
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਮਾਮਲਾ 2019 ਦਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ।
RSFC (Team Mohali)- ਸੋਸ਼ਲ ਮੀਡਿਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ CM ਮਾਨ ਹਾਲੀਆ ਕਿਸੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨਾਲ ਬਹਿਸ ਕਰਦੇ ਨਜ਼ਰ ਆਏ। ਵਾਇਰਲ ਵੀਡੀਓ ਦੇ ਵਿਚ ਉਨ੍ਹਾਂ ਨਾਲ ਮੌਜੂਦਾ ਕੈਬਿਨੇਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੀ ਨਜ਼ਰ ਆ ਰਹੇ ਹਨ।
ਫੇਸਬੁੱਕ ਪੇਜ "ਤਰਨ ਤਾਰਨ ਦੀ ਸਿਆਸਤ" ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਭਾਊ ਜਦੋ ਸੁਖੀ ਰੰਧਾਵਵਾ ਨਪਿੰਦਰ ਨਾਲ ਔਖਾ ਹੋਇਆ ਸੀ ਉਦੋਂ ਬਹੁਤ ਭੇਡਾਂ ਦੇ ਪਿੱਛੇ ਮਿਰਚ ਲੜੀ ਸੀ ਉਦੋਂ ਕਹਿੰਦੇ ਸੀ ਪੱਤਰਕਾਰ ਦੀ ਅਜਾਦੀ ਆ, ਪਤਰਕਾਰਾਂ ਨੇ ਸਵਾਲ ਕਰਨੇ ਹੀ ਹੁੰਦੇ ਆ ਇਹ ਵੀਡੀਓ ਤੁਹਾਡੇ ਭਾਪੇ ਭਗਵੰਤ ਮਾਨ ਦੀ ਜਿਸ ਵਿਚ ਉਹ ਪੱਤਰਕਾਰ ਨਾਲ ਔਖਾ ਹੋ ਰਿਹਾ ਏ ਇਸ ਤੇ ਕੀ ਕਹਿਣਾ ਭਗਤਾ ਦਾ ??"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਮਾਮਲਾ 2019 ਦਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।
ਵਾਇਰਲ ਵੀਡੀਓ 2019 ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੀ 24 ਦਿਸੰਬਰ 2019 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਗਿਆ ਸੀ, "ਪੱਤਰਕਾਰ ਨਾਲ ਭਗਵੰਤ ਮਾਨ ਦੀ ਹੱਥੋਪਾਈ ! ਫੇਰ ਨਹੀਂ ਦੇਖਿਆ ਅੱਗੇ ਪਿੱਛੇ, ਪਾਤਾ ਭੜਥੂ ! ਮਸਾ-ਮਸਾ ਹੋਇਆ ਬਚਾਅ ! LIVE ਵੀਡੀਓ"
ਹੋਰ ਸਰਚ ਕਰਨ ਤੇ ਸਾਨੂੰ ਮਾਮਲੇ ਨੂੰ ਲੈ ਕੇ ABP News ਦੀ ਇੱਕ ਰਿਪੋਰਟ ਮਿਲੀ। ਖਬਰ ਅਨੁਸਾਰ, "ਹਾਲ ਹੀ ‘ਚ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿੱਥੇ 'ਆਪ' ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਮਾਨ ਭੜਕ ਗਏ ਤੇ ਪੱਤਰਕਾਰਾਂ ਵੱਲ਼ ਨੂੰ ਉੱਠ ਖਲੋਤੇ।"
ਖਬਰ 'ਚ ਅੱਗੇ ਦੱਸਿਆ ਗਿਆ, "ਪ੍ਰੈੱਸ ਕਾਨਫਰੰਸ ਵਿੱਚ ਅਫੜਾ-ਤਫੜੀ ਮੱਚ ਗਈ। ਕਈ ਪੱਤਰਕਾਰ ਵੀ ਗੁੱਸੇ ਵਿੱਚ ਨਜ਼ਰ ਆਏ। ਕੁਝ ਸਮੇਂ ਬਾਅਦ ਭਗਵੰਤ ਮਾਨ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਨ੍ਹਾਂ ਨੇ ਮੁੜ ਸਵਾਲ ਪੁੱਛਣ ਲਈ ਕਿਹਾ। ਦਰਅਸਲ ਇੱਥੇ ਪੱਤਰਕਾਰ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਤਾਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਵਿਰੋਧੀ ਧਿਰ ਹੋਣ ਦੇ ਬਾਵਜੂਦ ਤੁਸੀਂ ਧਰਨੇ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ। ਬੱਸ ਇਹ ਸਵਾਲ ਪੁੱਛੇ ਜਾਣ ਦੀ ਦੇਰੀ ਸੀ ਕਿ ਮਾਨ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਸਕੇ ਤੇ ਸਰੇਆਮ ਪੱਤਰਕਾਰ ਵੱਲ ਨੂੰ ਉੱਠ ਪਏ। ਭਗਵੰਤ ਮਾਨ ਨੇ ਪੱਤਰਕਾਰ ਨੂੰ ਕਾਫੀ ਕੁਝ ਬੋਲਿਆ।"
ਮਤਲਬ ਸਾਫ ਸੀ ਕਿ ਮਾਮਲਾ ਪੁਰਾਣਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਮਾਮਲਾ 2019 ਦਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ।