
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਸਬੰਧੀ ਕੀਤਾ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ 2011 ਦਾ ਹੈ
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਤਿਨ ਗਡਕਰੀ ਨੇ ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਕਹੇ 'ਅੰਦੋਲਨਜੀਵੀ' ਸ਼ਬਦ 'ਤੇ ਉਹਨਾਂ ਦੀ ਸ਼ਰੇਆਮ ਅਲੋਚਨਾ ਕੀਤੀ ਹੈ।
ਦਰਅਸਲ ਕੁੱਝ ਦਿਨ ਪਹਿਲਾਂ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ਵਿਚ ਉਹਨਾਂ ਵੱਲ਼ੋਂ 'ਅੰਦੋਲਨਜੀਵੀ' ਸ਼ਬਦ ਦੀ ਵਰਤੋਂ ਕੀਤੀ ਗਈ ਸੀ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਸਬੰਧੀ ਕੀਤਾ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ 2011 ਦਾ ਹੈ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਨ। ਵੀਡੀਓ ਵਿਚ ਨਿਤਿਨ ਗਡਕਰੀ ਮਨਮੋਹਨ ਸਿੰਘ ਦੀ ਅਲੋਚਨਾ ਕਰ ਰਹੇ ਹਨ ਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ।
ਵਾਇਰਲ ਵੀਡੀਓ
MP Congress ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵਾਇਰਲ ਵੀਡੀਓ ਸ਼ੇਅਰ ਕਰ ਦੇ ਹੋਏ ਕੈਪਸ਼ਨ ਲਿਖਿਆ ,''भ्रष्ट नेताओं और सरकारों के ख़िलाफ़ लोकतंत्र में आंदोलन करना जनता का संवैधानिक अधिकार है, विपक्ष का अधिकार है, देश के अनेकों नागरिकों का अधिकार है : नितिन गडकरी, बीजेपी नेता
मोदी जी,
ये भी आंदोलनजीवी..?
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਇਸ ਦੇ ਨਾਲ ਹੀ ਵਾਇਰਲ ਵੀਡੀਓ ਨੂੰ ਹੋਰ ਵੀ ਕਈ ਸਿਆਸੀ ਆਗੂਆਂ ਨੇ ਸ਼ੇਅਰ ਕੀਤਾ ਹੈ, ਜਿਨ੍ਹਾਂ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
गडकरी ने प्रधानमंत्री को लताड़ा।
— Surendra Rajput (@ssrajputINC) February 9, 2021
प्रधानमंत्री को बताया लोकतंत्र विरोधी। pic.twitter.com/OTvDtum8o3
