
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਤ ਸਿੰਘ ਨੂੰ ਫਾਂਸੀ ਦੀ ਸਜਾ 7 ਅਕਤੂਬਰ 1930 ਨੂੰ ਸੁਣਾਈ ਗਈ ਸੀ ਅਤੇ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ।
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ)- ਸੋਸ਼ਲ ਮੀਡੀਆ ‘ਤੇ ਸ਼ਹੀਦ ਭਗਤ ਸਿੰਘ ਦੀ ਫਾਂਸੀ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ, 14 ਫਰਵਰੀ 1931 ਨੂੰ ਲਾਹੌਰ ਵਿਚ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਸੀ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਤ ਸਿੰਘ ਨੂੰ ਫਾਂਸੀ ਦੀ ਸਜਾ 7 ਅਕਤੂਬਰ 1930 ਨੂੰ ਸੁਣਾਈ ਗਈ ਸੀ ਅਤੇ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ। ਵਾਇਰਲ ਦਾਅਵੇ ਨੂੰ ਭਗਤ ਸਿੰਘ ਦੇ ਭਤੀਜੇ ਪ੍ਰੋ : ਜਗਮੋਹਨ ਸਿੰਘ ਨੇ ਵੀ ਫਰਜੀ ਦੱਸਿਆ ਹੈ।
ਵਾਇਰਲ ਪੋਸਟ
ਟਵਿੱਟਰ ਯੂਜ਼ਰ Mr. Singh ਨੇ 14 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''14 ਫਰਵਰੀ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਨੂੰ ਫਾਂਸੀ ਦੀ ਸਜਾ ਸੁਣਾਈ ਗਈ #शहीदजवानशहीद_किसान''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਅਸੀਂ ਭਗਤ ਸਿੰਘ ਨੂੰ ਦਿੱਤੀ ਫਾਂਸੀ ਦੀਆਂ ਖਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ https://edtimes.in ਦੀ ਰਿਪੋਰਟ ਮਿਲੀ,ਇਸ ਰਿਪੋਰਟ ਦੀ ਹੈੱਡਲਾਈਨ ਸੀ, Back in Time The Day Bhagat Singh, Rajguru and Sukhdev Were Hanged’’ ਇਹ ਰਿਪੋਰਟ 23 ਮਾਰਚ 2016 ਨੂੰ ਪਬਲਿਸ਼ ਕੀਤੀ ਗਈ ਸੀ। ਇਸ ਰਿਪੋਰਟ ਵਿਚ ਸਾਨੂੰ ਭਗਤ ਸਿੰਘ ਦਾ ਡੈੱਥ ਵਾਰੰਟ ਅਪਲੋਡ ਕੀਤਾ ਮਿਲਿਆ। ਡੈੱਥ ਵਾਰੰਟ ਅਨੁਸਾਰ ਭਗਤ ਸਿੰਘ ਨੂੰ ਫਾਂਸੀ 7 ਅਕਤੂਬਰ 1930 ਨੂੰ ਸੁਣਾਈ ਗਈ ਸੀ। ਡੈੱਥ ਵਾਰੰਟ ਉੱਪਰ ਟ੍ਰਬਿਊਨਲ ਦੇ ਪ੍ਰਧਾਨ ਦੇ ਵੀ ਦਸਤਖ਼ਤ ਕੀਤੇ ਗਏ ਸਨ। ਡੈੱਥ ਵਾਰੰਟ ਦੀ ਇਹ ਤਸਵੀਰ ਲਾਹੌਰ ਦੀ ਸੈਟਰਲ ਜੇਲ ਦੇ ਸੁਪਰਡੈਂਟ ਨੂੰ ਸੌਂਪੀ ਗਈ ਸੀ।
ਇਸ ਦੇ ਨਾਲ ਹੀ ਸਾਨੂੰ indiatoday.in ਦੀ ਵੀ ਰਿਪੋਰਟ ਮਿਲੀ। ਰਿਪੋਰਟ ਵਿਚ ਪਹਿਲੀ ਤਸਵੀਰ ਹੀ ਭਗਤ ਸਿੰਘ ਦੇ ਡੈੱਥ ਵਾਰੰਟ ਦੀ ਸੀ। ਰਿਪੋਰਟ ਦੀ ਹੈੱਡਲਾਈਨ ਸੀ, Read Bhagat Singh's death warrant on his 84th martyrdom anniversary’’’ ਪੂਰੀ ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ indiatimes.com ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। ਇਸ ਰਿਪੋਰਟ ਵਿਚ ਵੀ ਇਹੀ ਦੱਸਿਆ ਗਿਆ ਹੈ ਕਿ ਭਗਤ ਸਿੰਘ ਨੂੰ ਫਾਂਸੀ ਦੀ ਸਜਾ 7 ਅਕਤੂਬਰ 1930 ਨੂੰ ਸੁਣਾਈ ਗਈ ਸੀ।
ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਬਾਰੇ ਭਗਤ ਸਿੰਘ ਦੇ ਭਤੀਜੇ ਪ੍ਰੋ : ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ। ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਗਤ ਸਿੰਘ ਨੂੰ ਫਾਂਸੀ ਦੀ ਸਜਾ 7 ਅਕਤੂਬਰ 1930 ਨੂੰ ਸੁਣਾਈ ਗਈ ਸੀ। ਉਹਨਾਂ ਦੱਸਿਆ ਕਿ ਸਜਾ ਰੱਦ ਕਰਨ ਲਈ ਜੋ ਆਖ਼ਰੀ ਪਟੀਸ਼ਨ ਸੀ ਉਹ 11 ਫਰਵਰੀ 1931 ਨੂੰ ਪਾਈ ਗਈ ਸੀ ਜਿਸ ਨੂੰ ਜੱਜ ਨੇ ਜੁਬਾਨੀ ਰੱਦ ਕਰ ਦਿੱਤਾ ਸੀ ਪਰ ਪਟੀਸ਼ਨ ਰੱਦ ਕਰਨ ਦਾ ਜੋ ਲਿਖਤੀ ਲੈਟਰ ਸੀ ਉਹ 27 ਫਰਵਰੀ 1931 ਨੂੰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ 14 ਫਰਵਰੀ 1931 ਵਾਲੀ ਜੋ ਪੋਸਟ ਹਰ ਸਾਲ ਵਾਇਰਲ ਹੋ ਰਹੀ ਹੈ ਉਹ ਫਰਜੀ ਹੈ।
ਨਤੀਜਾ – ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਭਗਤ ਸਿੰਘ ਨੂੰ ਫਾਂਸੀ ਦੀ ਸਜਾ 7 ਅਕਤੂਬਰ 1930 ਨੂੰ ਸੁਣਾਈ ਗਈ ਸੀ। ਭਗਤ ਸਿੰਘ ਦੇ ਭਤੀਜੇ ਪ੍ਰੋ : ਜਗਮੋਹਨ ਸਿੰਘ ਨੇ ਵੀ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।
Claim - 14 ਫਰਵਰੀ 1931 ਨੂੰ ਲਾਹੌਰ ਵਿਚ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਸੀ।
Claimed By - ਟਵਿੱਟਰ ਯੂਜ਼ਰ Mr. Singh
Fact Check - ਫਰਜ਼ੀ