
27 ਮਾਰਚ 2022 ਚੋਣਾਂ ਦੀ ਮਿਤੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਫਰਜ਼ੀ ਪਾਇਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 2022 ਆਗਾਮੀ ਚੋਣਾਂ ਦੀਆਂ ਤਰੀਕਾਂ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਹੋ ਗਈਆਂ ਹਨ। ਦਾਅਵੇ ਅਨੁਸਾਰ 27 ਮਾਰਚ 2022 ਨੂੰ ਪੰਜਾਬ 2022 ਚੋਣਾਂ ਦੀ ਮਿਤੀ ਦੱਸੀ ਗਈ ਹੈ ਅਤੇ ਇਸਦੇ ਨਾਲ ਪੋਸਟ ਵਿਚ ਦੱਸਿਆ ਗਿਆ ਹੈ ਕਿ ਯੂਪੀ ਵਿਚ ਮਈ ਅੰਦਰ ਚੋਣਾਂ ਹੋਣਗੀਆਂ।
ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਲੈਕਸ਼ਨ ਕਮਿਸ਼ਨ ਨੇ ਹਾਲੇ ਪੰਜਾਬ 2022 ਚੋਣਾਂ ਨੂੰ ਲੈ ਕੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਹਨ। 27 ਮਾਰਚ 2022 ਚੋਣਾਂ ਦੀ ਮਿਤੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਫਰਜ਼ੀ ਪਾਇਆ ਹੈ।
ਵਾਇਰਲ ਪੋਸਟ
ਟਵਿੱਟਰ ਅਕਾਊਂਟ "Thekhalastv" ਨੇ ਇਹ ਦਾਅਵਾ ਸ਼ੇਅਰ ਕਰਦਿਆਂ ਹੈਸ਼ਟੈਗ ਵਰਤੇ, ਇਹ ਹੈਸ਼ਟੈਗ ਹਨ, "#Election2022 #PunjabElection2022 #UPElection2022"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
#Election2022 #PunjabElection2022 #UPElection2022 pic.twitter.com/4WwqiotAnY
— Thekhalastv (@thekhalastv) October 14, 2021
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਅਧਿਕਾਰਿਕ ਵੈੱਬਸਾਈਟ "eci.gov.in" ਵੱਲ ਰੁੱਖ ਕੀਤਾ। ਸਾਨੂੰ ਉਨ੍ਹਾਂ ਦੀ ਸਾਈਟ 'ਤੇ ਪੰਜਾਬ 2022 ਚੋਣਾਂ ਦੀ ਮਿਤੀ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਮਿਲੀ।
ਅੱਗੇ ਵਧਦੇ ਹੋਏ ਅਸੀਂ ਇਸ ਦਾਅਵੇ ਨੂੰ ਲੈ ਕੇ ਗੂਗਲ ਨਿਊਜ਼ ਸਰਚ ਕੀਤੀ। ਕਿਓਂਕਿ 2022 ਚੋਣਾਂ ਦੀ ਮਿਤੀ ਜਾਰੀ ਹੋਣਾ ਇੱਕ ਮਹੱਤਵਪੂਰਨ ਗੱਲ ਹੈ ਇਸ ਕਰਕੇ ਲਗਭਗ ਹਰ ਮੈਨਸਟਰੀਮ ਮੀਡੀਆ ਅਦਾਰੇ ਨੇ ਇਸ ਮਾਮਲੇ ਨੂੰ ਲੈ ਕੇ ਖਬਰ ਲਿਖਣੀ ਸੀ। ਦੱਸ ਦਈਏ ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਖਬਰ ਨਹੀਂ ਮਿਲੀ। ਜਿਸਤੋਂ ਇਹ ਗੱਲ ਸਾਫ ਹੋ ਰਹੀ ਸੀ ਕਿ ਇਹ ਦਾਅਵਾ ਫਰਜ਼ੀ ਹੈ।
ਅੱਗੇ ਵਧਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਸੁਖਰਾਬ ਚੰਨ ਨਾਲ ਗੱਲ ਕੀਤੀ। ਸੁਰਖਾਬ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਹਾਲੇ ਇਲੈਕਸ਼ਨ ਕਮਿਸ਼ਨ ਨੇ 2022 ਚੋਣਾਂ ਨੂੰ ਲੈ ਕੇ ਕੋਈ ਮਿਤੀ ਜਾਰੀ ਨਹੀਂ ਕੀਤੀ ਹੈ। ਬਾਕੀ ਰਹੀ ਗੱਲ 27 ਮਾਰਚ 2022 ਦੀ ਤਾਂ ਇਹ ਮਿਤੀ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਹੈ।"
ਸੁਰਖਾਬ ਨੇ ਸਾਡੇ ਨਾਲ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ 27 ਮਾਰਚ 2022 ਦਾ ਨੋਟੀਫਿਕੇਸ਼ਨ PDF ਸ਼ੇਅਰ ਕੀਤਾ। ਇਸ PDF ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਲੈਕਸ਼ਨ ਕਮਿਸ਼ਨ ਨੇ ਹਾਲੇ ਪੰਜਾਬ 2022 ਚੋਣਾਂ ਨੂੰ ਲੈ ਕੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਹਨ। 27 ਮਾਰਚ 2022 ਚੋਣਾਂ ਦੀ ਮਿਤੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਫਰਜ਼ੀ ਪਾਇਆ ਹੈ।
Claim- ECI issues Punjab 2022 election dates
Claimed By- Twitter User The Khalas TV
Fact Check- Fake