
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਧਮਕੀ ਦੇ ਰਿਹਾ ਵਿਅਕਤੀ ਸੁਧੀਰ ਸੂਰੀ ਦਾ ਬੇਟਾ ਨਹੀਂ ਬਲਕਿ ਸ਼ਿਵ ਸੈਨਾ ਟਕਸਾਲੀ ਦਾ ਆਗੂ ਹੈ।
Mohali, 7 November (Team RSFC)- ਪਿਛਲੇ ਦਿਨਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿਖੇ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਿੱਖ ਕੌਮ ਖਿਲਾਫ ਕੜੇ ਬੋਲ ਬੋਲੇ ਗਏ। ਹੁਣ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਵਿਅਕਤੀ ਸ਼ਰੇਆਮ ਸਿੱਖਾਂ ਨੂੰ ਘਰੋਂ ਬਾਹਰ ਕੱਢਕੇ ਮਾਰਨ ਦੀਆਂ ਗੱਲਾਂ ਕਰ ਰਿਹਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਹੋਰ ਕੋਈ ਨਹੀਂ ਬਲਕਿ ਸੁਧੀਰ ਸੂਰੀ ਦਾ ਬੇਟਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਧਮਕੀ ਦੇ ਰਿਹਾ ਵਿਅਕਤੀ ਸੁਧੀਰ ਸੂਰੀ ਦਾ ਬੇਟਾ ਨਹੀਂ ਬਲਕਿ ਸ਼ਿਵ ਸੈਨਾ ਟਕਸਾਲੀ ਦਾ ਆਗੂ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "ਰਣਜੀਤ ਸਿੰਘ ਸਲਾਹਪੁਰ" ਨੇ 4 ਨਵੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸੂਰੀ ਦਾ ਕਤਲ ਹਿੰਦੂਆਂ ਸੀ ਆਪਸੀ ਲੜਾਈ ਚ ਹੋਇਆ ਤੇ ਸੂਰੀ ਦਾ ਮੁੰਡਾ ਸਰਦਾਰਾਂ ਨੂੰ ਖਤਮ ਕਰਨ ਦੀਆਂ ਸੌਹਾਂ ਖਾਈ ਜਾਂਦਾ... ਸਿੱਖਾਂ ਨੂੰ ਚੁਕੰਨੇ ਰਹਿਣਾ ਚਾਹੀਦਾ... ਖਾਸਕਰ ਅਮ੍ਰਿਤਸਰ ਚ। ਸਰਕਾਰ ਨੇ ਵੀ ਕੋਈ ਕਸਰ ਨਹੀਂ ਛੱਡਣੀ ਸਿੱਖਾਂ ਨੂੰ ਦਾਗੀ ਕਰਨ ਚ ..."
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਵੀਡੀਓ ਪੰਜਾਬੀ ਮੀਡੀਆ ਅਦਾਰੇ Daily Post Punjabi ਦੀ ਕਿਸੇ ਖਬਰ ਦਾ ਹੈ।
ਅੱਗੇ ਵੱਧਦਿਆਂ ਅਸੀਂ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Daily Post Punjabi 'ਤੇ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਇਹ ਵਿਅਕਤੀ ਆਪਣੇ ਬਿਆਨ ਲਈ ਸਿੱਖ ਕੌਮ ਤੋਂ ਮੁਆਫੀ ਮੰਗ ਰਿਹਾ ਹੈ। ਵੀਡੀਓ ਸ਼ੇਅਰ ਕਰਦਿਆਂ ਅਦਾਰੇ ਨੇ ਲਿਖਿਆ, "ਸੂਰੀ ਦੀ ਮੌਤ 'ਤੇ ਸਿੱਖਾਂ ਖ਼ਿਲਾਫ ਬੋਲਣ ਵਾਲੇ ਮੁੰਡੇ ਨੇ ਹੱਥ ਜੋੜਕੇ ਵਾਰ-ਵਾਰ ਮੰਗੀ ਮੁਆਫ਼ੀ, ਕਹਿੰਦਾ 'ਓਹ ਮੇਰੇ ਭਰਾ ਨੇ'"
ਦੱਸ ਦਈਏ ਵੀਡੀਓ ਵਿਚ ਕੀਤੇ ਵੀ ਇਹ ਗੱਲ ਨਹੀਂ ਸੀ ਜਿਸਨੇ ਦਾਅਵਾ ਕੀਤਾ ਕਿ ਇਹ ਵਿਅਕਤੀ ਸੁਧੀਰ ਸੂਰੀ ਦਾ ਬੇਟਾ ਹੈ।
ਅੱਗੇ ਵੱਧਦਿਆਂ ਅਸੀਂ ਸੁਧੀਰ ਸੂਰੀ ਦੇ ਬੇਟੇ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਪੰਜਾਬੀ ਜਾਗਰਣ ਦੀ ਇੱਕ ਖਬਰ ਮਿਲੀ। ਇਸ ਖਬਰ ਦਾ ਸਿਰਲੇਖ ਸੀ, "Sudhir Suri Murder : ਸੁਧੀਰ ਸੂਰੀ ਦੇ ਪੁੱਤਰ ਨੇ ਕਿਹਾ- ਪਿਤਾ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ, ਤਾਂ ਹੋਵੇਗਾ ਸਸਕਾਰ"
ਖਬਰ ਅਨੁਸਾਰ, "ਹਸਪਤਾਲ ਦੇ ਬਾਹਰ ਸੁਧੀਰ ਸੂਰੀ ਦੇ ਲੜਕੇ ਪਾਰਸ ਸੂਰੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ, ਤਾਂ ਹੀ ਸੂਰੀ ਦਾ ਸਸਕਾਰ ਕੀਤਾ ਜਾਵੇਗਾ, ਨਹੀਂ ਤਾਂ ਸੜਕ ਤੇ ਸੂਰੀ ਦੀ ਲਾਸ਼ ਨੂੰ ਰੱਖ ਕੇ ਪੰਜਾਬ ਪੁਲਿਸ ਦੀ ਨਾਕਾਮੀ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਧੀਰ ਸੂਰੀ ਹਮੇਸ਼ਾਂ ਅਮਰ ਰਹੇਗਾ ਤੇ ਖਾਲਿਸਤਾਨੀ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਖਾਲਿਸਤਾਨੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।"
ਖਬਰ ਅਨੁਸਾਰ ਸੁਧੀਰ ਦੇ ਬੇਟੇ ਦਾ ਨਾਂਅ ਪਾਰਸ ਸੂਰੀ ਹੈ ਅਤੇ ਇਹ ਵਿਅਕਤੀ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਨਹੀਂ ਸੀ।
ਹੋਰ ਸਰਚ ਕਰਨ 'ਤੇ ਸਾਨੂੰ ਇੱਕ ਖਬਰ ਮਿਲੀ ਜਿਸਦੇ ਅਨੁਸਾਰ ਸੁਧੀਰ ਸੂਰੀ ਦੇ 2 ਬੇਟੇ ਹਨ। ਖਬਰ ਅਨੁਸਾਰ ਸੁਧੀਰ ਦੇ ਦੋਵੇਂ ਪੁੱਤਰਾਂ ਨੂੰ ਸਰਕਾਰ ਵੱਲੋਂ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਸਾਨੂੰ ਅਜੀਤ ਦੀ ਇੱਕ ਖਬਰ ਮਿਲੀ ਜਿਸਦੇ ਵਿਚ ਸੁਧੀਰ ਦੇ ਦੂਸਰੇ ਬੇਟੇ ਦਾ ਬਿਆਨ ਮਿਲਿਆ। ਦੱਸ ਦਈਏ ਕਿ ਸੁਧੀਰ ਦੇ ਦੂਸਰੇ ਬੇਟੇ ਦਾ ਨਾਂਅ ਮਾਣਿਕ ਸੂਰੀ ਹੈ।
ਹੇਠਾਂ ਤੁਸੀਂ ਪਾਰਸ ਸੂਰੀ ਅਤੇ ਮਾਣਿਕ ਸੂਰੀ ਦੇ ਕੋਲਾਜ ਨੂੰ ਵੇਖ ਸਕਦੇ ਹੋ।
Paras Suri & Manik Suri
ਅੱਗੇ ਵੱਧਦਿਆਂ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਸੁਰਖਾਬ ਚੰਨ ਨਾਲ ਗੱਲਬਾਤ ਕੀਤੀ। ਦੱਸ ਦਈਏ ਕਿ ਸੁਰਖ਼ਾਬ ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਮੌਜੂਦ ਸਨ ਅਤੇ ਉਨ੍ਹਾਂ ਨੇ ਵੀ ਵਾਇਰਲ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਨਾਲ ਗੱਲ ਕੀਤੀ ਸੀ। ਸੁਰਖਾਬ ਨੇ ਕਿਹਾ, "ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਸ਼ਿਵ ਸੈਨਾ ਟਕਸਾਲੀ ਦਾ ਆਗੂ ਹੈ ਜਿਸਦਾ ਨਾਂਅ ਰਾਹੁਲ ਹੈ। ਇਹ ਸੁਧੀਰ ਸੂਰੀ ਦਾ ਬੇਟਾ ਨਹੀਂ ਹੈ।"
ਮਤਲਬ ਸਾਫ ਸੀ ਕਿ ਵਾਇਰਲ ਦਾਅਵਾ ਫਰਜ਼ੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਧਮਕੀ ਦੇ ਰਿਹਾ ਵਿਅਕਤੀ ਸੁਧੀਰ ਸੂਰੀ ਦਾ ਬੇਟਾ ਨਹੀਂ ਬਲਕਿ ਸ਼ਿਵ ਸੈਨਾ ਟਕਸਾਲੀ ਦਾ ਆਗੂ ਹੈ।
Claim- Man seeing threatning Sikh Community is Sudhir Suri Son
Claimed By- FB User ਰਣਜੀਤ ਸਿੰਘ ਸਲਾਹਪੁਰ
Fact Check- Fake