केन्द्रीय मंत्री नितिन गड़करी ने रवि शंकर प्रसाद की उपस्थिति में प्रंधानमंत्री के #आंदोलनजीवी शब्द पर प्रधानमंत्री की खुले आम आलोचना एवं भर्त्सना की!#आंदोलनजीवी pic.twitter.com/xH9056PnGP
— Subhash Kumar Sojatia (@subhashsojatia) February 10, 2021
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ, ਇਸ ਦੇ ਵਿਚ ਨਿਤਿਨ ਗਡਕਰੀ ਕਹਿ ਰਹੇ ਹਨ ''ਦੇਖੀਏ ਪ੍ਰਧਾਨ ਮੰਤਰੀ ਜੋ ਗੱਲ ਕਹਿ ਰਹੇ ਹਨ ਉਹ ਲੋਕਤੰਤਰ ਦੇ ਵਿਰੋਧ ਵਿਚ ਹੈ, ਇਸ ਦੇਸ਼ ਵਿਚ ਭ੍ਰਿਸ਼ਟ ਨੇਤਾਵਾਂ ਦੇ ਖਿਲਾਫ਼ ਅਤੇ ਸਰਕਾਰ ਦੇ ਖਿਲਾਫ਼ ਅੰਦੋਲਨ ਕਰਨਾ ਲੋਕਤੰਤਰ ਵਿਚ ਸੰਵਿਧਾਨਿਕ ਅਧਿਕਾਰ ਹੈ। ਜਨਤਾ ਦਾ ਅਧਿਕਾਰ ਹੈ। ਵਿਰੋਧੀਆਂ ਦਾ ਅਧਿਕਾਰ ਹੈ। ਕੰਮ ਕਰਨ ਵਾਲੇ ਅਨੇਕਾਂ ਦੇਸ਼ ਦੇ ਨਾਗਰਿਕਾਂ ਦਾ ਅਧਿਕਾਰ ਹੈ ਅਤੇ ਇਹ ਅਧਿਕਾਰ ਕੋਈ ਕਾਂਗਰਸ ਪਾਰਟੀ ਜਾਂ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਨਹੀਂ ਦਿੱਤਾ ਹੈ, ਇਹ ਅਧਿਕਾਰ ਸਾਡੇ ਸੰਵਿਧਾਨ ਵਿਚ ਹੈ। ਫੰਡਾਮੈਂਟਲ ਰਾਈਟ, ਫਰੀਡਮ ਆਫ ਸਪੀਚ ਅਤੇ ਇਹ ਗੱਲਾਂ ਹੋਣ ਤੋਂ ਬਾਅਦ ਵੀ ਸ਼ਾਂਤੀਪੂਰਨ ਤਰੀਕੇ ਨਾਲ ਲੋਕਾਂ ਨੂੰ ਅੰਦੋਲਨ ਨਹੀਂ ਕਰਨਾ ਚਾਹੀਦਾ, ਇਹ ਗੱਲ ਪ੍ਰਧਾਨ ਮੰਤਰੀ ਜੀ ਕਿਸ ਅਧਾਰ 'ਤੇ ਕਹਿ ਰਹੇ ਹਨ। ਕੀ ਉਹਨਾਂ ਦਾ ਕਹਿਣਾ ਕਾਨੂੰਨੀ ਹੈ, ਕੀ ਉਹਨਾਂ ਦਾ ਕਹਿਣਾ ਸੰਵਿਧਾਨ ਦੇ ਘੇਰੇ ਵਿਚ ਹੈ। ਮੈਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਨੂੰ ਇਸ ਦਾ ਆਤਮ ਪ੍ਰੀਖਣ ਕਰਨਾ ਚਾਹੀਦਾ ਹੈ। ਇਕ ਗੱਲ ਜ਼ਰੂਰ ਹੈ ਕਿ ਜੋ ਲੋਕ ਇਕ ਸਮੇਂ 0 ਭ੍ਰਿਸ਼ਟਾਚਾਰ ਹੋਇਆ ਕਹਿਣ ਵਾਲੇ ਲੋਕ ਹਨ। ਜੋ ਇਕ ਵਾਰ ਰਾਮਦੇਵ ਬਾਬਾ ਨੂੰ ਸੰਤ ਕਹਿ ਕੇ ਉਹਨਾਂ ਨੂੰ 3-4 ਵਾਰ ਮਿਲਣ ਗਏ। ਜਿਨ੍ਹਾਂ ਲੋਕਾਂ ਨੇ ਅੰਨਾ ਹਜ਼ਾਰੇ ਨਾਲ ਚਰਚਾ ਕੀਤੀ 10 ਵਾਰ। ਸਭ ਲੋਕ ਚੰਗੇ ਸਨ, ਆਪ ਭ੍ਰਿਸ਼ਟਾਚਰ ਹਟਾਉਣ ਦੀ ਗੱਲ ਛੱਡ ਕੇ ਜੋ ਲੋਕ ਬੋਲ ਰਹੇ ਹਨ ਉਹਨਾਂ ਨੂੰ ਹੀ ਟਾਰਗੇਟ ਕਰ ਕੇ, ਇਕ ਤਰ੍ਹਾਂ ਨਾਲ ਉਹਨਾਂ ਨੂੰ ਸਮਾਪਤ ਕਿਵੇਂ ਕੀਤਾ ਜਾਵੇ। ਜੇ ਤੁਸੀਂ ਸਾਡੇ ਖਿਲਾਫ਼ ਬੋਲੇ ਤਾਂ ਅਸੀਂ ਤੁਹਾਡਾ ਅੰਦੋਲਨ ਨਹੀਂ ਚੱਲਣ ਦੇਵਾਂਗੇ। ਇਸ ਪ੍ਰਕਾਰ ਦੀ ਨੀਤੀ ਹੈ। ਇਕ ਪਾਸੇ ਜਿਸ ਤਰ੍ਹਾਂ ਨਾਲ ਸਰਕਾਰ ਕੰਮ ਕਰ ਰਹੀ ਹੈ ਅਤੇ ਜਿਸ ਪ੍ਰਕਾਰ ਨਾਲ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਹੈ, ਇਹ ਪੂਰੀ ਤਰ੍ਹਾਂ ਲੋਕਤੰਤਰ ਦੇ ਵਿਰੋਧ ਵਿਚ ਹੈ ਅਤੇ ਹਿੰਦੁਸਾਤਨ ਦੀ ਜਨਤਾ ਜੋ ਲੋਕਤੰਤਰ ਨੂੰ ਆਪਣੀ ਆਤਮਾ ਮੰਨਦੀ ਹੈ ਉਹ ਅਜਿਹੀਆਂ ਗੱਲਾਂ ਦਾ ਕਦੇਂ ਵੀ ਸਮਰਥਨ ਨਹੀਂ ਕਰ ਸਕਦੀ ਕਿਉਂਕਿ ਐਂਮਰਜੰਸੀ ਵਿਚ ਇਸੇ ਹਿੰਦੁਸਾਤਨ ਦੀ ਜਨਤਾ ਨੇ ਲੋਕਤੰਤਰ ਦੇ ਵਿਰੋਧ ਵਿਚ ਜੋ ਹੋਇਆ ਉਸ ਕਰ ਕੇ ਉਸ ਸਮੇਂ ਦੀ ਸਰਕਾਰ ਨੂੰ ਸਬਕ ਸਿਖਾਇਆ ਸੀ ਅਤੇ ਨਿਸ਼ਚਿਤ ਰੂਪ ਵਿਚ ਇਸੇ ਪ੍ਰਕਾਰ ਨਾਲ ਪ੍ਰਧਾਨ ਮੰਤਰੀ ਜੀ ਜੇ ਦੇਸ਼ ਚਲਾਉਣਾ ਚਾਹੁੰਦੇ ਹਨ ਤਾਂ ਦੇਸ਼ ਦੀ ਜਨਤਾ ਕਦੇਂ ਵੀ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।''
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡੀਓ ਨਾਲ ਸਬੰਧਿਤ ਯੂਟਿਊਬ 'ਤੇ ਕੀਵਰਡ ਸਰਚ ਕੀਤੇ ਤਾਂ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਤ ਯੂਟਿਊਬ ਪੇਜ਼ 'ਤੇ ਨਿਤਿਨ ਗਡਕਰੀ ਵੱਲੋਂ ਦਿੱਤੇ ਇਸ ਬਿਆਨ ਦਾ ਪੂਰਾ ਵੀਡੀਓ ਮਿਲਿਆ। ਇਹ ਵੀਡੀਓ 2011 ਵਿਚ ਅਪਲੋਡ ਕੀਤਾ ਗਿਆ ਸੀ।
ਅਸੀਂ ਦੇਖਿਆ ਕਿ ਭਾਜਪਾ ਦੇ ਪੇਜ਼ 'ਤੇ ਅਪਲੋਡ ਕੀਤਾ ਵੀਡੀਓ 4.24 ਸੈਕਿੰਡ ਦਾ ਸੀ ਅਤੇ ਜਦੋਂ ਅਸੀਂ ਪੂਰੀ ਵੀਡੀਓ ਨੂੰ ਸੁਣਿਆ ਤਾਂ ਸਾਹਮਣੇ ਆਇਆ ਕਿ ਨਿਤਿਨ ਗਡਕਰੀ ਕਾਂਗਰਸ ਸਰਕਾਰ ਦੀ ਅਲੋਚਨਾ ਕਰ ਰਹੇ ਸਨ ਅਤੇ ਭਾਜਪਾ ਸਰਕਾਰ ਦੀ ਤਾਰੀਫ਼। ਵੀਡੀਓ 2011 ਦੀ ਹੈ ਇਸ ਲਈ ਸਾਡੀ ਸਰਚ ਦੌਰਾਨ ਸਾਹਮਣੇ ਆਇਆ ਕਿ 2011 ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਉਸ ਸਮੇਂ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ। ਇਸ ਦੇ ਨਾਲ ਹੀ 2011 ਵਿਚ ਹੀ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਦੋਲਨ ਕੀਤਾ ਸੀ ਅਤੇ ਇਸੇ ਅੰਦੋਲਨ ਨੂੰ ਲੈ ਕੇ ਹੀ ਨਿਤਿਨ ਗਡਕਰੀ ਨੇ ਕਾਂਗਰਸ ਸਰਕਾਰ ਦੀ ਅਲੋਚਨਾ ਕੀਤੀ ਸੀ। ਵੀਡੀਓ ਦੇ ਕੈਪਸ਼ਨ ਵਿਚ ਵੀ ਅੰਨਾ ਹਜ਼ਾਰੇ ਦਾ ਨਾਮ ਲਿਖਿਆ ਗਿਆ ਹੈ।
