
ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਇਸਨੂੰ ਫਰਜ਼ੀ ਦੱਸਿਆ ਹੈ
RSFC (Team Mohali)- 7 ਫਰਵਰੀ 2022 ਨੂੰ ਡੇਰਾ ਸੌਦਾ ਸਾਧ ਦੇ ਮੁਖੀ ਅਤੇ ਬਲਾਤਕਾਰ ਦੇ ਨਾਲ-ਨਾਲ ਕਤਲ ਦੇ ਆਰੋਪੀ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ। ਇਸ ਪੈਰੋਲ ਤੋਂ ਬਾਅਦ ਰਾਮ ਰਹੀਮ ਦੇ ਸਮਰਥਕ ਜਿਥੇ ਖੁਸ਼ੀ ਮਨਾ ਰਹੇ ਹਨ ਓਥੇ ਹੀ ਸਿੱਖ ਸੰਗਤਾਂ ਵੱਲੋਂ ਇਸ ਗੱਲ ਦਾ ਰੋਸ਼ ਵੀ ਜਾਹਰ ਕੀਤਾ ਜਾ ਰਿਹਾ ਹੈ। ਹੁਣ ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਦੇ ਨਾਂਅ ਤੋਂ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਲਜੀਤ ਚੀਮਾ ਨੇ ਰਾਮ ਰਹੀਮ ਦੀ ਰਿਹਾਈ 'ਤੇ ਖੁਸ਼ੀ ਜਾਹਰ ਕਰਦਿਆਂ ਵਧਾਈਆਂ ਦਿੱਤੀਆਂ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਇਸਨੂੰ ਫਰਜ਼ੀ ਦੱਸਿਆ ਹੈ ਅਤੇ ਵਾਇਰਲ ਦਾਅਵੇ ਨੂੰ ਲੈ ਕੇ ਉਨ੍ਹਾਂ ਦੀ ਟੀਮ ਵੱਲੋਂ ਸਾਡੇ ਨਾਲ ਸ਼ਿਕਾਇਤ ਦੀ ਕਾਪੀ ਵੀ ਸਾਂਝੀ ਕੀਤੀ ਗਈ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "ਪੰਜਾਬ ਸਿਆਂ" ਨੇ ਵਾਇਰਲ ਦਾਅਵਾ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਮੁਰਦਾ ਬੋਲੂ ਖੱਫਣ ਪਾੜੂ"
ਇਸ ਪੋਸਟ ਵਿਚ ਇੱਕ ਗ੍ਰਾਫਿਕ ਹੈ ਜਿਸਦੇ ਵਿਚ ਦਲਜੀਤ ਚੀਮਾ ਵੱਲੋਂ ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਵਧਾਈ ਦਿੱਤੀ ਜਾ ਰਹੀ ਹੈ।
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਵਾਇਰਲ ਦਾਅਵੇ ਨੂੰ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰਸ ਵਾਇਰਲ ਕਰ ਰਹੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਦਲਜੀਤ ਚੀਮਾ ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ।
"ਵਾਇਰਲ ਦਾਅਵਾ ਦਲਜੀਤ ਚੀਮਾ ਨੇ ਫਰਜ਼ੀ ਦੱਸਿਆ"
ਦਲਜੀਤ ਚੀਮਾ ਨੇ 8 ਫਰਵਰੀ 2022 ਨੂੰ ਵਾਇਰਲ ਪੋਸਟ ਨੂੰ ਫਰਜ਼ੀ ਦਿੰਦਿਆਂ ਆਪਣਾ ਸਪਸ਼ਟੀਕਰਨ ਵੀਡੀਓ ਸਾਂਝਾ ਕੀਤਾ ਅਤੇ ਡਿਸਕ੍ਰਿਪਸ਼ਨ ਲਿਖਿਆ, "ਚੋਣਾਂ ਦੇ ਮੌਕੇ ਵਿਰੋਧੀ ਪਾਰਟੀਆਂ ਵੱਲੋਂ ਬੇਹੱਦ ਨੀਚ ਹਰਕਤਾਂ ਕੀਤੀਆਂ ਜਾਂਦੀਆਂ ਹਨ। ਰਾਮ ਰਹੀਮ ਦੀ ਪੈਰੋਲ ਤੇ ਮੇਰਾ ਜਾਅਲੀ ਵਧਾਈ ਸੰਦੇਸ਼ ਬਣਾ ਕੇ ਵਾਇਰਲ ਕੀਤਾ ਗਿਆ ਹੈ ਇਸ ਘਿਨੌਣੀ ਹਰਕਤ ਵਿਰੁੱਧ ਕੱਲ੍ਹ ਸਵੇਰੇ FIR ਵੀ ਦਰਜ਼ ਕਰਵਾਈ ਜਾਵੇਗੀ। ਰਾਮ ਰਹੀਮ ਦੀ ਪੈਰੋਲ ਦੇ ਖ਼ਿਲਾਫ਼ ਮੇਰੀ ਪ੍ਰੈਸ ਕਾਨਫਰੰਸ ਵਿਰੋਧੀਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਅਸਲੀਅਤ ਜਾਨਣ ਲਈ ਪ੍ਰੈਸ ਕਾਨਫਰੰਸ ਦੀ ਵੀਡੀਓ ਕਲਿੱਪ ਜ਼ਰੂਰ ਦੇਖੋ। "
ਇਸ ਵੀਡੀਓ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਡਾਕਟਰ ਦਲਜੀਤ ਚੀਮਾ ਨਾਲ ਸੰਪਰਕ ਕੀਤਾ। ਸਾਡੀ ਗੱਲ ਉਨ੍ਹਾਂ ਦੇ ਪੀਏ ਜਸਕਰਨ ਸਿੰਘ ਸਰਾਂ ਨਾਲ ਹੋਈ। ਸਾਡੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ ਅਤੇ ਇਸ ਮਾਮਲੇ ਵਿਚ FIR ਵੀ ਦਰਜ ਕਰਵਾਈ ਗਈ ਹੈ।
ਜਸਕਰਨ ਨੇ ਸਾਡੇ ਨਾਲ ਅਕਾਲੀ ਦਲ ਦੇ ਆਗੂ ਰਵਿੰਦਰ ਸਿੰਘ ਖਹਿਰਾ ਦਾ ਨੰਬਰ ਸਾਂਝਾ ਕੀਤਾ। ਸਾਡੇ ਨਾਲ ਰਵਿੰਦਰ ਨੇ ਮਾਮਲੇ ਨੂੰ ਲੈ ਕੇ ਦਰਜ ਕੀਤੀ ਗਈ ਸ਼ਿਕਾਇਤ ਦੀ ਕਾਪੀ ਨੂੰ ਸਾਂਝਾ ਕੀਤਾ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਇਸਨੂੰ ਫਰਜ਼ੀ ਦੱਸਿਆ ਹੈ ਅਤੇ ਵਾਇਰਲ ਦਾਅਵੇ ਨੂੰ ਲੈ ਕੇ ਉਨ੍ਹਾਂ ਦੀ ਟੀਮ ਵੱਲੋਂ ਸਾਡੇ ਨਾਲ ਸ਼ਿਕਾਇਤ ਦੀ ਕਾਪੀ ਵੀ ਸਾਂਝੀ ਕੀਤੀ ਗਈ ਹੈ।
Claim- Dr. Daljit Cheema welcomed decision of Ram Rahim Furlough
Claimed By- FB Page ਪੰਜਾਬ ਸਿਆਂ
Fact Check- Fake