
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਪਾਇਆ ਕਿ ਯੂਜ਼ਰਸ ਅਸ਼ੋਕ ਗਹਿਲੋਤ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
RSFC (Team Mohali)- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਮੁੜ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ CM ਨੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕੀਤਾ ਹੈ। ਵੀਡੀਓ ‘ਚ ਗਹਿਲੋਤ ਕਹਿੰਦੇ ਹਨ, ”ਅੰਮ੍ਰਿਤਪਾਲ ਸਿੰਘ ਕਹਿ ਰਹੇ ਹਨ ਕਿ ਇਹ ਹਿੰਦੂ ਰਾਸ਼ਟਰ ਗੱਲ ਕਰਦੇ ਹਨ ਤਾਂ ਮੈਂ ਗੱਲ ਕਿਉਂ ਨਾ ਕਰਾਂ।"
ਫੇਸਬੁੱਕ ਯੂਜ਼ਰ Sunil Mishra ਨੇ ਵੀਡੀਓ ਦਾ ਰੀਲ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਰਾਜਸਥਾਨ ਦੇ CM ਨੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕੀਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਪਾਇਆ ਕਿ ਯੂਜ਼ਰਸ ਅਸ਼ੋਕ ਗਹਿਲੋਤ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ 31 ਮਾਰਚ 2023 ਨੂੰ ਪ੍ਰਕਾਸ਼ਿਤ ‘ਦੈਨਿਕ ਭਾਸਕਰ’ ਦੀ ਰਿਪੋਰਟ ਮਿਲੀ ਜਿਸਦੇ ਮੁਤਾਬਕ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਕ ਸੰਮੇਲਨ ਨੂੰ ਸੰਬੋਧਨ ਕਰਨ ਲਈ ਭਰਤਪੁਰ ਗਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮੋਹਨ ਭਾਗਵਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਇਸ ਰਿਪੋਰਟ 'ਚ ਸਾਨੂੰ ਅਸ਼ੋਕ ਗਹਿਲੋਤ ਦੀ ਪੱਤਰਕਾਰਾਂ ਨਾਲ ਗੱਲਬਾਤ ਦਾ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਦੇ ਅੰਸ਼ ਸ਼ਾਮਲ ਹਨ।
ਇਸ ਵਿੱਚ ਅਸ਼ੋਕ ਗਹਿਲੋਤ ਨੇ ਇੱਕ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਸੀ, “ਅੰਮ੍ਰਿਤਪਾਲ ਸਿੰਘ ਕਹਿ ਰਿਹਾ ਹੈ ਕਿ ਜੇਕਰ ਉਹ ਹਿੰਦੂ ਰਾਸ਼ਟਰ ਦੀ ਗੱਲ ਕਰ ਰਿਹਾ ਹੈ ਤਾਂ ਮੈਂ ਖਾਲਿਸਤਾਨ ਦੀ ਗੱਲ ਕਿਉਂ ਨਾ ਕਰਾਂ। ਉਨ੍ਹਾਂ ਨੇ ਕਿੰਨੀ ਸਹੀ ਗੱਲ ਕਹੀ ਹੈ, ਇਹ ਦੇਸ਼ ਲਈ ਬਹੁਤ ਖਤਰਨਾਕ ਗੱਲ ਹੈ। ਅੱਜ ਤੱਕ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਨੇ ਕਿਹਾ ਹੈ ਕਿ ਜੇਕਰ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਤਾਂ ਅਸੀਂ ਕਿਉਂ ਨਹੀਂ ਕਰੀਏ? ਕੱਲ੍ਹ ਨੂੰ ਲੋਕ ਦੱਖਣੀ ਰਾਜ ਦੀ ਗੱਲ ਕਰਨ ਲੱਗ ਜਾਣਗੇ। ਅਜਿਹੀ ਆਵਾਜ਼ 40-50 ਸਾਲ ਪਹਿਲਾਂ ਦੱਖਣ ਵਿੱਚ ਚੁੱਕੀ ਗਈ ਸੀ। ਨਵੀਂ ਪੀੜ੍ਹੀ ਨਹੀਂ ਜਾਣਦੀ। ਸਾਨੂੰ ਦੇਸ਼ ਦੇ ਭਵਿੱਖ ਦੀ ਚਿੰਤਾ ਕਰਨੀ ਚਾਹੀਦੀ ਹੈ।"
ਇਸ ਰਿਪੋਰਟ ਤੋਂ ਇਹ ਤਾਂ ਸਾਫ ਹੋਇਆ ਕਿ ਅਸ਼ੋਕ ਗਹਿਲੋਤ ਦੇ ਬਿਆਨ ਨੂੰ ਤੋੜ ਮਰੋੜ ਕੇ ਅਧੂਰਾ ਸਾਂਝਾ ਕੀਤਾ ਜਾ ਰਿਹਾ ਹੈ।
ਸਾਨੂੰ ਇਸ ਸਰਚ ਦੌਰਾਨ ETV Bharat ਦੀ ਇੱਕ ਰਿਪੋਰਟ ਮਿਲੀ ਜਿਸਦੇ ਮੁਤਾਬਕ 31 ਮਾਰਚ 2023 ਨੂੰ ਅਸ਼ੋਕ ਗਹਿਲੋਤ ਵੱਲੋਂ ਭਰਤਪੁਰ ਫੇਰੀ ਦੌਰਾਨ ਬਿਆਨ ਦਿੰਦਿਆਂ ਅੰਮ੍ਰਿਤਪਾਲ ਦੇ ਬਿਆਨ ਨੂੰ ਖਤਰਨਾਕ ਕਰਾਰ ਦਿੱਤਾ ਹੈ।
ਦੱਸ ਦਈਏ ਕਿ ਇਹ ਵੀਡੀਓ ਸਮਾਨ ਦਾਅਵੇ ਨਾਲ ਪਹਿਲੀ ਵਾਰ ਵਾਇਰਲ ਨਹੀਂ ਹੋਇਆ ਹੈ। ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਪੜਤਾਲ ਇਸ ਸਾਲ ਅਪ੍ਰੈਲ 'ਚ ਵੀ ਕੀਤੀ ਸੀ। ਸਾਡੀ ਪਿਛਲੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਪਾਇਆ ਕਿ ਯੂਜ਼ਰਸ ਅਸ਼ੋਕ ਗਹਿਲੋਤ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।