਵਿਰੋਧੀ ਧਿਰਾਂ ਦੇ ਸਮਰਥਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਹੇਠਾਂ ਇਨ੍ਹਾਂ ਪੋਸਟਾਂ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ:
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਕਲਿਪ ਨੂੰ ਧਿਆਨ ਨਾਲ ਸੁਣਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਇਹ ਕਲਿਪ 2019 ਵਿਚ ਵੀ ਵਾਇਰਲ ਹੋਇਆ ਸੀ
ਸਾਨੂੰ ਇਸ ਕਲਿਪ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਮਈ 2019 ਦੇ ਮਿਲੇ। ਫੇਸਬੁੱਕ ਯੂਜ਼ਰ "Satinderpal Singh Kapur" ਨੇ ਇਸ ਆਡੀਓ ਕਲਿਪ ਨੂੰ 19 ਮਈ 2019 ਨੂੰ ਸ਼ੇਅਰ ਕੀਤਾ ਸੀ। ਇਸ ਕਲਿਪ ਨੂੰ ਉਸ ਸਮੇਂ ਸ਼ੇਅਰ ਕਰਦਿਆਂ ਯੂਜ਼ਰ ਨੇ ਕੈਪਸ਼ਨ ਲਿਖਿਆ ਸੀ, "ਹਜ਼ਾਰ-ਹਜ਼ਾਰ ਰੁਪਏ ਵਿੱਚ ਗਰੀਬ ਲੋਕਾਂ ਨੂੰ ਭੇਡ ਦੱਸ ਕੇ ਖਰੀਦਣ ਦੀਆਂ ਗੱਲਾਂ ਕਰ ਰਿਹਾ "ਰਾਜਾ ਵੜਿੰਗ" ਅਓਡੀਓ ਵਾਇਰਲ ਕਰੋ ਸ਼ੇਅਰ।"
May 19
ਇਸੇ ਤਰ੍ਹਾਂ ਸਮਾਨ ਦਾਅਵੇ ਨਾਲ ਇਸ ਕਲਿਪ ਨੂੰ ਇੱਕ ਹੋਰ ਯੂਜ਼ਰ ਨੇ 18 ਮਈ 2019 ਨੂੰ ਵੀ ਸ਼ੇਅਰ ਕੀਤਾ ਸੀ।
ਮਾਮਲੇ ਨੂੰ ਲੈ ਕੇ ਹੋਰ ਸਰਚ ਕਰਨ 'ਤੇ ਸਾਨੂੰ Youtube 'ਤੇ ਇਸ ਕਲਿਪ ਨੂੰ ਲੈ ਕੇ 29 ਜਨਵਰੀ 2022 ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਰਾਜਾ ਵੜਿੰਗ ਦਾ ਇਸ ਕਲਿਪ ਨੂੰ ਲੈ ਕੇ ਬਿਆਨ ਸੀ ਜਿਸਦੇ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ ਕਿ "ਇਹ ਆਡੀਓ ਕਲਿਪ ਫਰਜ਼ੀ ਅਤੇ ਪੁਰਾਣਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।"
ਸਾਡੀ ਹੁਣ ਤਕ ਦੀ ਪੜਤਾਲ ਤੋਂ ਸਾਫ ਹੋ ਗਿਆ ਸੀ ਕਿ ਇਹ ਆਡੀਓ ਕਲਿਪ 2019 ਦੀ ਹੈ।
ਹੁਣ ਅੱਗੇ ਵਧਦੇ ਹੋਏ ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਰਾਜਾ ਵੜਿੰਗ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ, "ਇਹ ਆਡੀਓ ਕਲਿਪ ਫਰਜ਼ੀ ਅਤੇ ਪੁਰਾਣਾ ਹੈ। ਇਹ ਸਿਰਫ ਵਿਰੋਧੀ ਧਿਰਾਂ ਦੀ ਗਲਤ ਰਾਜਨੀਤੀ ਹੈ ਅਤੇ ਅਸੀਂ ਇਸ ਮਾਮਲੇ ਨੂੰ ਲੈ ਕੇ ਪਰਚਾ ਦਰਜ ਕਰਵਾ ਦਿੱਤਾ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ। ਇਹ ਕਲਿਪ ਪਹਿਲੀ ਵਾਰ ਨਹੀਂ ਬਲਕਿ 2019 ਵਿਚ ਵੀ ਵਾਇਰਲ ਹੋਇਆ ਸੀ। ਹੁਣ ਇਸ ਪੁਰਾਣੇ ਫਰਜ਼ੀ ਆਡੀਓ ਕਲਿਪ ਨੂੰ ਹਾਲੀਆ ਪੰਜਾਬ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
Claim- Raja Warring buying votes for 1000 rupees
Claimed By- FB Page ਰੰਘਰੇਟਾ ਟਾਈਗਰ ਫੋਰਸ ਰਜਿ: Kuwait
Fact Check- Misleading