ਇਸ ਦੇ ਨਾਲ ਹੀ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਕੁੱਝ ਖ਼ਬਰਾਂ ਵੀ ਸਰਚ ਕੀਤੀਆਂ ਕਿ ਕੀ ਨਿਤਿਨ ਗਡਕਰੀ ਨੇ ਖੇਤੀ ਕਾਨੂੰਨਾਂ ਬਾਰੇ ਜਾਂ ਕਿਸਾਨ ਅੰਦੋਲਨ ਨੂੰ ਲੈ ਕੇ ਪੀਐੱਮ ਮੋਦੀ ਦੀ ਅਲੋਚਨਾ ਕੀਤੀ ਹੈ ਜਾਂ ਨਹੀਂ। ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ ਜਿਸ ਵਿਚ ਉਹਨਾਂ ਨੇ ਪੀਐੱਮ ਮੋਦੀ ਦੀ ਅਲੋਚਨਾ ਕੀਤੀ ਹੋਵੇ ਹਾਲਾਂਕਿ ਅਜਿਹੀਆਂ ਕਈ ਰਿਪੋਰਟਾਂ ਮਿਲੀਆਂ ਜਿਸ ਵਿਚ ਉਹਨਾਂ ਨੇ ਸਿਰਫ਼ ਖੇਤੀ ਕਾਨੂੰਨਾਂ ਦੀ ਹਮਾਇਤ ਹੀ ਕੀਤੀ ਸੀ।
ਦੱਸ ਦਈਏ ਕਿ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ 2011 ਵਿਚ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ। ਅੰਨਾ ਹਜ਼ਾਰੇ ਦਾ ਇਸ ਅੰਦੋਲਨ ਨੂੰ ਸ਼ੁਰੂ ਕਰਨ ਦਾ ਇੱਕੋ ਉਦੇਸ਼ ਸੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਲੋਕਪਾਲ ਬਿੱਲ ਪਾਸ ਕੀਤਾ ਜਾਵੇ ਅਤੇ ਜੇ ਦੇਸ਼ ਵਿਚ ਸਿਆਸਤਦਾਨਾਂ ਅਤੇ ਸਰਕਾਰੀ ਸੇਵਕਾਂ ਦੁਆਰਾ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ, ਤਾਂ ਸਰਕਾਰ ਦੀ ਇਜਾਜ਼ਤ ਤੋਂ ਬਗ਼ੈਰ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਜ਼ਿੰਮੇਵਾਰੀ ਕਿਸੇ ਇਕ ਵਿਅਕਤੀ ਉੱਪਰ ਹੋਣੀ ਚਾਹੀਦੀ ਹੈ ਜੋ ਕਿ ਸਰਕਾਰ ਤੋਂ ਵੀ ਉੱਪਰ ਹੋਵੇ।
ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਲੈ ਕੇ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਜਨ ਲੋਕਪਾਲ ਬਿੱਲ ਨਾਲ ਸਬੰਧਿਤ ਖ਼ਬਰ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2011 ਦਾ ਹੈ ਜਦੋਂ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਖਿਲਾਫ਼ ਅੰਦੋਲਨ ਕੀਤਾ ਸੀ ਅਤੇ ਉਸ ਸਮੇਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਲੈ ਕੇ ਕਾਂਗਰਸ ਸਰਕਾਰ ਦੀ ਅਲੋਚਨਾ ਕੀਤੀ ਸੀ ਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ।
Claim - ਨਿਤਿਨ ਗਡਕਰੀ ਨੇ ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਕਹੇ 'ਅੰਦੋਲਨਜੀਵੀ' ਸ਼ਬਦ 'ਤੇ ਉਹਨਾਂ ਦੀ ਸ਼ਰੇਆਮ ਅਲੋਚਨਾ ਕੀਤੀ ਹੈ।
Claimed BY - MP Congress
Fact Check - ਫਰਜ਼ੀ